ਬੈਂਸ ਬ੍ਰਦਰ ਨੇ ਵਿਧਾਇਕ ਜੋਗਿੰਦਰ ਪਾਲ 'ਤੇ ਲਗਾਏ ਆਰੋਪ

Last Updated: Mar 14 2018 20:14

ਸੂਬੇ 'ਚ ਕਾਂਗਰਸ ਦੀ ਸਰਕਾਰ ਬਣੇ ਇੱਕ ਸਾਲ ਦਾ ਸਮਾਂ ਹੋਣ ਜਾ ਰਿਹਾ ਹੈ, ਜਿਸਦੇ ਚਲਦੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸੂਬਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਸੂਬਾ ਸਰਕਾਰ ਨੂੰ ਉਹਨਾਂ ਵੱਲੋਂ ਕੀਤੇ ਵਾਅਦਿਆਂ ਦੇ ਨਾਲ-ਨਾਲ ਸਰਕਾਰ ਦੇ ਵਿਧਾਇਕਾਂ 'ਤੇ ਅਰੋਪ ਲਗਾਏ ਜਾ ਰਹੇ ਹਨ। ਜਿਸਦੇ ਚੱਲਦੇ ਬੈਂਸ ਬ੍ਰਦਰ ਵੱਲੋਂ ਬੀਤੇ ਦਿਨੀਂ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੂੰ ਸਿਧੇ ਹੱਥੀਂ ਲੈਂਦੇ ਹੋਏ ਉਹਨਾਂ 'ਤੇ ਮਾਈਨਿੰਗ ਦੇ ਨਾਂ 'ਤੇ ਨਜਾਇਜ਼ ਵਸੂਲੀ ਕਰਨ ਦੇ ਅਰੋਪ ਲਗਾਏ ਗਏ ਸਨ। ਇਸ ਸਬੰਧੀ ਅੱਜ ਵਿਧਾਇਕ ਵੱਲੋਂ ਪੱਤਰਕਾਰਾਂ ਨਾਲ ਬੈਠਕ ਕਰਕੇ ਸਫਾਈ ਦਿੱਤੀ ਗਈ ਅਤੇ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਨੂੰ ਸਸਤੀ ਰੇਤ-ਬਜਰੀ ਦੇਣ ਦਾ ਵਾਅਦਾ ਕੀਤਾ ਸੀ। ਇਸਦੇ ਲਈ ਸੂਬਾ ਸਰਕਾਰ ਇਸ ਪਾਸੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੈਂਸ ਬ੍ਰਦਰ ਵੱਲੋਂ ਮੇਰੇ 'ਤੇ ਨਜਾਇਜ਼ ਵਸੂਲੀ ਦੇ ਅਰੋਪ ਲਗਾਏ ਗਏ ਹਨ, ਜੋ ਬਿਲਕੁਲ ਗਲਤ ਹਨ। ਉਨ੍ਹਾਂ ਕਿਹਾ ਕਿ ਬੈਂਸ ਬ੍ਰਦਰ ਵੱਲੋਂ ਜੋ ਅਰੋਪ ਲਗਾਏ ਗਏ ਹਨ, ਉਹ ਜਾਂ ਤਾਂ ਇਸਨੂੰ ਸਾਬਤ ਕਰਨ ਨਹੀਂ ਤਾਂ ਉਹ ਬੈਂਸ ਬ੍ਰਦਰ ਖਿਲਾਫ ਕੋਰਟ ਵਿੱਚ ਜਾਣਗੇ। ਉਨ੍ਹਾਂ ਮੁੱਖ ਮੰਤਰੀ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਸੂਬੇ 'ਚ ਜਲਦ ਮਾਈਨਿੰਗ ਪਾਲਿਸੀ ਨੂੰ ਹੁਲਾਰਾ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਮਹਿੰਗੇ ਰੇਟ 'ਤੇ ਮਿਲ ਰਹੀ ਰੇਤ-ਬਜਰੀ ਤੋਂ ਛੁਟਕਾਰਾ ਮਿਲ ਸਕੇ।