ਜਮੀਨ 'ਤੇ ਕਬਜਾ ਕਰਨ ਦਾ ਸੀ ਇਲਜ਼ਾਮ, ਅਦਾਲਤ ਨੇ ਕੀਤਾ ਮੁਲਜ਼ਮ ਨੂੰ ਬਰੀ

Last Updated: Mar 14 2018 19:09

ਜੱਜ ਰਮਨਦੀਪ ਨੀਤੂ ਦੀ ਅਦਾਲਤ ਨੇ ਪਿੰਡ ਪੂਨੀਆਂ ਖ਼ਾਨਾਂ ਦੇ ਰਹਿਣ ਵਾਲੇ ਸਤਿੰਦਰ ਕੁਮਾਰ ਨੂੰ ਜਮੀਨ 'ਤੇ ਕਬਜਾ ਕਰਨ ਦੀ ਕੋਸ਼ਿਸ਼ ਕਰਨ ਦੇ ਇੱਕ ਮਾਮਲੇ ਵਿੱਚ ਉਸਦੇ ਖਿਲਾਫ਼ ਮਿਲੇ ਸਬੂਤਾਂ ਦੀ ਘਾਟ ਦੇ ਚਲਦਿਆਂ ਉਸਨੂੰ ਬਰੀ ਕਰ ਦਿੱਤਾ ਹੈ। ਮੁਕੱਦਮੇ ਦੇ ਟਰਾਇਲ ਦੇ ਦੌਰਾਨ ਸਰਕਾਰੀ ਧਿਰ ਸਤਦਿੰਰ ਕੁਮਾਰ 'ਤੇ ਲਗਾਏ ਕਿਸੇ ਵੀ ਇਲਜ਼ਾਮ ਨੂੰ ਸਾਬਤ ਕਰਨ ਵਿੱਚ ਬੁਰੀ ਤਰ੍ਹਾਂ ਨਾਲ ਨਾਕਾਮ ਰਹੀ, ਜਿਸਦੇ ਚਲਦਿਆਂ ਅਦਾਲਤ ਨੇ ਮੁਲਜ਼ਮ ਸ਼ੱਕ ਦਾ ਪੂਰਾ ਪੂਰਾ ਲਾਭ ਦਿੱਤਾ। 

ਅਦਾਲਤੀ ਫੈਸਲੇ ਅਨੁਸਾਰ ਥਾਣਾ ਸਦਰ ਪਟਿਆਲਾ ਪੁਲਿਸ ਨੇ ਸਤਿੰਦਰ ਕੁਮਾਰ ਦੇ ਖਿਲਾਫ਼ ਸਾਲ 2014 ਵਿੱਚ ਧਾਰਾ 447 ਅਤੇ 511 ਦੇ ਤਹਿਤ ਮੁਕੱਦਮਾ ਨੰਬਰ 120 ਦਰਜ ਕੀਤਾ ਸੀ। ਦਰਜ ਮੁਕੱਦਮੇ ਵਿੱਚ ਪੁਲਿਸ ਨੇ ਇਸੇ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਦੀ ਜਮੀਨ 'ਤੇ ਨਜਾਇਜ਼ ਕਬਜਾ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਸੀ। ਲੱਗਭਗ ਚਾਰ ਸਾਲ ਤੱਕ ਚੱਲੇ ਟਰਾਇਲ ਦੇ ਦੌਰਾਨ ਪੁਲਿਸ ਅਜਿਹਾ ਕੋਈ ਵੀ ਸਬੂਤ ਜਾਂ ਠੋਸ ਗਵਾਹ ਪੇਸ਼ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ, ਜਿਸਦੇ ਬਲਬੂਤੇ 'ਤੇ ਉਹ ਸਤਿੰਦਰ ਕੁਮਾਰ 'ਤੇ ਲਗਾਏ ਗਏ ਇਲਜ਼ਾਮਾਂ ਨੂੰ ਅਦਾਲਤ ਵਿੱਚ ਸੱਚ ਸਾਬਤ ਕਰ ਪਾਉਂਦੀ। ਲਿਹਾਜਾ ਅਦਾਲਤ ਨੇ ਬਚਾਓ ਪੱਖ ਦੇ ਵਕੀਲਾਂ ਕੁਲਦੀਪ ਸਿੰਘ ਜੋਸਨ ਅਤੇ ਜੱਸਪਾਲ ਸਿੰਘ ਜੱਸੀ ਦੀਆਂ ਦਲੀਲਾਂ ਨਾਲ ਸਹਿਮਤ ਹੋਣ ਦੇ ਨਾਲ-ਨਾਲ ਸਤਿੰਦਰ ਕੁਮਾਰ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ।