ਦੋਪਹੀਆ ਵਾਹਨ ਚੋਰੀ ਕਰਨ ਦੇ ਦੋਸ਼ 'ਚ ਵਿਅਕਤੀ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਗ੍ਰਿਫਤਾਰ

Last Updated: Mar 13 2018 19:38

ਦੋ ਪਹੀਆ ਵਾਹਨ ਚੋਰੀ ਕਰਕੇ ਅੱਗੇ ਵੇਚਣ ਦਾ ਕੰਮ ਕਰਨ ਦੇ ਦੋਸ਼ 'ਚ ਖੰਨਾ ਪੁਲਿਸ ਵੱਲੋਂ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਅਰੋਪੀ ਦੇ ਖਿਲਾਫ ਦੋਪਹੀਆ ਵਾਹਨ ਚੋਰੀ ਕਰਨ ਦੇ ਇਲਜ਼ਾਮ ਅਧੀਨ ਥਾਣਾ ਸਦਰ ਖੰਨਾ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਪੁਲਿਸ ਥਾਣਾ ਸਦਰ ਖੰਨਾ ਦੇ ਐਸਐਚਓ ਇੰਸਪੈਕਟਰ ਵਿਨੋਦ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਚੌਂਕੀ ਕੋਟਾਂ ਦੇ ਇੰਚਾਰਜ਼ ਏਐਸਆਈ ਜਗਜੀਵਨ ਰਾਮ ਵੱਲੋਂ ਸਾਥੀ ਪੁਲਿਸ ਮੁਲਾਜ਼ਮਾਂ ਦੇ ਨਾਲ ਜੀ.ਟੀ ਰੋਡ ਸਥਿਤ ਬੀਜਾ ਚੌਂਕ ਕੋਲ ਲਗਾਏ ਗਏ ਵਾਕੇ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਮੁਖਬਰ ਤੋਂ ਸੂਚਨਾ ਮਿਲੀ ਕਿ ਦੋਪਹੀਆ ਵਾਹਨ ਚੋਰੀ ਕਰਕੇ ਵੇਚਣ ਦਾ ਕੰਮ ਕਰਨ ਵਾਲਾ ਇੱਕ ਵਿਅਕਤੀ ਚੋਰੀਸ਼ੁਦਾ ਮੋਟਰਸਾਈਕਲ ਲੈਕੇ ਆ ਰਿਹਾ ਹੈ।

ਐਸਐਚਓ ਵੱਲੋਂ ਕੀਤੇ ਗਏ ਦਾਅਵੇ ਮੁਤਾਬਕ ਸੂਚਨਾ ਮਿਲਣ ਦੇ ਬਾਅਦ ਚੌਂਕੀ ਇੰਚਾਰਜ ਨੇ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਲੁਧਿਆਣਾ ਵਾਲੀ ਸਾਈਡ ਤੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੂੰ ਸ਼ੱਕ ਦੇ ਆਧਾਰ 'ਤੇ ਚੈਕਿੰਗ ਲਈ ਰੋਕਿਆ ਗਿਆ। ਜਦੋਂ ਬਾਈਕ ਸਵਾਰ ਤੋਂ ਮੋਟਰਸਾਈਕਲ ਸਬੰਧੀ ਦਸਤਾਵੇਜ਼ ਮੰਗੇ ਗਏ ਤਾਂ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਜਿਸਦੇ ਬਾਅਦ ਉਕਤ ਵਿਅਕਤੀ ਨੂੰ ਕਾਬੂ ਕਰਕੇ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ। ਬਾਅਦ ਵਿੱਚ ਕਾਬੂ ਕੀਤੇ ਵਿਅਕਤੀ ਤੋਂ ਪੁੱਛਗਿਛ ਕੀਤੀ ਤਾਂ ਉਸਦੀ ਪਹਿਚਾਣ ਪ੍ਰੀਤ ਸਿੰਘ ਉਰਫ ਰੋਹਲ ਵਾਸੀ ਜੀਵਨ ਨਗਰ, ਲੁਧਿਆਣਾ ਵਜੋਂ ਹੋਈ ਹੈ। ਜਿਸਦੇ ਖਿਲਾਫ ਮਾਮਲਾ ਦਰਜ ਕਰਕੇ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।