ਮੁਕਤਸਰ ਵਿੱਚ ਨਸ਼ਾ ਛੁਡਾਊ ਹਸਪਤਾਲਾਂ ਤੇ ਲੱਗੇ ਨਸ਼ਾ ਵੇਚਣ ਦੇ ਇਲਜ਼ਾਮ

Maninder Arora
Last Updated: Mar 14 2018 12:34

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਚੱਲ ਰਹੇ ਕੁਝ ਨਸ਼ਾ ਛੁਡਾਊ ਕੇਂਦਰਾਂ ਵਾਲੇ ਹਸਪਤਾਲਾਂ ਦੇ ਉੱਤੇ ਹੀ ਨਸ਼ਾ ਵੇਚਣ ਦੇ ਇਲਜ਼ਾਮ ਲੱਗੇ ਹਨ। ਸ਼ਹਿਰ ਦੇ ਕੁਝ ਸਮਾਜ ਸੇਵੀ ਲੋਕਾਂ ਵੱਲੋਂ ਇਹ ਮਾਮਲਾ ਸਿਹਤ ਵਿਭਾਗ ਅਤੇ ਵਧੀਕ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ ਦੇ ਧਿਆਨ ਵਿੱਚ ਲਿਆਉਂਦਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਕੁਝ ਹਸਪਤਾਲਾਂ ਤੇ ਇਲਜ਼ਾਮ ਲੱਗੇ ਹਨ ਕਿ ਇਹ ਹਸਪਤਾਲ ਬਿਨ੍ਹਾਂ ਮਰੀਜ਼ ਨੂੰ ਦਾਖਲ ਕੀਤੇ ਹੀ ਨਸ਼ੇ ਵਾਲੀ ਗੋਲੀ ਵੇਚ ਦਿੰਦੇ ਹਨ। ਜਾਣਕਾਰੀ ਅਨੁਸਾਰ ਨਸ਼ਾ ਛੱਡਣ ਆਏ ਮਰੀਜ਼ ਨੂੰ ਇੱਕ ਨਸ਼ੇ ਵਾਲੀ ਗੋਲੀ (ਬਰੂਫਨ) ਦੇ ਕੇ ਨਸ਼ਾ ਛੁਡਾਇਆ ਜਾਂਦਾ ਹੈ। ਉਜਾਗਰ ਹੋਏ ਇਸ ਮਾਮਲੇ ਅਨੁਸਾਰ ਕੁਝ ਨਸ਼ੇੜੀ ਹਸਪਤਾਲ ਵਿੱਚ ਆਉਂਦੇ ਹਨ ਅਤੇ ਘਰ ਲੈ ਜਾਣ ਲਈ ਇਨ੍ਹਾਂ ਗੋਲੀਆਂ ਦਾ ਇੱਕ ਮਹੀਨੇ ਦਾ ਕੋਟਾ ਇਕੱਠਾ ਹੀ ਲੈ ਜਾਂਦੇ ਹਨ।

ਇਲਜ਼ਾਮਾਂ ਅਨੁਸਾਰ ਇਨ੍ਹਾਂ ਹਸਪਤਾਲਾਂ ਵੱਲੋਂ 25 ਰੁਪਏ ਵਾਲਾ ਇਹ ਇੱਕ ਪੱਤਾ 300-500 ਵਿੱਚ ਵੇਚਿਆ ਜਾਂਦਾ ਹੈ। ਸਿਹਤ ਵਿਭਾਗ ਸਿਵਲ ਸਰਜਨ ਡਾ. ਸੁਖਪਾਲ ਸਿੰਘ ਅਨੁਸਾਰ ਇਹ ਗੋਲੀ ਨੂੰ ਹਸਪਤਾਲ ਵਿੱਚ ਦਾਖਲ ਮਰੀਜ਼ ਨੂੰ ਹੀ ਦਿੱਤਾ ਜਾਂਦਾ ਹੈ ਅਤੇ ਵੇਚਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਵੇਚਣ ਦੇ ਲਈ ਇਹ ਗੋਲੀ ਸਿਰਫ ਦਿਮਾਗੀ ਡਾਕਟਰ ਦੀ ਪਰਚੀ ਤੇ ਹੀ ਵਿਕਦੀ ਹੈ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ ਮਾਮਲੇ ਦੀ ਜਾਂਚ ਦੇ ਹੁਕਮ ਦੇ ਰਹੇ ਹਨ ਅਤੇ ਡਿਪਟੀ ਕਮਿਸ਼ਨਰ ਨੂੰ ਵੀ ਇਸ ਸਬੰਧੀ ਸੂਚਨਾ ਦੇ ਰਹੇ ਹਨ।