ਨਗਰ ਕੌਂਸਲ ਮੁਕਤਸਰ ਲਈ ਕੰਡਿਆਂ ਦੀ ਸੇਜ ਬਣ ਰਿਹਾ ਹੱਡਾ ਰੋੜੀ ਦਾ ਵਿਵਾਦ

Last Updated: Mar 14 2018 16:54

ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਨਾਲ ਵਿਵਾਦਾਂ ਦਾ ਰਿਸ਼ਤਾ ਘਿਓ ਖਿਚੜੀ ਵਾਲਾ ਬਣਿਆ ਹੋਇਆ ਹੈ। ਖਾਸ ਕਰ ਪਿਛਲੇ ਇੱਕ ਸਾਲ ਵਿੱਚ ਸੂਬੇ ਦੀ ਸਰਕਾਰ ਬਦਲਣ ਨਾਲ ਇਨ੍ਹਾਂ ਵਿਵਾਦਾਂ ਦੇ ਵਿੱਚ ਦਿਨੋਂ-ਦਿਨ ਕੋਈ ਨਵੀਂ ਕੜੀ ਜੁੜਦੀ ਜਾ ਰਹੀ ਹੈ। ਨਗਰ ਕੌਂਸਲ ਵਿੱਚ ਸੱਤਾ ਪਰਿਵਰਤਨ ਦੀਆਂ ਅਸਫਲ ਕੋਸ਼ਿਸ਼ਾਂ, ਸਿਰਫ ਦੋ ਕੌਂਸਲਰਾਂ ਵਾਲੀ ਕਾਂਗਰਸ ਪਾਰਟੀ ਦਾ ਉੱਪ ਪ੍ਰਧਾਨ ਦੇ ਅਹੁਦੇ 'ਤੇ ਕਾਬਜ ਹੋਣਾ, ਸਫਾਈ ਸਰਵੇਖਣ ਵਿੱਚ ਦੇਸ਼ ਦੇ ਸਭ ਤੋਂ ਗੰਦੇ ਸ਼ਹਿਰਾਂ ਵਿੱਚ ਸ਼ਾਮਿਲ ਹੋਣਾ, ਕਈ ਕਾਰਜ ਸਾਧਕ ਅਫਸਰਾਂ ਦੇ ਤਬਾਦਲੇ, ਜਾਇਦਾਦ ਦੇ ਘਪਲੇ ਦੇ ਇਲਜ਼ਾਮ ਆਦਿ ਕਈ ਵਿਵਾਦਾਂ ਨੇ ਪਿਛਲੇ ਇੱਕ ਸਾਲ ਅੰਦਰ ਨਗਰ ਕੌਂਸਲ ਵਿੱਚ ਕਾਫੀ ਉਥਲ ਪੁਥਲ ਕੀਤਾ ਹੈ। ਇਨ੍ਹਾਂ 'ਚੋਂ ਕਈ ਵਿਵਾਦ ਹੁਣ ਵੀ ਜਾਰੀ ਹਨ, ਪਰ ਇਸ ਸਮੇਂ ਜੋ ਵਿਵਾਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਹ ਹੈ ਨਗਰ ਕੌਂਸਲ ਅਧੀਨ ਆਉਂਦੀ ਹੱਡਾ ਰੋੜੀ ਦਾ ਵਿਵਾਦ, ਜੋ ਕਿ ਪਿਛਲੇ ਕਰੀਬ ਸੱਤ ਮਹੀਨੇ ਤੋਂ ਬਿਨਾ ਕਿਸੇ ਅਧਿਕਾਰਿਕ ਠੇਕੇ ਦੇ ਚੱਲ ਰਹੀ ਹੈ। ਇਸ ਹੱਡਾ ਰੋੜੀ ਦੀ ਬੋਲੀ ਕਰਨ ਦੀਆਂ ਹੁਣ ਤੱਕ ਚਾਰ ਕੋਸ਼ਿਸ਼ਾਂ ਨਾਕਾਮ ਹੋ ਚੁੱਕੀਆਂ ਹਨ। ਪਹਿਲਾਂ ਇਹ ਮਾਮਲਾ ਸਿਰਫ ਜੁਬਾਨੀ ਹਮਲਿਆਂ ਤੱਕ ਸੀਮਤ ਸੀ, ਪਰ ਹੁਣ 13 ਮਾਰਚ ਦੇ ਇੱਕ ਘਟਨਾਕ੍ਰਮ ਦੇ ਬਾਅਦ ਇਸ ਵਿੱਚ ਸਰੀਰਕ ਜਾਨਲੇਵਾ ਹਮਲੇ ਵੀ ਸ਼ਾਮਿਲ ਹੋਣ ਦੇ ਇਲਜ਼ਾਮ ਲੱਗ ਗਏ ਹਨ।

ਦਰਅਸਲ ਬੀਤੇ ਦਿਨ ਨਗਰ ਕੌਂਸਲ ਵੱਲੋਂ ਇਸ ਹੱਡਾ ਰੋੜੀ ਨੂੰ ਠੇਕੇ 'ਤੇ ਦੇਣ ਲਈ ਚੌਥੀ ਵਾਰ ਬੋਲੀ ਰੱਖੀ ਗਈ ਸੀ। ਇਹ ਬੋਲੀ ਭਾਵੇਂ ਪਿਛਲੀਆਂ ਤਿੰਨ ਬੋਲੀਆਂ ਵਾਂਗ ਅਧਿਕਾਰੀਆਂ ਦੇ ਨਹੀਂ ਪਹੁੰਚਣ 'ਤੇ ਰੱਦ ਹੋ ਗਈ, ਪਰ ਇਸ ਦੌਰਾਨ ਇੱਕ ਹੋਰ ਵੱਡੀ ਘਟਨਾ ਵਾਪਰ ਗਈ। ਇਸ ਬੋਲੀ ਵਿੱਚ ਆ ਰਿਹਾ ਇੱਕ ਬੋਲੀਕਾਰ ਮਹਿਮਾ ਸਿੰਘ (45) ਜਦੋਂ ਇੱਥੇ ਆ ਰਿਹਾ ਸੀ ਤਾਂ ਉਸਦੇ ਉੱਤੇ ਇੱਕ ਗੰਭੀਰ ਜਾਨਲੇਵਾ ਹਮਲਾ ਹੋਇਆ। ਉਸਦੇ ਪਰਿਵਾਰ ਦੇ ਬਿਆਨਾਂ ਦੇ ਵਿੱਚ ਉਨ੍ਹਾਂ ਵੱਲੋਂ ਇਸ ਹਮਲੇ ਦਾ ਸਾਰਾ ਇਲਜਾਮ ਇੱਕ ਮੌਜੂਦਾ ਕੌਂਸਲਰ 'ਤੇ ਲਾਇਆ ਗਿਆ ਹੈ। ਪਰਿਵਾਰ ਦੇ ਬਿਆਨਾਂ ਅਨੁਸਾਰ ਇਹ ਕੌਂਸਲਰ ਉਨ੍ਹਾਂ ਨੂੰ ਧਮਕੀ ਦੇਕੇ ਗਿਆ ਸੀ ਕਿ ਉਹ ਬੋਲੀ ਨਾ ਦੇਣ ਜਾਣ ਅਤੇ ਇਸੇ ਕਰਕੇ ਉਸਨੇ ਹਮਲਾ ਕੀਤਾ ਹੈ। ਦੂਜੇ ਪਾਸੇ ਇਸ ਕੌਂਸਲਰ ਨੇ ਸਾਰੇ ਦਾ ਸਾਰਾ ਇਲਜ਼ਾਮ ਮੌਜੂਦਾ ਪ੍ਰਧਾਨ ਅਤੇ ਅਕਾਲੀ ਆਗੂ ਹਰਪਾਲ ਸਿੰਘ ਬੇਦੀ 'ਤੇ ਲਗਾ ਦਿੱਤਾ ਹੈ ਕੇ ਉਹ ਉਸਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਰਪਾਲ ਸਿੰਘ ਬੇਦੀ ਦਾ ਕਹਿਣਾ ਹੈ ਕੇ ਇਹ ਲੋਕ ਧੱਕੇ ਨਾਲ ਹੱਡਾ ਰੋੜੀ 'ਤੇ ਕਬਜਾ ਕਰੀ ਬੈਠੇ ਹਨ ਅਤੇ ਹੁਣ ਰਾਜਨੀਤਿਕ ਦਬਾਅ ਬਣਾ ਕੇ ਬੋਲੀ ਵੀ ਨਹੀਂ ਹੋਣ ਦੇ ਰਹੇ ਹਨ।

ਦੋਸਤੋਂ, ਇਸ ਬੋਲੀ ਦੇ ਬਾਰੇ ਵਿੱਚ ਚਾਨਣਾ ਪਾਇਆ ਜਾਵੇ ਤਾਂ ਪਿਛਲੇ ਸਾਲ 15 ਸਤੰਬਰ ਨੂੰ ਇਸ ਹੱਡਾ ਰੋੜੀ ਦਾ ਠੇਕਾ ਖਤਮ ਹੋ ਗਿਆ ਸੀ। ਉਸ ਸਮੇਂ ਇਹ ਠੇਕਾ 2016 ਤੋਂ 2017 ਲਈ 3 ਲੱਖ 40 ਹਜ਼ਾਰ ਵਿੱਚ ਹੋਇਆ ਸੀ। ਇਸਦੇ ਬਾਅਦ ਹੁਣ ਤੱਕ ਨਗਰ ਕੌਂਸਲ ਵੱਲੋਂ ਚਾਰ ਵਾਰ ਇਹ ਬੋਲੀ ਕਰਨ ਦੀ ਕੋਸ਼ਿਸ਼ ਹੋਈ ਹੈ ਪਰ ਹਾਲੇ ਤੱਕ ਕੰਮ ਸਿਰੇ ਨਹੀਂ ਲੱਗਿਆ ਹੈ। ਪਹਿਲੀ ਵਾਰ 8 ਸਤੰਬਰ 2017 ਫਿਰ 27 ਅਕਤੂਬਰ 2017 ਉਸਦੇ ਬਾਅਦ 27 ਫਰਵਰੀ 2018 ਅਤੇ ਹੁਣ 13 ਮਾਰਚ 2018 ਨੂੰ ਇਹ ਬੋਲੀ ਦੀ ਕੋਸ਼ਿਸ਼ ਨਾਕਾਮ ਹੋ ਚੁੱਕੀ ਹੈ। ਨਗਰ ਕੌਂਸਲ ਦੇ ਅਨੁਸਾਰ ਇਸ ਕਾਰਨ ਉਨ੍ਹਾਂ ਨੂੰ ਲੱਖਾਂ ਦਾ ਘਾਟਾ ਹੋ ਰਿਹਾ ਹੈ। ਕੁੱਝ ਲੋਕਾਂ ਦੇ ਇਲਜ਼ਾਮਾਂ ਅਨੁਸਾਰ ਮੌਜੂਦਾ ਸਰਕਾਰ ਦੇ ਸਮਰਥਕ ਲੋਕਾਂ ਨੇ ਇਸ ਹੱਡਾ ਰੋੜੀ 'ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਬਿਨਾ ਪੈਸੇ ਭਰੇ ਹੀ ਉਹ ਇਸਨੂੰ ਵਰਤ ਰਹੇ ਹਨ ਅਤੇ ਇਸੇ ਕਾਰਨ ਹੀ ਰਾਜਨੀਤਿਕ ਦਬਾਅ ਵਿੱਚ ਬੋਲੀ ਨਹੀਂ ਹੋ ਰਹੀ ਹੈ।

ਦੱਸਣਯੋਗ ਹੈ ਕੇ ਮੁਕਤਸਰ ਕੌਂਸਲ ਦੇ ਵਿੱਚ ਕਈ ਮੌਕੇ ਅਜਿਹੇ ਆਏ ਹਨ, ਜਦੋਂ ਕਿ ਅਕਾਲੀ ਦਲ ਅਤੇ ਸੂਬੇ ਦੀ ਸੱਤਾ 'ਤੇ ਕਾਬਜ ਕਾਂਗਰਸੀ ਆਗੂ ਇੱਕ ਦੂਜੇ ਦੇ ਆਹਮਣੇ-ਸਾਹਮਣੇ ਹੋਏ ਹਨ। ਇਸ ਸਮੇਂ ਵੀ ਹਾਲਾਤਾਂ ਨੂੰ ਕੁੱਝ ਅਜਿਹਾ ਹੀ ਦੱਸਿਆ ਜਾ ਰਿਹਾ ਹੈ ਅਤੇ ਸਾਰਾ ਮਾਮਲਾ ਰਾਜਨੀਤਿਕ ਖੁੰਦਕਾਂ ਦਾ ਹੀ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਲੱਗੇ ਜਾਨਲੇਵਾ ਹਮਲੇ ਦੇ ਇਲਜ਼ਾਮ ਕਿੰਨੇ ਸੱਚੇ ਤੇ ਕਿੰਨੇ ਝੂਠੇ ਹਨ, ਇਸਦਾ ਨਿਬੇੜਾ ਪੁਲਿਸ ਅਤੇ ਅਦਾਲਤ ਵੱਲੋਂ ਕੀਤਾ ਜਾਣਾ ਹੈ। ਫਿਲਹਾਲ ਹੁਣ ਵੇਖਣਯੋਗ ਹੋਵੇਗਾ ਕੇ ਇਹ ਮਸਲਾ ਕਿੰਨੀ ਜਲਦੀ ਖਤਮ ਹੁੰਦਾ ਹੈ, ਕਿਉਂਕਿ ਜਿਸ ਤਰ੍ਹਾਂ ਨਾਲ ਇਹ ਵਿਵਾਦ ਦਿਨੋਂ-ਦਿਨ ਉਲਝ ਰਿਹਾ ਹੈ, ਉਸਨੂੰ ਵੇਖ ਕੇ ਲੱਗਦਾ ਹੈ ਕੇ ਕੋਈ ਸਾਰਥਕ ਹੱਲ ਨਾ ਨਿਕਲਣ ਦੀ ਸੂਰਤ ਵਿੱਚ ਇਹ ਮਾਮਲਾ ਹੋਰ ਵੀ ਉਲਝ ਸਕਦਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।