ਦਿਵਯਾਂਗਾਂ ਲਈ ਮੁਫਤ ਸਿਖਲਾਈ ਕੋਰਸ ਨੈਸ਼ਨਲ ਕੈਰੀਅਰ ਸਰਵਿਸ ਸੈਂਟਰ ਲੁਧਿਆਣਾ ਵਿਖੇ 1 ਅਪ੍ਰੈਲ ਤੋਂ ਸ਼ੁਰੂ

Last Updated: Mar 13 2018 19:33

ਦਿਵਯਾਂਗਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵੱਖ-ਵੱਖ ਕਿੱਤਾ ਮੁਖੀ ਕੋਰਸਾਂ ਦੀ ਟ੍ਰੇਨਿੰਗ ਦੇਣ ਲਈ ਲੁਧਿਆਣਾ ਵਿਖੇ ਸਥਾਪਤ ਕੀਤੇ ਗਏ ਨੈਸ਼ਨਲ ਕੈਰੀਅਰ ਸਰਵਿਸ ਸੈਂਟਰ 'ਚ 1 ਅਪ੍ਰੈਲ ਤੋਂ 6 ਮਹੀਨਿਆਂ ਦਾ ਮੁਫਤ ਟਰੇਨਿੰਗ ਕੋਰਸ ਸ਼ੁਰੂ ਕਰਵਾਇਆ ਜਾ ਰਿਹਾ ਹੈ। ਜਿੱਥੇ ਦਿਵਯਾਂਗਾਂ ਨੂੰ ਕੰਪਿਊਟਰ, ਸ਼ਾਰਟਹੈਂਡ, ਟਾਇਪਿੰਗ, ਟਰਨਰ, ਫਿੱਟਰ, ਵੈਲਡਿੰਗ, ਡਰੈਸ ਮੇਕਿੰਗ ਲਈ ਕਟਾਈ ਸਿਲਾਈ ਅਤੇ ਪਾਵਰ ਨਿਟਿੰਗ ਦੀ ਮੁਫਤ ਸਿਖਲਾਈ ਦਿੱਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਕੈਰੀਅਰ ਸਰਵਿਸ ਸੈਂਟਰ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਪੰਕਜ ਜੈਨ ਨੇ ਦੱਸਿਆ ਕਿ ਰੋਜਗਾਰ ਪ੍ਰਾਪਤੀ ਲਈ ਦਿਵਯਾਂਗਾਂ ਨੂੰ ਵੱਖ-ਵੱਖ ਕੋਰਸਾਂ ਦੀ ਸਿਖਲਾਈ ਦੇਣ ਲਈ ਸੈਂਟਰ 'ਚ 1 ਅਪ੍ਰੈਲ ਤੋਂ 6 ਮਹੀਨਿਆਂ ਦਾ ਮੁਫਤ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਸੈਂਟਰ 'ਚ ਦਿਵਯਾਂਗਾਂ ਨੂੰ ਸਿਖਲਾਈ ਕੋਰਸ ਵਿੱਚ ਕੰਪਿਊਟਰ, ਸ਼ਾਰਟਹੈਂਡ, ਟਾਇਪਿੰਗ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਕੋਰਸ ਲਈ ਸਿੱਖਿਆਰਥੀ ਦਾ ਦਸਵੀਂ ਪਾਸ ਹੋਣਾ ਲਾਜਮੀ ਹੈ।

ਇਸਤੋਂ ਇਲਾਵਾ ਦਿਵਯਾਂਗਾਂ ਨੂੰ ਟਰਨਰ, ਫਿੱਟਰ, ਵੈਲਡਿੰਗ, ਡਰੈਸ ਮੇਕਿੰਗ ਲਈ ਕਟਾਈ ਸਿਲਾਈ ਅਤੇ ਪਾਵਰ ਨਿਟਿੰਗ ਦੀ ਸਿਖਲਾਈ ਵੀ ਦਿੱਤੀ ਜਾਵੇਗੀ, ਜਿਸਦੇ ਲਈ ਸਿਖਿਆਰਥੀ ਦਾ ਪੰਜਵੀਂ ਜ਼ਮਾਤ ਪਾਸ ਹੋਣਾ ਜਰੂਰੀ ਹੈ। ਇਸਦੇ ਨਾਲ ਹੀ ਰੇਡੀਓ, ਟੀ.ਵੀ ਅਤੇ ਕੰਪਿਊਟਰ ਹਾਰਡਵੇਅਰ ਦੀ ਵੀ ਸਿਖਲਾਈ ਦਿੱਤੀ ਜਾਵੇਗੀ, ਜਿਸ ਲਈ ਸਿੱਖਿਆਰਥੀ ਦਾ ਅਠਵੀਂ ਪਾਸ ਹੋਣਾ ਜਰੂਰੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਰਿਆਂ ਕੋਰਸਾਂ ਲਈ ਸਿਖਿਆਰਥੀ ਦੀ ਉਮਰ ਘੱਟੋ-ਘੱਟ 15 ਸਾਲ ਹੋਣੀ ਚਾਹੀਦੀ ਹੈ ਅਤੇ ਭਾਰਤ ਦਾ ਨਾਗਰਕਿ ਹੋਵੇ ਅਤੇ ਉਸਨੂੰ ਸਮਰੱਥ ਅਧਿਕਾਰੀ ਵੱਲੋ ਜਾਰੀ ਕੀਤਾ ਗਿਆ 40 ਫੀਸਦੀ ਅਪੰਗਤਾ ਦਾ ਸਰਟੀਫਿਕੇਟ ਹੋਵੇ। ਸਿਖਲਾਈ ਲੈਣ ਦੇ ਚਾਹਵਾਨ ਦਿਵਯਾਂਗ ਕਿਸੇ ਵੀ ਕੰਮ ਵਾਲੇ ਦਿਨ ਸੈਂਟਰ ਤੋਂ ਮੁਫਤ ਆਵੇਦਨ ਫਾਰਮ ਲੈ ਸਕਦੇ ਹਨ। ਚਾਹਵਾਨ ਸਿੱਖਿਆਰਥੀ ਆਪਣੇ ਨਾਲ ਆਧਾਰ ਕਾਰਡ, ਅਪੰਗਤਾ ਦਾ ਸਰਟੀਫਿਕੇਟ, ਬੈਂਕ ਦੀ ਪਾਸ ਬੁੱਕ, ਜਾਤੀ ਪ੍ਰਮਾਣ ਪੱਤਰ ਅਤੇ ਵਿੱਦਿਅਕ ਯੋਗਤਾ ਦੇ ਪ੍ਰਮਾਣ ਪੱਤਰਾਂ ਦੀਆਂ ਅਸਲ ਤੇ ਫੋਟੋ ਕਾਪੀਆਂ ਤੋਂ ਇਲਾਵਾ ਪਾਸਪੋਰਟ ਸਾਈਜ਼ ਦੋ ਫੋਟੋਆਂ ਨਾਲ ਲੈਕੇ ਆਉਣ।

ਉਨ੍ਹਾਂ ਹੋਰ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ ਸਿਖਲਾਈ ਲੈਣ ਲਈ ਆਵੇਦਨ ਫਾਰਮ 23 ਮਾਰਚ ਤੱਕ ਜਮਾਂ ਕਰਵਾਏ ਜਾ ਸਕਦੇ ਹਨ ਅਤੇ 26 ਮਾਰਚ ਨੂੰ ਕੌਂਸਲਿੰਗ ਹੋਵੇਗੀ ਅਤੇ 28 ਮਾਰਚ ਨੂੰ ਦਾਖਲਾ ਪੱਤਰ ਜਾਰੀ ਕਰ ਦਿੱਤੇ ਜਾਣਗੇ। ਜਦਕਿ 3 ਅਤੇ 4 ਅਪ੍ਰੈਲ ਨੂੰ ਸਿੱਖਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ 6 ਅਪ੍ਰੈਲ ਨੂੰ ਚਾਹਵਾਨ ਸਿੱਖਿਆਰਥੀਆਂ ਨੂੰ ਹੋਸਟਲ ਵਿੱਚ ਕਮਰੇ ਅਲਾਟ ਕਰ ਦਿੱਤੇ ਜਾਣਗੇ। ਸਿਖਲਾਈ ਲੈਣ ਦੇ ਚਾਹਵਾਨ ਦਿਵਯਾਂਗ ਯੁਵਕਾਂ ਨੂੰ ਹੋਸਟਲ ਦੀ ਵੀ ਸੀਮਤ ਸੀਟਾਂ ਲਈ ਸੁਵਿਧਾ ਦਿੱਤੀ ਜਾਵੇਗੀ ਅਤੇ ਮਿਲਣ ਵਾਲਾ ਵਜੀਫਾ ਵੀ ਦਿੱਤਾ ਜਾਵੇਗਾ। ਦਿਵਯਾਂਗਾਂ ਲਈ ਇਹ ਵਧੀਆ ਉਪਰਾਲਾ ਹੈ, ਜਿਸ ਨਾਲ ਉਹ ਆਪਣੀ ਪਸੰਦ ਅਤੇ ਯੋਗਤਾ ਅਨੁਸਾਰ ਕੋਰਸ ਦੀ ਸਿੱਖਿਆ ਹਾਸਲ ਕਰਕੇ ਨਾਂ ਸਿਰਫ ਆਪਣੇ ਆਪ ਨੂੰ ਸਾਬਤ ਕਰ ਸਕਦੇ ਹਨ ਸਗੋਂ ਰੋਜਗਾਰ ਦੇ ਵਧੇਰੇ ਮੌਕੇ ਹਾਸਲ ਕਰਕੇ ਸਮਾਜ ਵਿੱਚ ਆਮ ਲੋਕਾਂ ਵਾਂਗ ਬਿਨਾਂ ਕਿਸੇ ਸਹਾਰੇ ਦੇ ਆਪਣਾ ਜੀਵਨ ਬਤੀਤ ਕਰ ਸਕਦੇ ਹਨ।