ਟ੍ਰੈਫਿਕ ਵਿਵਸਥਾ ਦੇ ਸੁਧਾਰ ਲਈ ਵਿੱਢੀ ਵੱਖਰੀ ਮੁਹਿੰਮ, ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਨੂੰ ਭੇਂਟ ਕੀਤਾ ਜਾਵੇਗਾ ਗੁਲਾਬ

Last Updated: Mar 14 2018 13:40

ਅਬੋਹਰ ਸ਼ਹਿਰ ਦੀ ਦਿਨੋਂ ਦਿਨ ਵਿਗੜਦੀ ਜਾ ਰਹੀ ਟ੍ਰੈਫਿਕ ਵਿਵਸਥਾ ਨੂੰ ਵੇਖਦੇ ਹੋਏ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਅਬੋਹਰ ਵਿਕਾਸ ਮੰਚ ਨੇ ਇੱਕ ਵੱਖਰੇ ਢੰਗ ਨਾਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਇੱਕ ਮੁਹਿੰਮ ਛੇੜੀ ਹੈ। ਇਸ ਮੁਹਿੰਮ 'ਚ ਮੰਚ ਦੇ ਮੈਂਬਰਾਂ ਅਤੇ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਨਿਯਮਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਅਬੋਹਰ ਵਿਕਾਸ ਮੰਚ ਦੇ ਸਰਪ੍ਰਸਤ ਗਗਨ ਚੁਘ, ਹੈਪੀ ਮਨੋਚਾ, ਤੇਜਿੰਦਰ ਸਿੰਘ ਖ਼ਾਲਸਾ, ਸਾਬਕਾ ਜ਼ਿਲ੍ਹਾ ਸਕਾਊਟ ਕਮਿਸ਼ਨਰ ਦਰਸ਼ਨ ਲਾਲ ਚੁੱਘ, ਨਗਰ ਥਾਣਾ ਨੰਬਰ 1 ਦੇ ਮੁਖੀ ਪਰਮਜੀਤ ਸਿੰਘ, ਟ੍ਰੈਫਿਕ ਪੁਲਿਸ ਦੇ ਕਰਮਚਾਰੀ, ਬ੍ਰਹਮਰਿਸ਼ੀ ਮਿਸ਼ਨ ਸਕੂਲ ਦੇ 9ਵੀਂ ਜਮਾਤ ਦੇ ਵਿਦਿਆਰਥੀ ਅਤੇ ਅਧਿਆਪਕਾਵਾਂ ਰੇਨੂ ਭਾਟੀਆ ਅਤੇ ਰੇਨੂ ਸ਼ਰਮਾ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਸਮਝਾਉਂਦੇ ਹੋਏ ਵਾਹਨ ਚਾਲਕਾਂ ਨੂੰ ਗੁਲਾਬ ਦੇ ਫੁੱਲ ਵੀ ਭੇਂਟ ਕੀਤੇ।

ਜਾਣਕਾਰੀ ਦਿੰਦੇ ਹੋਏ ਦਰਸ਼ਨ ਲਾਲ ਚੁੱਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਮੁਹਿੰਮ ਵਿੱਢ ਕੇ ਲੋਕਾਂ ਨੂੰ ਟ੍ਰੈਫਿਕ ਨਿਯਮ ਦਾ ਪਾਲਣ ਕਰਨ ਦੇ ਫ਼ਾਇਦੇ ਅਤੇ ਤੋੜਣ 'ਤੇ ਹੋਣ ਵਾਲੇ ਨੁਕਸਾਨ ਬਾਰੇ ਸਮਝਾਇਆ ਹੈ। ਪ੍ਰਸ਼ਾਸਨ ਵੱਲੋਂ ਟ੍ਰੈਫਿਕ ਵਿਵਸਥਾ 'ਚ ਸੁਧਾਰ ਲਈ ਸੜਕਾਂ ਦੇ ਆਸੇ-ਪਾਸੇ ਲਗਾਈ ਜਾ ਰਹੀ ਪੀਲੀ ਪੱਟੀ ਤੋਂ ਬਾਅਦ ਕੋਈ ਵੀ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਦੇ ਵਿਰੁੱਧ ਨਿਯਮ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਟ੍ਰੈਫਿਕ ਵਿਵਸਥਾ ਦੇ ਸੁਧਾਰ ਲਈ ਸ਼ੁਰੂ ਕੀਤੀ ਗਈ ਇਸ ਮੁਹਿੰਮ 'ਚ ਆਪਣਾ ਸਾਥ ਦੇਣ ਦੀ ਅਪੀਲ ਕੀਤੀ ਹੈ।