ਆਖਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ 37ਵਾਂ)

Last Updated: Mar 14 2018 10:25

ਦੋਸਤੋ, ਪਿਛਲੇ 36 ਅੰਕਾਂ ਵਿੱਚ ਤੁਸੀਂ ਪੜ੍ਹਿਆ ਕਿ ਭਾਰਤੀ ਲੋਕਾਂ ਦੇ ਮਨਾਂ ਅੰਦਰ ਉਦੋਂ ਤੱਕ ਗੋਰਿਆਂ ਲਈ ਗੁੱਸਾ ਸੀ, ਉਹ ਉਨ੍ਹਾਂ ਨੂੰ ਜਾਲਮ ਅਤੇ ਲੁਟੇਰੇ ਕਹਿੰਦੇ ਸਨ, ਜਦੋਂ ਤੱਕ ਸਾਡਾ ਦੇਸ਼ ਉਨ੍ਹਾਂ ਦੇ ਚੁੰਗਲ ਵਿੱਚੋਂ ਅਜ਼ਾਦ ਨਹੀਂ ਸੀ ਹੋਇਆ। ਜਿਉਂ ਹੀ ਸਾਡੇ ਦੇਸ਼ ਦੇ ਸਿੰਘਾਸਨ ਤੇ ਅਸੀਂ ਆਪਣੇ ਚੁਣੇ ਹੋਏ ਭੂਰੇ ਲੋਕਾਂ ਨੂੰ ਬਿਠਾਇਆ ਸਾਡੇ ਗਿਆਨ ਚਕਸ਼ੂ (ਅੱਖਾਂ) ਉਸੇ ਵੇਲੇ ਖੁੱਲ੍ਹ ਗਏ। ਅਸੀਂ ਤੁਰੰਤ ਸਾਡੇ ਭੂਰੇ ਹੁਕਮਰਾਨਾਂ ਦੇ ਰਾਜ ਕਰਨ ਦੇ ਢੰਗ ਤਰੀਕਿਆਂ ਨੂੰ ਗੋਰਿਆਂ ਦੇ ਰਾਜ ਕਰਨ ਨਾਲ ਮਿਲਾ ਕੇ ਵੇਖਣ ਲੱਗ ਪਏ। ਸਾਨੂੰ ਯਾਦ ਆਉਣ ਲੱਗੇ ਗੋਰਿਆਂ ਵੱਲੋਂ ਭਾਰਤ ਵਿੱਚ ਕਰਵਾਏ ਗਏ ਵਿਕਾਸ ਦੇ ਕੰਮ। ਸਾਨੂੰ ਯਾਦ ਆਉਣ ਲੱਗੀ ਗੋਰੀ ਸਰਕਾਰ ਵੱਲੋਂ ਸਤੀ, ਜੌਹਰ, ਬਹੁ ਪਤਨੀ, ਬਾਲ ਵਿਆਹ ਆਦਿ ਵਿਰੁੱਧ ਕੀਤੀ ਗਈ ਸਖਤੀ। ਅਜਿਹੀਆਂ ਸਮਾਜਿਕ ਭੈੜਾਂ ਨੂੰ ਖ਼ਤਮ ਕਰਨ ਲਈ ਬਣਾਏ ਗਏ ਕਨੂੰਨ, ਜਿਨ੍ਹਾਂ ਤੋਂ ਡਰਦੇ ਮਾਰੇ ਲੋਕ ਇਨ੍ਹਾਂ ਕੁਰੀਤੀਆਂ ਤੋਂ ਬਾਜ਼ ਆਉਣ ਲੱਗੇ। ਹੁਣ ਅੱਗੇ।

ਸਾਥੀਓ, ਪਿਛਲੇ ਅੰਕ ਵਿੱਚ ਆਪਾਂ ਗੱਲ ਛੇੜੀ ਸੀ ਭਾਰਤ ਵਿੱਚ ਗੋਰਿਆਂ ਦੇ ਆਉਣ ਤੋਂ ਪਹਿਲਾਂ ਵਾਲੀ ਦਾਸ ਪ੍ਰਥਾ ਦੀ। ਉਸ ਵੇਲੇ ਦਾਸ ਪ੍ਰਥਾ ਤਹਿਤ ਇਨਸਾਨਾਂ ਨੂੰ ਜਾਨਵਰਾਂ ਵਾਂਗ ਖਰੀਦਿਆ ਤੇ ਵੇਚਿਆ ਜਾਂਦਾ ਸੀ। ਇਤਿਹਾਸ ਅਨੁਸਾਰ ਇਨਸਾਨੀਅਤ ਪ੍ਰਤੀ ਇਹ ਜ਼ਾਲਮਾਨਾ ਵਿਹਾਰ ਮੁਸਲਮਾਨਾਂ ਦੇ ਭਾਰਤ 'ਤੇ ਰਾਜ ਦੇ ਦੌਰਾਨ ਬਹੁਤ ਵੱਧ ਗਿਆ ਸੀ। ਕਰੋੜਾਂ ਹੀ ਲੋਕਾਂ ਦਾ ਡੰਗਰਾਂ ਵਾਂਗ ਵਪਾਰ ਕੀਤਾ ਜਾਂਦਾ। ਇਹ ਦਾਸ ਜ਼ਿਆਦਾਤਰ ਜੰਗ ਦੌਰਾਨ ਦੁਸ਼ਮਣ ਦੇਸ਼ 'ਚੋਂ ਫੜੇ ਗਏ ਲੋਕ ਅਤੇ ਸੈਨਿਕ ਹੀ ਨਹੀਂ ਹੁੰਦੇ ਸਨ ਬਲਕਿ ਜਿਨ੍ਹਾਂ ਲੋਕਾਂ ਨੇ ਕਿਸੇ ਤੋਂ ਕਰਜ਼ਾ ਲਿਆ ਹੁੰਦਾ ਸੀ, ਤੇ ਜੇਕਰ ਉਹ ਆਪਣਾ ਕਰਜ਼ਾ ਮੋੜਨ ਵਿੱਚ ਅਸਮਰਥ ਹੁੰਦਾ ਸੀ ਤਾਂ ਉਸ ਨੂੰ ਦਾਸ ਬਣਾ ਲਿਆ ਜਾਂਦਾ ਸੀ।

ਇਤਿਹਾਸ ਅਨੁਸਾਰ ਗੁਲਾਮ ਪ੍ਰਥਾ ਦਾ ਸਭ ਤੋਂ ਵੱਧ ਸ਼ਿਕਾਰ ਅਫਰੀਕੀ ਨੀਗਰੋ ਲੋਕ ਹੋਏ ਸਨ। ਜਿੱਥੇ 15ਵੀਂ ਸ਼ਤਾਬਦੀ 'ਚ ਸ਼ੁਰੂ ਹੋਈ ਇਸ ਪ੍ਰਥਾ ਨੇ ਉੱਥੋਂ ਦੇ ਲੋਕਾਂ ਦਾ ਰੱਜ ਕੇ ਸ਼ੋਸ਼ਣ ਕੀਤਾ। ਇਤਿਹਾਸ ਵਿੱਚ ਦਰਜ ਅੰਕੜਿਆਂ ਅਨੁਸਾਰ ਸਨ 1867 ਵਿੱਚ 6 ਕਰੋੜ ਤੋਂ ਵੱਧ ਬੱਚੇ ਬੱਚੀਆਂ ਜਵਾਨ ਲੜਕੀਆਂ, ਜਵਾਨ ਲੜਕੇ, ਅਧਖੜ੍ਹ ਉਮਰ ਦੇ ਮਰਦ ਔਰਤਾਂ ਆਦਿ ਨੂੰ ਗੁਲਾਮ ਬਣਾ ਕੇ ਉਨ੍ਹਾਂ ਦੀ ਜ਼ਿੰਦਗੀ ਨਾ ਜਿਉਂਦਿਆਂ 'ਚ ਤੇ ਨਾ ਮੋਇਆਂ 'ਚ ਵਾਲੀ ਕਰ ਦਿੱਤੀ ਗਈ। ਇਨ੍ਹਾਂ ਗੁਲਾਮਾਂ ਦੇ ਮਾਲਕਾਂ ਵੱਲੋਂ ਉਨ੍ਹਾਂ ਦੇ ਗਲਾਂ ਅਤੇ ਹੱਥਾਂ ਪੈਰਾਂ ਵਿੱਚ ਲੋਹੇ ਦੀਆਂ ਜ਼ੰਜੀਰਾਂ ਪਾ ਕੇ ਰੱਖਿਆ ਜਾਂਦਾ ਸੀ। ਜਿਨ੍ਹਾਂ ਤੋਂ ਉਨ੍ਹਾਂ ਦੇ ਮਾਲਕਾਂ ਵੱਲੋਂ ਦਿਨ ਰਾਤ ਡੰਗਰਾਂ ਵਾਂਗ, ਕਾਰਖਾਨਿਆਂ, ਖੇਤਾਂ, ਘਰਾਂ ਅਤੇ ਵਾਪਰਕ ਅਦਾਰਿਆਂ ਵਿੱਚ ਕੰਮ ਲਿਆ ਜਾਂਦਾ। ਸ਼ਾਇਦ ਇਹੋ ਕਾਰਨ ਹੈ ਕਿ ਅਫਰੀਕੀ ਮੂਲ ਦੇ ਲੋਕ ਅੱਜ ਸਰੀਰਿਕ ਰੂਪ ਵਿੱਚ ਦੁਨੀਆ ਅੰਦਰ ਸਭ ਤੋਂ ਵੱਧ ਮਜਬੂਤ ਇਨਸਾਨ ਹਨ ਕਿਉਂਕਿ ਇਤਿਹਾਸ ਵਿੱਚ ਇਨ੍ਹਾਂ ਦੇ ਪੁਰਖਿਆਂ ਨੇ ਗੁਲਾਮਾਂ ਦੇ ਰੂਪ ਵਿੱਚ ਜਿੰਨੀ ਸਰੀਰਿਕ ਮਿਹਨਤ ਕੀਤੀ ਹੈ ਉਨੀ ਤਾਂ ਡੰਗਰਾਂ ਨੇ ਵੀ ਨਹੀਂ ਕੀਤੀ ਹੋਣੀ। ਦੋਸਤੋ, ਇਸ ਗੁਲਾਮ ਪ੍ਰਥਾ ਦਾ ਇੱਕ ਦੁਖਦ ਪਹਿਲੂ ਇਹ ਵੀ ਸੀ ਕਿ ਗੁਲਾਮ ਲੜਕੀਆਂ ਦੇ ਮਾਲਕ ਉਨ੍ਹਾਂ ਨੂੰ ਵੇਸਵਾ ਵ੍ਰਿਤੀ ਦਾ ਧੰਦਾ ਵੀ ਕਰਵਾਉਂਦੇ ਸਨ। ਭਾਰਤ ਵਿੱਚ ਮੁਗਲਾਂ ਦੇ ਰਾਜ ਵਿੱਚ ਦਾਸ ਦਾਸੀਆਂ ਰੱਖਣ ਦੀ ਪ੍ਰਥਾ ਵਿੱਚ ਬਹੁਤ ਵਾਧਾ ਹੋਇਆ।

ਮੌਰਿਆ ਕਾਲ ਵਿੱਚ ਦਾਸਾਂ ਵੱਲੋਂ ਦੇਸ਼ ਸਮਾਜ ਦੇ ਅਰਥਚਾਰੇ ਵਿੱਚ ਮਹੱਤਵਪੂਰਨ ਯੋਗਦਾਨ ਦਿੱਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਤ੍ਰਿਪਿਟਕ ਅਤੇ ਕੋਟੀਲਿਆ ਦੇ ਕਾਲ ਵਿੱਚ ਵੀ ਦਾਸਾਂ ਦਾ ਜ਼ਿਕਰ ਬੜੇ ਵਿਸਥਾਰ ਨਾਲ ਕੀਤਾ ਗਿਆ ਹੈ। ਜਿਸ ਕਾਲ ਵਿੱਚ ਦਾਸਾਂ ਦਾ ਵਰਗੀਕਰਨ ਤੱਕ ਕਰ ਦਿੱਤਾ ਗਿਆ ਸੀ। ਤ੍ਰਿਪਿਟਕ ਦੇ ਕਾਲ ਵਿੱਚ ਜਿੱਥੇ ਦਾਸਾਂ ਦੇ ਚਾਰ ਵਰਗਾਂ ਦਾ ਜ਼ਿਕਰ ਕੀਤਾ ਗਿਆ ਹੈ, ਉੱਥੇ ਕੋਟੀਲਿਆ ਨੇ ਇਸ ਦੀ ਵੰਡ ਨੌਂ ਵਰਗਾਂ 'ਚ ਕਰ ਦਿੱਤੀ। ਜਿਨ੍ਹਾਂ ਵਿੱਚ ਉਮਰ ਭਰ ਦੇ ਗੁਲਾਮ ਜਾਂ ਕੁਝ ਸਮੇਂ ਦੇ ਗੁਲਾਮ ਸ਼ਾਮਲ ਸਨ। ਉਮਰ ਭਰ ਦੇ ਗੁਲਾਮਾਂ ਵਿੱਚ ਦੁਸ਼ਮਣ ਦੇਸ਼ ਦੀ ਫੌਜ ਅਤੇ ਉੱਥੋਂ ਫੜੇ ਗਏ ਆਮ ਨਾਗਰਿਕ ਸ਼ਾਮਲ ਸਨ ਅਤੇ ਕੁਝ ਸਮੇਂ ਦੇ ਗੁਲਾਮਾਂ ਵਿੱਚ ਉਹ ਲੋਕ ਗੁਲਾਮ ਜਾਂ ਦਾਸ ਹੁੰਦੇ ਸਨ ਜਿਨ੍ਹਾਂ ਵੱਲੋਂ ਕਿਸੇ ਤੋਂ ਕਰਜ਼ ਲਿਆ ਹੁੰਦਾ ਸੀ ਪਰ ਉਹ ਕਰਜ਼ ਮੋੜਨ ਵਿੱਚ ਅਸਮਰਥ ਹੁੰਦੇ ਸਨ। ਅਜਿਹੇ ਗੁਲਾਮ ਆਪਣੇ ਮਾਲਕ ਨਾਲ ਰਹਿ ਕੇ ਉਸਦੇ ਕੰਮ ਵਿੱਚ ਇੱਕ ਮਿੱਥੇ ਸਮੇਂ ਲਈ ਮਜ਼ਦੂਰੀ ਕਰਕੇ ਉਸਦਾ ਕਰਜ਼ਾ ਚੁਕਾਉਂਦੇ ਰਹਿੰਦੇ ਤੇ ਜਦੋਂ ਉਸਦਾ ਪੂਰਾ ਕਰਜ਼ਾ ਚੁਕਤਾ ਹੋ ਜਾਂਦਾ ਤਾਂ ਉਸ ਗੁਲਾਮ ਦੇ ਮਾਲਕ ਵੱਲੋਂ ਉਸ ਨੂੰ ਅਜ਼ਾਦ ਕਰਨਾ ਪੈਂਦਾ ਸੀ। ਇਸ ਤੋਂ ਇਲਾਵਾ ਕੋਟੀਲਿਆ ਨੇ ਤਾਂ ਇਸ ਦਾਸ ਪ੍ਰਥਾ ਨੂੰ ਕਾਨੂੰਨੀ ਰੂਪ ਵਿੱਚ ਮਾਨਤਾ ਤੱਕ ਦੇ ਦਿੱਤੀ ਸੀ।

ਬੁੱਧ ਗ੍ਰੰਥਾਂ ਅਤੇ ਕੋਟੀਲਿਆ ਦੇ ਅਰਥਚਾਰੇ ਵਿੱਚ ਤਾਂ ਗੁਲਾਮਾਂ ਨੂੰ ਕੁੱਲ ਜਾਇਦਾਦ ਦਾ ਇੱਕ ਹਿੱਸਾ ਵੀ ਮੰਨਿਆ ਜਾਂਦਾ ਸੀ। ਇੱਥੋਂ ਤੱਕ ਕਿ ਇਸ ਕਾਲ ਵਿੱਚ ਹਮਲੇ ਕਰਕੇ ਲੋਕਾਂ ਨੂੰ ਅਗਵਾਹ ਕਰ ਉਨ੍ਹਾਂ ਨੂੰ ਗੁਲਾਮ ਬਣਾ ਲਿਆ ਜਾਂਦਾ। ਜਿਸ 'ਤੇ ਬਾਅਦ ਵਿੱਚ ਕੋਟਿਲਿਆ ਨੇ ਰੋਕ ਲਾ ਦਿੱਤੀ ਸੀ। ਇਨ੍ਹਾਂ ਗੁਲਾਮਾਂ ਨੂੰ ਅੱਗੇ ਕੰਮ ਕਰਵਾਉਣ ਲਈ ਕਿਰਾਏ ਤੇ ਵੀ ਦੇ ਦਿੱਤਾ ਜਾਂਦਾ ਸੀ। ਸਮਰਾਟ ਅਸ਼ੋਕ ਵੱਲੋਂ ਲੜੇ ਗਏ ਕਲਿੰਗਾ ਦੇ ਯੁੱਧ ਵਿੱਚ ਹਜ਼ਾਰਾਂ ਲੋਕਾਂ ਨੂੰ ਬੰਦੀ ਬਣਾ ਲਿਆ ਗਿਆ ਜਿਨ੍ਹਾਂ ਨੂੰ ਬਾਅਦ ਵਿੱਚ ਮਗਧ ਦੇ ਬਾਜ਼ਾਰਾਂ ਵਿੱਚ ਸ਼ਰੇਆਮ ਬੋਲੀ ਲਾ ਕੇ ਵੇਚਿਆ ਗਿਆ।

ਮੁਗ਼ਲ ਕਾਲ ਵਿੱਚ ਰਾਜੇ ਮਹਾਰਾਜਿਆਂ ਵੱਲੋਂ ਦਾਸੀਆਂ ਨੂੰ ਆਪਣੀ ਹਵਸ ਪੂਰਤੀ ਲਈ ਰੱਖਿਆ ਜਾਂਦਾ ਸੀ ਪਰ ਉਸ ਦਾ ਵਿਆਹ ਆਪਣੇ ਹੀ ਕਿਸੇ ਦਾਸ ਨਾਲ ਕਰਵਾ ਦਿੱਤਾ ਜਾਂਦਾ। ਦੁਨੀਆ ਦੀ ਨਜ਼ਰ ਵਿੱਚ ਉਹ ਦਾਸੀ ਕਿਸੇ ਦਾਸ ਦੀ ਪਤਨੀ ਹੋਇਆ ਕਰਦੀ ਸੀ ਪਰ ਅਸਲ ਵਿੱਚ ਉਹ ਰਾਜਿਆਂ ਦੀਆਂ ਰਖੈਲਾਂ ਹੁੰਦੀਆਂ ਸਨ। (ਚਲਦਾ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।