ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ 'ਚ 4 ਖ਼ਿਲਾਫ਼ ਪਰਚਾ ਦਰਜ

Last Updated: Mar 14 2018 12:40

ਪਿੰਡ ਬੰਡਾਲਾ ਪੁਰਾਣਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 11 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਥਾਣਾ ਜ਼ੀਰਾ ਸਦਰ ਪੁਲਿਸ ਨੇ 4 ਵਿਅਕਤੀਆਂ ਦੇ ਖ਼ਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਤਾਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਬੰਡਾਲਾ ਪੁਰਾਣਾ ਤਹਿ. ਜ਼ੀਰਾ ਫਿਰੋਜ਼ਪੁਰ ਨੇ ਦੱਸਿਆ ਕਿ ਉਸਦੇ ਲੜਕੇ ਸਤਿੰਦਰਪਾਲ ਸਿੰਘ ਨੇ ਕੈਨੇਡਾ ਜਾਣਾ ਸੀ ਅਤੇ ਉਹ ਕਿਸੇ ਚੰਗੇ ਏਜੰਟ ਦੀ ਤਲਾਸ਼ ਵਿੱਚ ਸਨ। ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦਾ ਮਿਲਾਪ ਗੁਰਸੇਵਕ ਸਿੰਘ, ਜੋਗਿੰਦਰ ਸਿੰਘ, ਸੁਖਜੀਤ ਸਿੰਘ ਅਤੇ ਰਣਜੀਤ ਸਿੰਘ ਵਾਸੀਅਨ ਬਾਹਮਕੇ ਜ਼ਿਲ੍ਹਾ ਮੋਗਾ ਨਾਲ ਹੋਇਆ।

ਜਿਨ੍ਹਾਂ ਨੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਕੈਨੇਡਾ ਵਿੱਚ ਉਨ੍ਹਾਂ ਦੇ ਕਾਫੀ ਲੋਕ ਜਾਣਕਾਰ ਹਨ ਅਤੇ ਕੁਝ ਹੀ ਦਿਨਾਂ ਵਿੱਚ ਉਹ ਸਤਿੰਦਰਪਾਲ ਸਿੰਘ ਦਾ ਵਰਕ ਪਰਮਿਟ ਵੀਜ਼ਾ ਲਗਵਾ ਕੇ ਉਸ ਨੂੰ ਕੈਨੇਡਾ ਭੇਜ ਦੇਣਗੇ। ਪ੍ਰਤਾਪ ਸਿੰਘ ਨੇ ਦੋਸ਼ ਲਗਾਇਆ ਕਿ ਉਹ ਉਕਤ ਚਾਰਾਂ ਵਿਅਕਤੀਆਂ ਦੇ ਝਾਂਸੇ ਵਿੱਚ ਆ ਗਿਆ ਅਤੇ ਆਪਣੇ ਲੜਕੇ ਨੂੰ ਕੈਨੇਡਾ ਭੇਜਣ ਵਾਸਤੇ ਵੀਜ਼ਾ ਲਗਾਉਣ ਲਈ ਉਕਤ ਵਿਅਕਤੀਆਂ ਨੂੰ 11 ਲੱਖ ਰੁਪਏ ਦੇ ਦਿੱਤੇ। ਪ੍ਰਤਾਪ ਸਿੰਘ ਨੇ ਦੋਸ਼ ਲਗਾਇਆ ਕਿ ਉਕਤ ਚਾਰੇ ਵਿਅਕਤੀਆਂ ਨੇ ਨਾ ਤਾਂ ਉਸ ਦੇ ਲੜਕੇ ਨੂੰ ਹੁਣ ਤੱਕ ਕੈਨੇਡਾ ਭੇਜਿਆ ਅਤੇ ਨਾ ਹੀ ਲਏ ਹੋਏ 11 ਲੱਖ ਰੁਪਏ ਵਾਪਸ ਕੀਤੇ ਹਨ।

ਇਸ ਤਰ੍ਹਾਂ ਕਰਕੇ ਉਨ੍ਹਾਂ ਦੇ ਨਾਲ ਕਥਿਤ ਰੂਪ ਵਿੱਚ ਉਕਤ ਲੋਕਾਂ ਨੇ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਵਣ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪ੍ਰਤਾਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਗੁਰਸੇਵਕ ਸਿੰਘ ਪੁੱਤਰ ਜੋਗਿੰਦਰ ਸਿੰਘ, ਜੋਗਿੰਦਰ ਸਿੰਘ ਪੁੱਤਰ ਬੁੱਢਾ ਸਿੰਘ, ਸੁਖਜੀਤ ਸਿੰਘ ਅਤੇ ਰਣਜੀਤ ਸਿੰਘ ਪੁੱਤਰਾਨ ਤਰਲੋਕ ਸਿੰਘ ਵਾਸੀਅਨ ਬਾਹਮਕੇ ਜ਼ਿਲ੍ਹਾ ਮੋਗਾ ਦੇ ਖ਼ਿਲਾਫ਼ 420, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਅਸਲ ਸੱਚ ਜਾਂਚ ਕਰਨ ਤੋਂ ਬਾਅਦ ਹੀ ਸਾਹਮਣੇ ਆਵੇਗਾ।