ਪੁਲੀ ਨਾਲ ਟਕਰਾਕੇ ਕਾਰ ਗੰਦੇ ਨਾਲੇ 'ਚ ਡਿੱਗੀ, ਕਾਰ ਸਵਾਰ ਚਾਰ ਨੌਜਵਾਨ ਜਖਮੀ

Last Updated: Mar 14 2018 20:37

ਨਜ਼ਦੀਕੀ ਪਿੰਡ ਈਸੜੂ ਕੋਲ ਸੜਕ 'ਤੇ ਡਿਵਾਈਵਰ ਦੇ ਨਾਲ ਟਕਰਾਕੇ ਤੇਜ਼ ਰਫਤਾਰ ਗੰਦੇ ਨਾਲੇ ਦੀ ਪੁਲੀ ਵਾਲੀ ਦੀਵਾਰ ਨੂੰ ਤੋੜਦੇ ਹੋਏ ਨਾਲੇ 'ਚ ਜਾ ਡਿੱਗੀ। ਹਾਦਸੇ ਦੌਰਾਨ ਕਾਰ 'ਚ ਸਵਾਰ ਚਾਰ ਨੌਜਵਾਨ ਜਖਮੀ ਹੋ ਗਏ ਅਤੇ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਪਰ ਹਾਦਸੇ ਦੌਰਾਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹਾਦਸੇ ਸਬੰਧੀ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੇ ਪੁਲਿਸ ਚੌਂਕੀ ਈਸੜੂ ਦੇ ਇੰਚਾਰਜ ਏਐਸਆਈ ਬਲਵੀਰ ਸਿੰਘ ਨੇ ਪੁਲਿਸ ਮੁਲਾਜ਼ਮਾਂ ਨਾਲ ਮੌਕੇ 'ਤੇ ਪਹੁੰਚਕੇ ਜਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।

ਮਿਲੀ ਜਾਣਕਾਰੀ ਦੇ ਮੁਤਾਬਕ ਮਲੇਰਕੋਟਲਾ ਦੇ ਰਹਿਣ ਵਾਲੇ ਚਾਰ ਨੌਜਵਾਨ ਮਨਪ੍ਰੀਤ ਸਿੰਘ, ਅੰਮ੍ਰਿਤ ਸਿੰਘ, ਗੁਰਦੀਪ ਸਿੰਘ ਅਤੇ ਕਾਲਾ ਬੁਧਵਾਰ ਦੁਪਹਿਰ ਖੰਨਾ ਸ਼ਹਿਰ 'ਚ ਆਪਣਾ ਕੋਈ ਕੰਮ ਨਿਪਟਾਉਣ ਦੇ ਬਾਅਦ ਕਾਰ ਨੰ. ਪੀਬੀ-13 ਏਐਕਸ-8226 ਵਿੱਚ ਸਵਾਰ ਹੋਕੇ ਖੰਨਾ ਤੋਂ ਵਾਪਸ ਮਲੇਰਕੋਟਲਾ ਨੂੰ ਜਾ ਰਹੇ ਸਨ। ਜਦੋਂ ਉਹ ਨਜ਼ਦੀਕੀ ਪਿੰਡ ਈਸੜੂ ਕੋਲ ਪਹੁੰਚੇ ਤਾਂ ਕਾਰ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਤੇਜ਼ ਰਫਤਾਰ ਕਾਰ ਸੜਕ ਕਿਨਾਰੇ ਪੁਲੀ ਦੀ ਦੀਵਾਰ ਨਾਲ ਟਕਰਾ ਗਈ ਤੇ ਪੁਲੀ ਨੂੰ ਤੋੜਕੇ ਗੰਦੇ ਨਾਲੇ ਦੀ ਡਿੱਗਕੇ ਪਲਟ ਗਈ। ਕਾਰ ਨੂੰ ਨਾਲੇ ਡਿੱਗਦੇ ਦੇਖਕੇ ਇਕੱਠੇ ਹੋਏ ਰਾਹਗੀਰਾਂ ਨੇ ਕਾਰ ਸਵਾਰਾਂ ਨੂੰ ਬਾਹਰ ਕੱਢਦੇ ਹੋਏ ਈਸੜੂ ਚੌਂਕੀ ਪੁਲਿਸ ਨੂੰ ਸੂਚਨਾ ਦਿੱਤੀ। ਹਾਦਸੇ ਦੌਰਾਨ ਦੀਵਾਰ ਨਾਲ ਟਕਰਾਉਣ ਤੋਂ ਬਾਅਦ ਨਾਲੇ ਵਿੱਚ ਡਿੱਗਣ ਨਾਲ ਕਾਰ ਦਾ ਕਾਫੀ ਨੁਕਸਾਨ ਹੋ ਗਿਆ।

ਹਾਦਸੇ ਸਬੰਧੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਚੌਂਕੀ ਇੰਚਾਰਜ ਏਐਸਆਈ ਬਲਵੀਰ ਸਿੰਘ ਪੁਲਿਸ ਮੁਲਾਜ਼ਮਾਂ ਨਾਲ ਹਾਦਸੇ ਵਾਲੀ ਥਾਂ ਪਹੁੰਚੇ ਅਤੇ ਜਖਮੀਆਂ ਹਸਪਤਾਲ ਲਿਜਾ ਕੇ ਫਸਟ ਏਡ ਦਿਵਾਈ ਗਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਾਦਸੇ ਸਬੰਧੀ ਸੂਚਨਾ ਦਿੱਤੀ। ਹਾਦਸੇ ਦੀ ਸੂਚਨਾ ਮਿਲਣ ਦੇ ਬਾਅਦ ਕਾਰ ਸਵਾਰ ਨੌਜਵਾਨਾਂ ਦੇ ਮਲੇਰਕੋਟਲਾ ਤੋਂ ਖੰਨਾ ਪਹੁੰਚਣ ਮਗਰੋਂ ਜਖਮੀ ਨੌਜਵਾਨਾਂ ਨੂੰ ਆਪਣੇ ਨਾਲ ਵਾਪਸ ਮਲੇਰਕੋਟਰਲਾ ਲੈ ਗਏ। ਪੁਲਿਸ ਨੇ ਹਾਦਸੇ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।