ਭਗੌੜਾ ਨਸ਼ਾ ਤਸਕਰ ਗ੍ਰਿਫ਼ਤਾਰ

Last Updated: Mar 14 2018 10:57

ਥਾਣਾ ਬਖ਼ਸ਼ੀਵਾਲਾ ਪੁਲਿਸ ਨੇ ਇੱਕ ਭਗੌੜੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਦੀ ਪਹਿਚਾਣ ਪਿੰਡ ਦਿੱਤੂਪੁਰ ਨਿਵਾਸੀ ਹਰਵਿੰਦਰ ਸਿੰਘ ਦੇ ਤੌਰ ਤੇ ਹੋਈ ਹੈ। ਥਾਣਾ ਬਖ਼ਸ਼ੀਵਾਲਾ ਦੇ ਏ.ਐੱਸ.ਆਈ. ਪਰਮਜੀਤ ਸਿੰਘ ਨੇ ਉਕਤ ਭਗੌੜੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਭਗੌੜਾ ਪੇਸ਼ੇਵਰ ਨਸ਼ਾ ਤਸਕਰ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਬਖ਼ਸ਼ੀਵਾਲਾ ਪੁਲਿਸ ਨੇ ਹਰਵਿੰਦਰ ਸਿੰਘ ਦੇ ਖ਼ਿਲਾਫ਼ 26 ਅਗਸਤ, 2015 ਨੂੰ 21, 61, 85 ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਮੁਕੱਦਮਾ ਨੰਬਰ 77 ਦਰਜ ਕੀਤਾ ਸੀ। ਮੁਕੱਦਮੇ ਦੇ ਟਰਾਇਲ ਦੇ ਦੌਰਾਨ ਉਕਤ ਮੁਲਜ਼ਮ ਅਦਾਲਤ 'ਤੋਂ ਜ਼ਮਾਨਤ ਲੈਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜ਼ਮਾਨਤ ਹਾਸਲ ਕਰਨ ਦੇ ਬਾਅਦ ਹਰਵਿੰਦਰ ਸਿੰਘ ਫ਼ਰਾਰ ਹੋ ਗਿਆ ਅਤੇ ਮੁੜ ਕਦੇ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਇਆ।

ਸਾਲ 2017 ਵਿੱਚ ਅਦਾਲਤ ਨੇ ਹਰਵਿੰਦਰ ਸਿੰਘ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਪੁਲਿਸ ਕਾਫ਼ੀ ਦੇਰ ਤੋਂ ਉਸਦੀ ਤਲਾਸ਼ ਵਿੱਚ ਸੀ ਪਰ ਉਹ ਪੁਲਿਸ ਦੇ ਹੱਥ ਨਹੀਂ ਸੀ ਆ ਰਿਹਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਮੁਖ਼ਬਰੀ ਦੇ ਅਧਾਰ ਤੇ ਪੁਲਿਸ ਨੇ ਦੰਦਰਾਲਾ ਖਰੌੜ ਨਹਿਰ ਦੇ ਪੁਲ ਤੇ ਨਾਕਾਬੰਦੀ ਕੀਤੀ ਹੋਈ ਸੀ, ਜਿੱਥੇ ਕਿ ਉਹ ਪੁਲਿਸ ਦੇ ਹੱਥੇ ਚੜ ਗਿਆ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸਨੂੰ ਕਿ ਅਦਾਲਤ ਦੇ ਹੁਕਮਾਂ ਤੇ ਜੇਲ੍ਹ ਭੇਜ ਦਿੱਤਾ ਗਿਆ।