ਪਲੱਸ ਪੋਲਿਓ ਮੁਹਿੰਮ ਦੌਰਾਨ 59893 ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲਿਓ ਰੋਧਕ ਬੂੰਦਾਂ : ਡਾ. ਸੋਢੀ

Jatinder Singh
Last Updated: Mar 14 2018 12:47

ਪੋਲਿਓ ਦੇ ਖਾਤਮੇ ਸਬੰਧੀ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਧਕ ਬੂੰਦਾਂ ਪਿਲਾਉਣ ਸਬੰਧੀ ਸ਼ੁਰੂ ਕੀਤੀ ਗਈ ਤਿੰਨ ਰੋਜ਼ਾ ਪਲੱਸ ਪੋਲਿਓ ਮੁਹਿੰਮ ਸਮਾਪਤ ਹੋ ਗਈ। ਤਿੰਨ ਦਿਨ ਚੱਲੀ ਇਸ ਪਲੱਸ ਪੋਲਿਓ ਮੁਹਿੰਮ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ 0 ਤੋਂ 5 ਸਾਲ ਤੱਕ ਦੇ ਕੁੱਲ 59893 ਬੱਚਿਆਂ ਨੂੰ ਪੋਲਿਓ ਰੱਖਿਅਕ ਬੂੰਦਾਂ ਪਿਲਾਈਆਂ ਗਈਆਂ।

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ ਨੇ ਉਪਰੋਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੇ 323 ਪੋਲਿਓ ਬੂਥ ਲਗਾ ਕੇ ਮੁਹਿੰਮ ਦੇ ਪਹਿਲੇ ਦਿਨ 29078 ਬੱਚਿਆਂ ਨੂੰ ਪੋਲਿਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਜਦਕਿ ਮੁਹਿੰਮ ਦੇ ਦੂਸਰੇ ਦਿਨ 18505 ਬੱਚਿਆਂ ਨੂੰ ਅਤੇ ਆਖਰੀ ਦਿਨ 12310 ਬੱਚਿਆਂ ਨੂੰ ਡੋਰ-ਟੂ-ਡੋਰ ਜਾ ਕੇ ਪੋਲੀਓ ਰੱਖਿਅਕ ਬੂੰਦਾਂ ਪਿਲਾਈਆਂ ਗਈਆਂ ਹਨ।

ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਪ੍ਰਸ਼ੋਤਮ ਦਾਸ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਤੋਂ ਸਹਾਇਕ ਸਿਵਲ ਸਰਜਨ ਡਾ. ਕ੍ਰਿਪਾਲ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸ਼ੈਲੀ ਜੇਤਲੀ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਨਵਜੋਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ, ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਸੁਦਰਸ਼ਨ ਕੌਰ ਅਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਰਾਜੇਸ਼ ਕੁਮਾਰ ਅਤੇ ਸਟੇਟ ਪੱਧਰ ਤੋਂ ਵਿਸ਼ਵ ਸਿਹਤ ਸੰਸਥਾ ਦੇ ਸਰਵੇਲੈਂਸ ਮੈਡੀਕਲ ਅਫ਼ਸਰ ਡਾ. ਵਿਕਰਮ ਗੁਪਤਾ ਵੱਲੋਂ ਪੋਲਿਓ ਮੁਹਿੰਮ ਦਾ ਨਿਰੀਖਣ ਕੀਤਾ ਗਿਆ ਹੈ।