ਗੈਰ ਕਾਨੂੰਨੀ ਮਾਈਨਿੰਗ ਦਾ ਦਾਅਵਾ, ਤਿੰਨ ਟਰੈਕਟਰ-ਟਰਾਲੀ ਸਮੇਤ ਦੋ ਵਿਅਕਤੀ ਕਾਬੂ, ਇੱਕ ਫ਼ਰਾਰ

Last Updated: Mar 14 2018 12:42

ਜ਼ਿਲ੍ਹਾ ਫ਼ਾਜ਼ਿਲਕਾ ਦੇ ਪੁਲਿਸ ਥਾਣਾ ਜਲਾਲਾਬਾਦ ਨੇ ਦਾਅਵਾ ਕੀਤਾ ਕਿ ਗੈਰ ਕਾਨੂੰਨੀ ਮਾਈਨਿੰਗ ਖ਼ਿਲਾਫ਼ ਸ਼ੁਰੂ ਕੀਤੀ ਗਾਈ ਮੁਹਿੰਮ ਤਹਿਤ ਰੇਤ ਨਾਲ ਭਰੀਆਂ ਤਿੰਨ ਟਰੈਕਟਰ-ਟਰਾਲੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਦਕਿ ਇੱਕ ਫ਼ਰਾਰ ਹੋਣ 'ਚ ਕਾਮਯਾਬ ਰਿਹਾ। ਇਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਗੈਰ ਕਾਨੂੰਨੀ ਮਾਈਨਿੰਗ ਖ਼ਿਲਾਫ਼ ਪੁਲਿਸ ਵੱਲੋਂ ਸਖ਼ਤੀ ਵਰਤੀ ਜਾਣੀ ਸ਼ੁਰੂ ਕੀਤੀ ਗਈ ਹੈ, ਇਸੇ ਤਹਿਤ ਥਾਣਾ ਸਦਰ ਜਲਾਲਾਬਾਦ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਮੁਖ਼ਬਰ ਖ਼ਾਸ ਤੋਂ ਮਿਲੀ ਸੂਚਨਾ 'ਤੇ ਪਿੰਡ ਦੰਡੀ ਖ਼ੁਰਦ ਨਜਦੀਕ ਨਾਕਾਬੰਦੀ ਕਰਕੇ ਰੇਤੇ ਨਾਲ ਭਰੀ ਟਰੈਕਟਰ-ਟਰਾਲੀ ਬਰਾਮਦ ਹੋਈ ਹੈ, ਇਸਦਾ ਚਾਲਕ ਜਿਸਦੀ ਪਹਿਚਾਣ ਗੁਰਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਢਾਣੀ ਫੁਲਾ ਸਿੰਘ ਵਜੋਂ ਹੋਈ ਹੈ, ਮੌਕੇ ਤੋਂ ਫ਼ਰਾਰ ਹੋਣ 'ਚ ਕਾਮਯਾਬ ਰਿਹਾ।

ਪੁਲਿਸ ਦਾਅਵੇ ਅਨੁਸਾਰ ਪਿੰਡ ਜੈਮਲ ਵਾਲਾ ਕੋਲ ਨਾਕਾਬੰਦੀ ਦੌਰਾਨ ਰੇਤੇ ਨਾਲ ਭਰੀ ਟਰੈਕਟਰ-ਟਰਾਲਾ ਲੈ ਕੇ ਪਹੁੰਚੇ ਸਤਨਾਮ ਸਿੰਘ ਪੁੱਤਰ ਮਹਾਂ ਸਿੰਘ ਵਾਸੀ ਸਿੰਘੇ ਵਾਲਾ ਸੈਣੀਆ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਪੁਲਿਸ ਟੀਮ ਨੇ ਲਾਲੀ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਚੱਕ ਸੁਹੇਲੇ ਵਾਲਾ ਨੂੰ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ ਤਹਿਤ ਦੌਰਾਨ ਨਾਕਾਬੰਦੀ ਟਰੈਕਟਰ-ਟਰਾਲੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾਅਵੇ ਅਨੁਸਾਰ ਇਨ੍ਹਾਂ ਖ਼ਿਲਾਫ਼ 379 ਧਾਰਾ ਤਹਿਤ ਅਤੇ 21 ਮਾਈਨਿੰਗ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ।