ਜ਼ਮੀਨ ਦਾ ਇੰਤਕਾਲ ਕਰਨ ਬਦਲੇ 8 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਿਜੀਲੈਂਸ ਨੇ ਪਟਵਾਰੀ ਨੱਪਿਆ

Last Updated: Mar 13 2018 19:18

ਜ਼ਮੀਨ ਦਾ ਇੰਤਕਾਲ ਦਰਜ਼ ਕਰਨ ਬਦਲੇ ਇੱਕ ਵਿਅਕਤੀ ਕੋਲੋਂ ਅੱਠ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਿਜੀਲੈਂਸ ਬਿਊਰੋ ਵੱਲੋਂ ਫਤਹਿਗੜ ਸਾਹਿਬ ਤੋਂ ਇੱਕ ਪਟਵਾਰੀ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਗਏ ਹਲਕਾ ਧੀਰਪੁਰ ਫਤਹਿਗੜ੍ਹ ਸਾਹਿਬ ਦੇ ਪਟਵਾਰੀ ਰਮੇਸ਼ ਕੁਮਾਰ ਦੇ ਖਿਲਾਫ ਰਿਸ਼ਵਤ ਲੈਣ ਦੇ ਇਲਜ਼ਾਮ ਅਧੀਨ ਧਾਰਾ 7, 13 (2) 88 ਪੀ.ਸੀ ਐਕਟ ਤਹਿਤ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਮਾਮਲੇ ਸਬੰਧੀ ਵਿਜੀਲੈਂਸ ਬਿਊਰੋ ਰੇਂਜ ਐਸ.ਏ.ਐਸ. ਨਗਰ (ਮੋਹਾਲੀ) ਦੇ ਐਸਐਸਪੀ ਪਰਮੀਤ ਸਿੰਘ ਵਿਰਕ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਿਕਾਇਤਕਰਤਾ ਸਰਬਜੀਤ ਸਿੰਘ ਵਾਸੀ ਪਿੰਡ ਮਾਨਗੜ੍ਹ ਤਹਿਸੀਲ ਅਮਲੋਹ ਨੇ ਵਿਜੀਲੈਂਸ ਬਿਊਰੋ ਫਤਹਿਗੜ੍ਹ ਸਾਹਿਬ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਫਤਿਹਗੜ੍ਹ ਸਾਹਿਬ ਦੇ ਪਿੰਡ ਧੀਰਪੁਰ ਵਿਖੇ ਜ਼ਮੀਨ ਪਈ ਸੀ। ਉਸ ਜ਼ਮੀਨ ਦਾ ਇੰਤਕਾਲ ਕਰਵਾਉਣ ਦੇ ਬਦਲੇ ਹਲਕਾ ਧੀਰਪੁਰ ਦਾ ਪਟਵਾਰੀ ਰਮੇਸ਼ ਕੁਮਾਰ ਉਸ ਕੋਲੋਂ ਅੱਠ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤ ਮਿਲਣ ਦੇ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਮੰਗਣ ਵਾਲੇ ਪਟਵਾਰੀ ਨੂੰ ਗ੍ਰਿਫਤਾਰ ਕਰਨ ਸਬੰਧੀ ਟਰੈਪ ਲਗਾਇਆ ਗਿਆ।

ਐਸਐਸਪੀ ਵਿਰਕ ਵੱਲੋਂ ਕੀਤੇ ਗਏ ਦਾਅਵੇ ਮੁਤਾਬਕ ਪਟਵਾਰੀ ਰਮੇਸ਼ ਕੁਮਾਰ ਨੂੰ ਰਿਸ਼ਵਤ ਲੈਣ ਸਬੰਧੀ ਪਿੰਡ ਅੱਤੇਵਾਲੀ ਦੇ ਪਟਵਾਰਖਾਨੇ ਕੋਲ ਬੁਲਾਇਆ ਗਿਆ। ਇਸਦੇ ਬਾਅਦ ਵਿਜੀਲੈਂਸ ਬਿਉਰੋ ਫ਼ਤਹਿਗੜ੍ਹ ਸਾਹਿਬ ਯੁਨਿਟ ਦੇਂ ਇੰਸਪੈਕਟਰ ਪਰਮੰਦਰ ਸਿੰਘ ਦੀ ਅਗਵਾਈ 'ਚ ਪੁਲਿਸ ਟੀਮ ਵੱਲੋਂ ਪਿੰਡ ਅੱਤੇਵਾਲੀ ਦੇ ਪਟਵਾਰਖਾਨੇ ਦੇ ਬਾਹਰ ਸ਼ਿਕਾਇਤਕਰਤਾ ਸਰਬਜੀਤ ਸਿੰਘ ਕੋਲੋਂ ਅੱਠ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਪਟਵਾਰੀ ਰਮੇਸ਼ ਕੁਮਾਰ ਨੂੰ ਸਰਕਾਰੀ ਗਵਾਹਾਂ ਕਰਮਜੀਤ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ ਬੱਸੀ ਪਠਾਣਾਂ ਅਤੇ ਉਪ ਮੰਡਲ ਭੂਮੀ ਰੱਖਿਆ ਅਫਸਰ ਫ਼ਤਹਿਗੜ੍ਹ ਸਾਹਿਬ ਦਲਬੀਰ ਸਿੰਘ ਦੀ ਮੌਜੂਦਗੀ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਜਿਸਦੇ ਬਾਅਦ ਉਕਤ ਪਟਵਾਰੀ ਖਿਲਾਫ ਰਿਸ਼ਵਤ ਲੈਣ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪਟਵਾਰੀ ਨੂੰ ਗ੍ਰਿਫਤਾਰ ਕਰਨ ਵਾਲੀ ਵਿਜੀਲੈਂਸ ਦੀ ਟੀਮ 'ਚ ਏਐਸਆਈ ਬਲਜਿੰਦਰ ਸਿੰਘ, ਏਐਸਆਈ ਦਲਵਿੰਦਰ ਸਿੰਘ, ਏਐਸਆਈ ਗਗਨਦੀਪ ਕੌਰ, ਹੈੱਡ ਕਾਂਸਟੇਬਲ ਇੰਦਰਜੀਤ ਸਿੰਘ ਅਤੇ ਪੰਜਾਬ ਹੋਮ ਗਾਰਡ ਜਵਾਨ ਅਵਤਾਰ ਸਿੰਘ ਸ਼ਾਮਲ ਸਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰਿਸ਼ਵਤਖੋਰ ਸਰਕਾਰੀ ਅਧਿਕਾਰੀਆਂ ਨੂੰ ਫੜਾਉਣ ਲਈ ਇਸੇ ਤਰ੍ਹਾਂ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਭ੍ਰਿਸ਼ਟਾਚਾਰੀਆਂ ਨੂੰ ਕਾਬੂ ਕੀਤਾ ਜਾ ਸਕੇ ਅਤੇ ਕੋਈ ਵਿਅਕਤੀ ਕਿਸੇ ਸਰਕਾਰੀ ਅਧਿਕਾਰੀ ਜਾਂ ਮੁਲਾਜ਼ਮ ਵੱਲੋਂ ਰਿਸ਼ਵਤ ਮੰਗੇ ਜਾਣ ਸਬੰਧੀ ਪੰਜਾਬ ਵਿਜੀਲੈਂਸ ਬਿਊਰੋ ਦੇ ਹੈਲਪ ਲਾਈਨ ਨੰਬਰ 1800-800-000 'ਤੇ ਵੀ ਸੰਪਰਕ ਕਰ ਸਕਦੇ ਹਨ।