...ਆਖਰਕਾਰ ਪੁਲਿਸ ਹੱਥੇ ਚੜ ਹੀ ਗਿਆ ਪੀ.ਯੂ. ਚੰਡੀਗੜ੍ਹ 'ਚ ਵਿਦਿਆਰਥੀਆਂ ਨੂੰ ਹੈਰੋਇਨ ਸਪਲਾਈ ਕਰਨ ਵਾਲਾ.!!!

Last Updated: Mar 14 2018 16:25

ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੀ ਟੀਮ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਵਾਨੀ ਨੂੰ ਬਰਬਾਦ ਕਰਨ ਵਾਲੇ ਸਮਗਲਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਉਕਤ ਸਮਗਲਰ ਦੇ ਕਬਜ਼ੇ ਵਿੱਚੋਂ ਇੱਕ ਕਾਰ, ਹੈਰੋਇਨ ਅਤੇ ਇੱਕ ਪਾਕਿਸਤਾਨੀ ਸਿੰਮ ਬਰਾਮਦ ਹੋਈ ਹੈ। ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਫ਼ਿਰੋਜ਼ਪੁਰ ਨਰਿੰਦਰਪਾਲ ਸਿੰਘ ਸਿੱਧੂ ਨੇ ਦਾਅਵਾ ਕਰਦਿਆਂ ਦੱਸਿਆ ਕਿ ਫ਼ਿਰੋਜ਼ਪੁਰ ਦੇ ਪਿੰਡ ਨਿਹਾਲਾ ਕਿਲਚਾ ਦੇ ਵਸਨੀਕ ਸੰਦੀਪ ਸਿੰਘ ਉਰਫ਼ ਬੰਟੀ ਪੁੱਤਰ ਜਗਤਾਰ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਚੰਡੀਗੜ੍ਹ ਵਿਖੇ ਪੀਜੀ ਲੈ ਕੇ ਰਹਿ ਰਿਹਾ ਸੀ ਅਤੇ ਇਸ ਨੇ ਚੰਡੀਗੜ੍ਹ ਵਿੱਚ ਹੀ ਆਪਣਾ ਇੱਕ ਗਿਰੋਹ ਬਣਾਇਆ ਹੋਇਆ ਸੀ, ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਨਸ਼ਾ ਸਪਲਾਈ ਕਰਦਾ ਸੀ।

ਏਆਈਜੀ ਨੇ ਦਾਅਵਾ ਕਰਦਿਆਂ ਦੱਸਿਆ ਕਿ ਸੰਦੀਪ ਸਿੰਘ ਦੇ 4-5 ਚੰਡੀਗੜ੍ਹ ਦੇ ਸਾਥੀ ਸਨ, ਜੋ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਹੈਰੋਇਨ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਸੰਦੀਪ ਸਰਹੱਦੀ ਜ਼ਿਲ੍ਹੇ ਦਾ ਹੋਣ ਕਰਕੇ ਇਸ ਦਾ ਸੰਪਰਕ ਪਾਕਿਸਤਾਨੀ ਸਮਗਲਰਾਂ ਨਾਲ ਵੀ ਸੀ, ਉਕਤ ਸੰਦੀਪ ਸਿੰਘ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਫ਼ਿਰੋਜ਼ਪੁਰ ਤੋਂ ਇਲਾਵਾ ਹੋਰ ਕਈ ਜ਼ਿਲ੍ਹਿਆਂ ਵਿੱਚ ਸਪਲਾਈ ਵੀ ਕਰਦਾ ਸੀ। ਏਆਈਜੀ ਨੇ ਦਾਅਵਾ ਕਰਦਿਆਂ ਦੱਸਿਆ ਕਿ ਸੰਦੀਪ ਸਿੰਘ ਦੇ ਚੰਡੀਗੜ੍ਹ ਵਿੱਚ ਛੁਪੇ ਹੋਣ ਦੀ ਜਾਣਕਾਰੀ ਉਨ੍ਹਾਂ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਦਿੱਤੀ ਸੀ। ਸੂਚਨਾ ਮਿਲਦਿਆਂ ਹੀ ਬੀਤੇ ਦਿਨ ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੀ ਟੀਮ ਨੇ ਚੰਡੀਗੜ੍ਹ ਪੁਲਿਸ ਨੂੰ ਨਾਲ ਲੈ ਕੇ ਸੈਕਟਰ 15 ਚੰਡੀਗੜ੍ਹ ਦੀ ਮਾਰਕੀਟ ਵਿੱਚੋਂ ਸੰਦੀਪ ਸਿੰਘ ਸਮੇਤ ਕਾਰ ਪੋਲੋ ਨੰਬਰ ਪੀਬੀ 29 ਕਿਊ 7345 ਸਮੇਤ ਗ੍ਰਿਫ਼ਤਾਰ ਕੀਤਾ।

ਏਆਈਜੀ ਨੇ ਦਾਅਵਾ ਕੀਤਾ ਕਿ ਸੰਦੀਪ ਸਿੰਘ ਦੇ ਕਬਜ਼ੇ ਵਿੱਚੋਂ 340 ਗ੍ਰਾਮ ਹੈਰੋਇਨ ਅਤੇ ਇੱਕ ਪਾਕਿਸਤਾਨੀ ਮੋਬਾਈਲ ਸਿੰਮ ਕਾਰਡ ਬਰਾਮਦ ਹੋਇਆ ਹੈ। ਏਆਈਜੀ ਨੇ ਦੱਸਿਆ ਕਿ ਫੜਿਆ ਗਿਆ ਸਮਗਲਰ ਸੰਦੀਪ ਸਿੰਘ ਉਰਫ਼ ਬੰਟੀ ਪੁੱਤਰ ਜਗਤਾਰ ਸਿੰਘ ਵਾਸੀ ਨਿਹਾਲਾ ਕਿਲਚਾ, ਥਾਣਾ ਸਦਰ ਫ਼ਿਰੋਜ਼ਪੁਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਖਿਲਾਫ 30 ਨਵੰਬਰ 2017 ਨੂੰ ਅ/ਧ 18, 21, 25, 29, 61, 85 ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰਕੇ ਸੰਦੀਪ ਸਿੰਘ ਦੇ ਘਰੋਂ 3 ਕਿਲੋਗ੍ਰਾਮ ਹੈਰੋਇਨ ਅਤੇ 200 ਗ੍ਰਾਮ ਅਫ਼ੀਮ ਬਰਾਮਦ ਕੀਤੀ ਸੀ। ਉਸ ਵਕਤ ਸੰਦੀਪ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ ਅਤੇ ਉਕਤ ਕੇਸ ਵਿੱਚੋਂ ਸੰਦੀਪ ਭਗੌੜਾ ਹੋ ਗਿਆ, ਜਿਸ ਦੀ ਫ਼ਿਰੋਜ਼ਪੁਰ ਪੁਲਿਸ ਨੂੰ ਤਲਾਸ਼ ਸੀ। ਏਆਈਜੀ ਨੇ ਦੱਸਿਆ ਕਿ ਦੋਸ਼ੀ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।