ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਕਿੱਤਾ ਸਿਖਲਾਈ ਦੀ ਹੈ ਮੁੱਖ ਲੋੜ: ਈਸ਼ਾ ਕਾਲੀਆ

Last Updated: Mar 14 2018 19:56

ਅਜੋਕੇ ਸਮੇਂ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਕਿੱਤਾ ਮੁਖੀ ਸਿਖਲਾਈ ਦੀ ਬਹੁਤ ਮਹੱਤਤਾ ਹੈ। ਬੇਰੁਜ਼ਗਾਰ ਨੌਜ਼ਵਾਨਾਂ ਨੂੰ ਸਰਕਾਰੀ ਨੌਕਰੀ ਦੇ ਪਿੱਛੇ ਭੱਜਣ ਦੀ ਬਜਾਏ ਤਕਨੀਕੀ ਸਿੱਖਿਆ ਹਾਸਿਲ ਕਰਕੇ ਸਵੈ-ਰੁਜ਼ਗਾਰ ਪੈਦਾ ਕਰਨਾ ਚਾਹੀਦਾ ਹੈ। ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਵਿਅਕਤੀਆਂ ਨੂੰ ਆਪਣੇ ਪੈਰਾਂ ਸਿਰ ਖੜ੍ਹੇ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਪਿੰਡ ਮੌਜਮ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕਰਵਾਏ ਗਏ ਇੱਕ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਿਟਕੋਣ ਵੱਲੋਂ ਬੇਰੁਜ਼ਗਾਰ ਲੜਕੀਆਂ ਨੂੰ ਆਪਣੇ ਪੈਰਾਂ ਸਿਰ ਖੜ੍ਹੇ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਵੈ ਰੁਜ਼ਗਾਰ ਪੈਦਾ ਕਰਨ ਲਈ ਵੱਖ-ਵੱਖ ਸੈਂਟਰ ਚਲਾਏ ਜਾ ਰਹੇ ਹਨ, ਜਿਸ ਵਿੱਚ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੈਂਟਰਾਂ ਤੋਂ ਸਿਖਲਾਈ ਹਾਸਿਲ ਕਰਕੇ ਬੇਰੁਜ਼ਗਾਰ ਵਿਅਕਤੀ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਦੇ ਹਨ ਤੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਟ੍ਰੇਨਿੰਗ ਪੂਰੀ ਕਰਨ ਉਪਰੰਤ ਸਰਕਾਰ ਵੱਲੋਂ ਸਵੈ-ਰੁਜ਼ਗਾਰ ਚਲਾਉਣ ਲਈ ਲੋਨ ਦੀ ਸੁਵਿਧਾ ਵੀ ਮਹੁੱਈਆ ਕਰਵਾਈ ਜਾਂਦੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਿਲਾਈ-ਕਢਾਈ ਦੀ ਸਿਖਲਾਈ ਪ੍ਰਾਪਤ ਕਰ ਚੁੱਕੀਆਂ 77 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ। ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਵਿੱਚ ਪਿੰਡ ਕਾਵਾਂ ਵਾਲੀ ਅਤੇ ਮੌਜਮ ਦੀਆਂ ਲੜਕੀਆਂ ਸ਼ਾਮਿਲ ਹਨ। ਵੰਡ ਕੀਤੀਆਂ ਗਈਆਂ ਸਿਲਾਈ ਮਸ਼ੀਨਾਂ ਯੂ.ਐਸ.ਏ. ਦੇ ਇੱਕ ਐਨ.ਆਰ.ਆਈ. ਪਰਿਵਾਰਕ ਮੈਂਬਰ ਮੈਡਮ ਗੀਤੂ ਵੱਲੋਂ ਆਪਣੇ ਸਤਿਕਾਰਯੋਗ ਦਾਦੀ ਸ਼ੀਲਾ ਬਾਘਲਾ ਦੀ ਯਾਦ ਵਿੱਚ ਦਾਨ ਕੀਤੀਆਂ ਗਈਆਂ। ਇਨ੍ਹਾਂ ਲੜਕੀਆਂ ਨੂੰ ਨਿਟਕੋਣ ਵੱਲੋਂ ਤਿੰਨ-ਤਿੰਨ ਮਹੀਨੇ ਦੀ ਮੁਫਤ ਟ੍ਰੇਨਿੰਗ ਮੈਡਮ ਨੀਤਾ ਰਾਣੀ ਅਤੇ ਮੈਡਮ ਰਕੇਸ਼ ਰਾਣੀ ਵੱਲੋਂ ਦਿੱਤੀ ਗਈ ਸੀ।