ਮੌਜਮ ਵਿਖੇ 77 ਕੁੜੀਆਂ ਨੂੰ ਵੰਡੀਆਂ ਜਾਣਗੀਆਂ ਸਿਲਾਈ ਮਸ਼ੀਨਾਂ

Last Updated: Mar 13 2018 19:21

ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਿਟਕੋਣ ਵੱਲੋਂ ਬੇਰੁਜ਼ਗਾਰ ਕੁੜੀਆਂ ਨੂੰ ਆਪਣੇ ਪੈਰਾਂ ਸਿਰ ਖੜ੍ਹੇ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਪਿੰਡ ਮੌਜਮ ਦੇ ਸਰਕਾਰੀ ਪ੍ਰਾਈਮਰੀ ਸਕੂਲ ਵਿਖੇ 14 ਮਾਰਚ ਨੂੰ ਕਰਵਾਏ ਜਾ ਰਹੇ ਇੱਕ ਸਮਾਰੋਹ ਦੌਰਾਨ 77 ਸਿਖਲਾਈ ਪ੍ਰਾਪਤ ਕੁੜੀਆਂ ਨੂੰ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਵੱਲੋਂ ਸਿਲਾਈ ਮਸ਼ੀਨਾਂ ਭੇਂਟ ਕੀਤੀਆਂ ਜਾਣਗੀਆਂ। ਇਹ ਸਿਲਾਈ ਮਸ਼ੀਨਾਂ ਯੂ.ਐਸ.ਏ. ਦੇ ਇੱਕ ਐਨ.ਆਰ.ਆਈ. ਪਰਿਵਾਰ ਦੇ ਮੈਂਬਰ ਮੈਡਮ ਗੀਤੂ ਵੱਲੋਂ ਆਪਣੇ ਸਤਿਕਾਰਯੋਗ ਦਾਦੀ ਸ਼ੀਲਾ ਬਾਘਲਾ ਦੀ ਯਾਦ ਵਿੱਚ ਦਾਨ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਨਿਟਕੋਣ ਦੇ ਜ਼ਿਲ੍ਹਾ ਕੋਆਰਡੀਨੇਟਰ ਮੈਡਮ ਕਵਿਤਾ ਨੇ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਟਕੋਣ ਦੇ ਜ਼ਿਲ੍ਹਾ ਕੋਆਰਡੀਨੇਟਰ ਨੇ ਦੱਸਿਆ ਕਿ ਇੰਨ੍ਹਾਂ ਸਿਲਾਈ-ਕੱਢਾਈ ਦੀ ਸਿਖਲਾਈ ਪ੍ਰਾਪਤ ਕਰਨ ਵਾਲੀਆਂ 'ਚੋਂ ਪਿੰਡ ਕਾਵਾਂ ਵਾਲੀ ਅਤੇ ਮੌਜਮ ਦੀਆਂ ਕੁੜੀਆਂ ਸ਼ਾਮਿਲ ਹਨ। ਇਨ੍ਹਾਂ ਕੁੜੀਆਂ ਨੂੰ ਨਿਟਕੋਣ ਵੱਲੋਂ ਤਿੰਨ-ਤਿੰਨ ਮਹੀਨੇ ਦੀ ਮੁਫਤ ਟ੍ਰੇਨਿੰਗ ਮੈਡਮ ਨੀਤਾ ਰਾਣੀ ਅਤੇ ਮੈਡਮ ਰਕੇਸ਼ ਰਾਣੀ ਵੱਲੋਂ ਦਿੱਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਨਿਟਕੋਣ ਵੱਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਪ੍ਰਾਪਤ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਬੇਰੁਜ਼ਗਾਰ ਟ੍ਰੇਨਿੰਗ ਪ੍ਰਾਪਤ ਕਰਕੇ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣ ਅਤੇ ਆਪਣੇ ਪੈਰਾਂ ਸਿਰ ਖੜੇ ਹੋਣ। ਉਨ੍ਹਾਂ ਨੇ ਕਿਹਾ ਕਿ ਟ੍ਰੇਨਿੰਗ ਪੂਰੀ ਕਰਨ ਉਪਰੰਤ ਸਰਕਾਰ ਵੱਲੋਂ ਸਵੈ-ਰੁਜ਼ਗਾਰ ਚਲਾਉਣ ਲਈ ਲੋਨ ਦੀ ਸੁਵਿਧਾ ਵੀ ਮਹੁੱਈਆ ਕਰਵਾਈ ਜਾ ਰਹੀ ਹੈ।