ਹੁਣ ਕੈਦੀਆਂ ਦੀ ਪੇਸ਼ੀ ਵੀਡੀਓ ਕਾਨਫ਼ਰੰਸ ਰਾਹੀਂ ਕਰਵਾਈ ਜਾ ਸਕੇਗੀ

Last Updated: Mar 14 2018 19:06

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਦੀ ਮੀਟਿੰਗ ਕਮੇਟੀ ਦੇ ਚੇਅਰਮੈਨ-ਕਮ ਜ਼ਿਲ੍ਹਾ ਤੇ ਸੈਸ਼ਨ ਜੱਜ ਐਸ.ਕੇ. ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਗੁਰਨਾਮ ਸਿੰਘ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਤ੍ਰਿਪਤਜੋਤ ਕੌਰ ਸੀ.ਜੇ.ਐਮ, ਵਿਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ, ਪ੍ਰੀਤਮ ਸਿੰਘ ਐਸ.ਐਸ.ਪੀ. ਫ਼ਿਰੋਜ਼ਪੁਰ, ਬਲਜਿੰਦਰ ਸਿੰਘ ਮਾਨ ਸੀ.ਜੇ.ਐਮ ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਤੌਰ ਮੈਂਬਰ ਸ਼ਾਮਲ ਹੋਏ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਐਸ.ਕੇ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਵਰਗ ਦੇ ਲੋਕਾਂ, ਘੱਟ ਆਮਦਨ ਵਾਲੇ ਗ਼ਰੀਬ ਲੋਕਾਂ, ਵਿਧਵਾ, ਯਤੀਮ ਬੱਚਿਆਂ, ਬੇਸਹਾਰਾ ਅਤੇ ਗ਼ਰੀਬੀ ਦੇ ਮਾਰੇ ਲੋਕਾਂ ਦੀ ਹਮੇਸ਼ਾਂ ਸਹਾਇਤਾ ਕੀਤੀ ਜਾਂਦੀ ਹੈ। ਇਨ੍ਹਾਂ ਵਰਗਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਉਣ ਲਈ ਸਮੇਂ-ਸਮੇਂ 'ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਾਗਰੁਕਤਾ ਪ੍ਰੋਗਰਾਮ ਕਰਵਾਕੇ ਲੋਕਾਂ ਨੂੰ ਜਾਗਰੁਕ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ। 

ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਜੇਲ੍ਹ ਅੰਦਰ ਸੁਚੱਜੇ ਪ੍ਰਬੰਧਾਂ ਨੂੰ ਲੈਕੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਜੇਲ੍ਹ ਸੁਪਰੀਡੈਂਟ ਨੂੰ ਕਿਹਾ ਕਿ ਕੈਦੀਆਂ ਨੂੰ ਜੇਲ੍ਹ ਅੰਦਰ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਦਾ ਚੈਕਅਪ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਪੇਸ਼ੀ ਮੌਕੇ ਆਉਣ ਵਾਲੇ ਕੈਦੀਆਂ ਨੂੰ ਸਮੇਂ ਸਿਰ ਲਿਆਂਦਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕੈਦੀਆਂ ਦੀ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਵੀ ਕਰਵਾਈ ਜਾ ਸਕਦੀ, ਜਿਸਦਾ ਅਦਾਲਤ ਵਿੱਚ ਵੀ ਯੋਗ ਪ੍ਰਬੰਧ ਹੈ। ਮੀਟਿੰਗ ਵਿੱਚ ਲੋਕ ਅਦਾਲਤਾਂ, ਨੈਸ਼ਨਲ ਲੋਕ ਅਦਾਲਤਾਂ, ਨਾਲਸਾ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਲੀਗਲ ਏਡ, ਪੈਰਾ-ਲੀਗਲ ਵਲੰਟੀਅਰ ਬਾਰੇ ਵਿਚਾਰ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੋਰਟਾਂ ਵਿੱਚ ਚੱਲ ਰਹੇ ਕੇਸਾਂ ਦਾ ਜਲਦੀ ਨਿਪਟਾਰਾ ਕਰਨ ਲਈ ਅਤੇ ਲੋਕਾਂ ਨੂੰ ਜਲਦੀ ਇਨਸਾਫ਼ ਦੇਣ ਲਈ ਲੋਕ ਅਦਾਲਤਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਨੂੰ ਕਿਹਾ ਕਿ ਜਿਹੜੇ ਕੇਸਾਂ ਵਿੱਚ ਰਾਜ਼ੀਨਾਮੇ ਦੀ ਗੁਜਾਇੰਸ਼ ਹੋਵੇ ਉਨ੍ਹਾਂ ਕੇਸਾਂ ਨੂੰ ਮਿਡੀਗੇਸ਼ਨ ਸੈਂਟਰ ਵਿਖੇ ਭੇਜਿਆ ਜਾਵੇ ਤਾਂ ਜੋ ਲੋਕ ਅਦਾਲਤੀ ਝਗੜੇ ਤੋਂ ਬਚ ਸਕਣ।