ਇਲਜ਼ਾਮ, ਚੋਰ ਦੇ ਸਮਾਨ ਸਣੇ ਇੱਕ ਗ੍ਰਿਫਤਾਰ

Last Updated: Mar 14 2018 19:19

ਚੌਂਕੀ ਮਾਡਲ ਟਾਊਨ ਪੁਲਿਸ ਨੇ ਲੀਲਾ ਭਵਨ ਚੌਂਕ ਵਿਖੇ ਸਥਿਤ ਮੁੱਖ ਡਾਕਖਾਨੇ ਵਿੱਚ ਚੋਰੀ ਕਰਨ ਦੇ ਇਲਜ਼ਾਮ ਵਿੱਚ ਇੱਕ ਵਿਅਕਤੀ ਨੂੰ ਚੋਰੀ ਦੇ ਸਮਾਨ ਸਣੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਅਵਤਾਰ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਟੈਲੀਫੋਨ ਐਕਸਚੇਂਜ਼ ਸਰਹੰਦ ਦੇ ਤੌਰ 'ਤੇ ਹੋਈ ਹੈ। 

ਪੁਲਿਸ ਚੌਂਕੀ ਮਾਡਲ ਟਾਊਨ ਦੇ ਇੰਚਾਰਜ ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਅਵਤਾਰ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਨੇ ਉਸਦੀ ਗ੍ਰਿਫਤਾਰੀ ਦੇ ਦੌਰਾਨ ਡਾਕਖਾਨੇ ਦੇ ਅੰਦਰੋਂ ਚੋਰੀ ਕੀਤੀਆਂ ਹੋਈਆਂ ਟੂਟੀਆਂ ਅਤੇ ਸੈਨੇਟਰੀ ਦਾ ਹੋਰ ਸਮਾਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਧਿਕਾਰੀ ਅਨੁਸਾਰ ਲੰਘੇ ਦਿਨ ਹੀ ਵੱਡੇ ਡਾਕਖਾਨੇ ਦੇ ਬਾਥਰੂਮਾਂ ਵਿੱਚੋਂ ਟੂਟੀਆਂ ਅਤੇ ਸੈਨੇਟਰੀ ਨਾਲ ਸਬੰਧਤ ਹੋਰ ਸਮਾਨ ਚੋਰੀ ਹੋ ਗਿਆ ਸੀ। 

ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਿਸ ਸਮੇਂ ਮੁਲਜਮ ਚੋਰੀ ਕਰਨ ਲਈ ਅੰਦਰ ਵੜਿਆ ਤਾਂ ਉਹ ਬਾਥਰੂਮਾਂ ਨੂੰ ਜਾਂਦੇ ਰਸਤਿਆਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਿਆ, ਜਿਸਦੇ ਅਧਾਰ 'ਤੇ ਪੁਲਿਸ ਨੇ ਅਵਤਾਰ ਸਿੰਘ ਦੀ ਪਹਿਚਾਣ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਇਹ ਮਾਮਲਾ ਸੀਨੀਅਰ ਪੋਸਟ ਮਾਸਟਰ ਉਜਾਗਰ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਸੀ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ।