ਨਗਰ ਪੰਚਾਇਤ ਚੋਣਾਂ ਦੌਰਾਨ ਹੋਈ ਅਕਾਲੀਆਂ ਅਤੇ ਕਾਂਗਰਸੀਆਂ ਦੀ ਝੜਪ

Last Updated: Mar 13 2018 20:45

ਬੀਤੇ ਕਰੀਬ ਢਾਈ ਮਹੀਨੇ ਪਹਿਲੋਂ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਅਤੇ ਮੱਖੂ ਵਿਖੇ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਅਕਾਲੀ-ਭਾਜਪਾ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਭਰੇ ਨਾ ਜਾਣ ਕਾਰਨ ਉਨ੍ਹਾਂ ਵਿੱਚ ਰੋਸ ਦੀ ਲਹਿਰ ਸੀ। ਜਿਸ ਕਾਰਨ ਅਕਾਲੀਆਂ ਅਤੇ ਕਾਂਗਰਸੀਆਂ ਵਿੱਚ ਝੜਪ ਹੋ ਗਈ ਸੀ ਅਤੇ ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਗੋਲੀਬਾਰੀ ਵੀ ਚੱਲੀ ਸੀ। ਇਸ ਮਾਮਲੇ ਨੂੰ ਲੈਕੇ ਮੱਲਾਂਵਾਲਾ ਪੁਲਿਸ ਨੇ ਦੋਵਾਂ ਧਿਰਾਂ ਦੇ ਆਗੂਆਂ 'ਤੇ ਪਰਚੇ ਵੀ ਦਰਜ ਕੀਤੇ ਸਨ। ਜਿਸਦੀ ਜਾਂਚ ਕਰਨ ਵਾਸਤੇ ਅੱਜ ਕ੍ਰਾਇਮ ਬ੍ਰਾਂਚ ਚੰਡੀਗੜ੍ਹ ਦੀ ਟੀਮ ਫਿਰੋਜ਼ਪੁਰ ਪਹੁੰਚੀ।

ਦੱਸਣਯੋਗ ਹੈ ਕਿ ਬੀਤੇ ਕਰੀਬ ਢਾਈ ਮਹੀਨੇ ਪਹਿਲੋਂ ਕਸਬਾ ਮੱਲਾਂਵਾਲਾ ਵਿਖੇ ਨਗਰ ਪੰਚਾਇਤ ਚੋਣਾਂ ਦੌਰਾਨ ਅਕਾਲੀਆਂ ਅਤੇ ਕਾਂਗਰਸੀਆਂ ਵਿਚਕਾਰ ਲੜਾਈ ਝਗੜਾ ਹੋ ਗਿਆ ਸੀ। ਇਸ ਲੜਾਈ ਇੰਨੀਂ ਜ਼ਿਆਦਾ ਵੱਧ ਗਈ ਸੀ ਕਿ ਦੋਵਾਂ ਪਾਰਟੀਆਂ ਦੇ ਆਗੂਆਂ ਵੱਲੋਂ ਇੱਕ ਦੂਜੇ 'ਤੇ ਗੋਲੀਆਂ ਵੀ ਚਲਾ ਦਿੱਤੀਆਂ ਸਨ, ਜਿਸ ਵਿੱਚ ਕਈ ਲੋਕ ਜ਼ਖਮੀ ਵੀ ਹੋ ਗਏ ਸਨ। ਇਸਦੇ ਰੋਸ ਵਜੋਂ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਅਤੇ ਹੋਰ ਸੈਂਕੜੇ ਅਕਾਲੀ ਵਰਕਰਾਂ ਨੇ ਹਰੀਕੇ ਹੈਡ ਅਤੇ ਡੀਸੀ ਦਫਤਰ ਫਿਰੋਜ਼ਪੁਰ ਦੇ ਸਾਹਮਣੇ ਜਾਮ ਲਗਾਇਆ ਗਿਆ।

ਇਸ ਦੌਰਾਨ ਅਕਾਲੀਆਂ ਨੇ ਮਾਣਯੋਗ ਹਾਈਕੋਰਟ ਤੋਂ ਇਨਸਾਫ ਦੀ ਗੁਹਾਰ ਲਗਾਈ ਸੀ। ਮਾਣਯੋਗ ਹਾਈਕੋਰਟ ਨੇ ਫੈਸਲਾ ਦਿੰਦਿਆਂ ਉਕਤ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰਵਾਉਣ ਲਈ ਸੂਬਾ ਸਰਕਾਰ ਅਤੇ ਸਬੰਧਤ ਜ਼ਿਲ੍ਹਾ ਪੁਲਿਸ ਮੁਖੀ ਨੂੰ ਨੋਟਿਸ ਜਾਰੀ ਕੀਤਾ ਸੀ। ਘਟਨਾ ਬੀਤੀ ਨੂੰ ਕਰੀਬ ਦੋ ਢਾਈ ਮਹੀਨੇ ਹੋ ਗਏ ਹਨ। ਅੱਜ ਉਕਤ ਘਟਨਾ ਦੀ ਜਾਂਚ ਕਰਨ ਲਈ ਏ.ਆਈ.ਜੀ. ਮਨਮੋਹਨ ਕੁਮਾਰ ਸ਼ਰਮਾ ਕ੍ਰਾਇਮ ਸਮੇਤ ਆਪਣੀ ਟੀਮ ਪਹੁੰਚੇ। ਜਿਨ੍ਹਾਂ ਨੇ ਇਲਾਕੇ ਦੇ ਸਬੰਧ ਡੀਐਸਪੀ ਜ਼ੀਰਾ ਜਸਪਾਲ ਸਿੰਘ, ਮੱਲਾਂਵਾਲਾ ਦੇ ਐਸਐਚਓ ਜਸਬੀਰ ਸਿੰਘ ਅਤੇ ਕ੍ਰਾਈਮ ਬ੍ਰਾਂਚ ਫਿਰੋਜ਼ਪੁਰ ਦੇ ਸੰਦੀਪ ਸਿੰਘ ਨੂੰ ਨਾਲ ਲੈਕੇ ਘਟਨਾ ਸਥਾਨ 'ਤੇ ਪਹੁੰਚਕੇ ਮਾਮਲੇ ਦੀ ਜਾਂਚ ਕੀਤੀ ਅਤੇ ਇਸ ਦੌਰਾਨ ਏ.ਆਈ.ਜੀ. ਮਨਮੋਹਨ ਕੁਮਾਰ ਸ਼ਰਮਾ ਵੱਲੋਂ ਅਕਾਲੀ ਆਗੂਆਂ ਤੇ ਕਾਂਗਰਸੀ ਆਗੂਆਂ ਦੇ ਬਿਆਨ ਕਲਮਬੰਦ ਕੀਤੇ ਗਏ।