ਕੁਪੋਸ਼ਿਤ ਬੱਚਿਆਂ ਨੂੰ ਸੰਤੁਲਿਤ ਆਹਾਰ ਮੁਹੱਈਆ ਕਰਵਾਉਣ ਦੇ ਪਾਇਲਟ ਪ੍ਰੋਜੈਕਟ ਦੀ ਡੀ.ਸੀ ਨੇ ਕੀਤੀ ਸ਼ੁਰੂਆਤ

Last Updated: Mar 14 2018 19:06

ਆਂਗਨਵਾੜੀ ਸੈਂਟਰਾਂ 'ਚ ਪੜ੍ਹਾਈ ਕਰਨ ਵਾਲੇ ਕੁਪੋਸ਼ਣ ਦਾ ਸ਼ਿਕਾਰ ਬੱਚਿਆਂ ਦੀ ਸਿਹਤ ਸੁਧਾਰ ਸਬੰਧੀ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੇ ਵੱਖ-ਵੱਖ ਸਮਾਜ ਸੇਵਾ ਸੰਸਥਾਵਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਸੰਤੁਲਿਤ ਆਹਾਰ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਪਿੰਡ ਬ੍ਰਾਹਮਣ ਮਾਜਰਾ ਦੇ ਸਰਕਾਰੀ ਹਾਈ ਸਕੂਲ ਵਿਖੇ ਆਂਗਣਵਾੜੀ ਸੈਂਟਰ ਨੂੰ ਮਾਡਲ ਆਂਗਣਵਾੜੀ ਸੈਂਟਰ ਵਜੋਂ ਵਿਕਸਤ ਕਰਨ ਦੇ ਪਾਇਲਟ ਪ੍ਰੋਜੈਕਟ ਅਧੀਨ ਸੈਂਟਰ ਦੇ ਬੱਚਿਆਂ ਨੂੰ ਸੰਤੁਲਿਤ ਆਹਾਰ ਦੇਣ ਦੀ ਮੁਹਿੰਮ ਦੀ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਸ਼ੁਰੂਆਤ ਕਰਵਾਈ। ਡੀ.ਸੀ ਕੰਵਲਪ੍ਰੀਤ ਬਰਾੜ ਨੇ ਸੰਬੋਧਨ ਕਰਦੇ ਕਿਹਾ ਕਿ ਛੋਟੀ ਉਮਰ ਤੋਂ ਹੀ ਬੱਚਿਆਂ ਦੀ ਸਿਹਤ ਸੰਭਾਲ ਵੱਲ ਉਚੇਚਾ ਧਿਆਨ ਦੇਣਾ ਜ਼ਰੂਰੀ ਹੈ, ਕਿਉਂਕਿ ਚੰਗੀ ਸਿਹਤ ਵਾਲੇ ਬੱਚੇ ਹੀ ਵੱਡੇ ਹੋ ਕੇ ਜਿੰਦਗੀ ਵਿੱਚ ਸਫਲਤਾ ਹਾਸਿਲ ਕਰ ਸਕਦੇ ਹਨ। ਸਿਹਤਮੰਦ ਬੱਚੇ ਹੀ ਇੱਕ ਚੰਗੇ ਤੇ ਸਿਹਤਮੰਦ ਸਮਾਜ ਦੇ ਸਿਰਜਣਹਾਰ ਹੋ ਸਕਦੇ ਹਨ। ਇਸ ਲਈ ਕੁਪੋਸ਼ਿਤ ਦਾ ਸ਼ਿਕਾਰ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਦੀ ਸਿਹਤ ਦਾ ਖਿਆਲ ਰੱਖਣਾ ਸਾਡਾ ਸੱਭ ਦਾ ਸਾਂਝਾ ਫਰਜ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਿੰਡ ਬ੍ਰਾਹਮਣ ਮਾਜਰਾ ਦੇ ਬੱਚਿਆਂ ਦੀ ਸਿਹਤ ਦਾ ਜਨਰਲ ਚੈਕਅੱਪ ਕੀਤਾ ਗਿਆ, ਜਿਸ ਵਿੱਚ ਕੁੱਝ ਛੋਟੀ ਉਮਰ ਦੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਪਾਏ ਗਏ। ਇਨ੍ਹਾਂ ਕੁਪੋਸ਼ਿਤ 6 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਲਈ ਸੰਤੁਲਿਤ ਆਹਾਰ ਮੁਹੱਈਆ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਂਗਣਵਾੜੀ ਸੈਂਟਰ ਦੇ ਬੱਚਿਆਂ ਦਾ ਨਿਯਮਿਤ ਤੌਰ 'ਤੇ ਚੈਕਅੱਪ ਕੀਤਾ ਜਾਵੇ। ਇਸਤੋਂ ਇਲਾਵਾ ਬੱਚਿਆਂ ਦੇ ਹੈਲਥ ਕਾਰਡ ਬਣਾਏ ਜਾਣ, ਜਿਸ ਉੱਤੇ ਬੱਚੇ ਦੀ ਫੋਟੋ ਦੇ ਨਾਲ ਉਸਦਾ ਜਨਰਲ ਅਤੇ ਸਿਹਤ ਸਬੰਧੀ ਪੂਰਾ ਵੇਰਵਾ ਦਿੱਤਾ ਜਾਵੇ।