ਇੱਕ ਸਾਲ ਕੈਪਟਨ: ਕੈਬਨਿਟ ਵਿਸਥਾਰ (ਭਾਗ- ਦੂਸਰਾ)

Last Updated: Mar 13 2018 14:37

ਪਾਠਕੋ, ਇੱਕ ਸਾਲ ਕੈਪਟਨ ਨਾਂ ਦੇ ਇਸ ਲੇਖ ਦੇ ਪਿਛਲੇ ਭਾਗ ਦਾ ਉਪ ਸਿਰਲੇਖ "ਸ਼ੁਰੂਆਤ" ਸੀ ਅਤੇ ਉਸ ਜਰੀਏ ਦੱਸਿਆ ਗਿਆ ਸੀ ਕਿ ਪੰਜਾਬ ਵਿੱਚ ਕੈਪਟਨ ਸਰਕਾਰ ਦਾ ਇੱਕ ਸਾਲ ਪੂਰਾ ਹੋਣ 'ਤੇ ਕਿਸ ਪ੍ਰਕਾਰ ਦੇ ਹਾਲਾਤ ਹਨ। ਇਸ ਦੂਜੇ ਭਾਗ ਦਾ ਉਪ ਸਿਰਲੇਖ ਕੈਬਨਿਟ ਵਿਸਥਾਰ ਹੈ ਅਤੇ ਇਸ ਜਰੀਏ ਕੈਪਟਨ ਸਰਕਾਰ ਦੀ ਕੈਬਨਿਟ ਜੋ ਪਿਛਲੇ ਇੱਕ ਸਾਲ ਤੋਂ ਵਿਸਥਾਰ ਹੋਣ ਦਾ ਇੰਤਜਾਰ ਕਰ ਰਹੀ ਹੈ, ਦੇ ਬਾਰੇ ਵਿੱਚ ਚਰਚਾ ਹੋਵੇਗੀ। 

ਦੋਸਤੋਂ, ਕੈਪਟਨ ਅਮਰਿੰਦਰ ਨੇ ਪਿਛਲੇ ਸਾਲ 11 ਮਾਰਚ ਨੂੰ ਪੰਜਾਬ ਦੀ ਸੱਤਾ ਵਿੱਚ ਵਾਪਸੀ ਕੀਤੀ ਸੀ ਅਤੇ 16 ਮਾਰਚ ਨੂੰ ਆਪਣੇ ਸੌਂਹ ਚੁੱਕ ਸਮਾਗਮ ਸਮੇਂ ਜਿਹੜੇ ਚਿਹਰੇ ਆਪਣੇ ਕੈਬਨਿਟ ਵਿੱਚ ਸ਼ਾਮਿਲ ਕੀਤੇ ਸਨ ਉਨ੍ਹਾਂ ਤੋਂ ਇਲਾਵਾ ਹੁਣ ਤੱਕ ਹੋਰ ਕੋਈ ਨਵਾਂ ਵਿਸਥਾਰ ਨਹੀਂ ਕੀਤਾ ਗਿਆ ਹੈ। ਇਸਦੇ ਉਲਟਾ ਸਰਕਾਰ ਦੀ ਪਹਿਲੀ ਕੈਬਨਿਟ ਵਿੱਚੋਂ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਦੇ ਬਾਅਦ ਇੱਕ ਅਹੁਦਾ ਹੋਰ ਖਾਲੀ ਹੋ ਗਿਆ ਹੈ। ਇਸ ਸਮੇਂ ਕੈਬਨਿਟ ਦਾ ਪਹਿਲਾ ਵਿਸਥਾਰ ਹੀ ਇੱਕ ਸਾਲ ਤੋਂ ਉਡੀਕਾਂ ਵਿੱਚ ਹੈ ਅਤੇ ਹੁਣ ਇਹ ਉਡੀਕਾਂ ਜਲਦੀ ਖਤਮ ਹੋਣ ਦੀਆਂ ਕਿਆਸਰਾਈਆਂ ਲੱਗ ਰਹੀਆਂ ਹਨ। ਇਸ ਸਮੇਂ ਪੰਜਾਬ ਕੈਬਨਿਟ ਵਿੱਚ 6 ਤੋਂ ਲੈਕੇ 9 ਤੱਕ ਨਵੇਂ ਚਿਹਰੇ ਸ਼ਾਮਿਲ ਹੋਣ ਦੀ ਗੱਲ ਆਖੀ ਜਾ ਰਹੀ ਹੈ ਅਤੇ ਕਈ ਦਾਅਵੇਦਾਰਾਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਲਈ ਸਥਿਤੀ ਕੁੱਝ ਦੁਚਿੱਤੀ ਵਾਲੀ ਜਾਪ ਰਹੀ ਹੈ ਕਿਉਂਕਿ ਅਹੁਦੇ ਘੱਟ ਤੇ ਦਾਅਵੇਦਾਰ ਜਿਆਦਾ ਹਨ। ਜੇਕਰ ਕੋਈ ਦਾਅਵੇਦਾਰ ਨਾਰਾਜ਼ ਹੋਇਆ ਤਾਂ ਪਾਰਟੀ ਲਈ ਕੰਮ ਨੂੰ ਔਖਾ ਵੀ ਕਰ ਸਕਦਾ ਹੈ। ਅਜਿਹੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਇੱਕ ਸਾਲ ਤੋਂ ਦੇਖਣ ਅਤੇ ਪਰਖਣ ਵਾਲਾ ਕੰਮ ਕੀਤਾ ਜਾ ਰਿਹਾ ਲੱਗਦਾ ਹੈ। ਜਿਸ ਕਾਰਨ ਸਰਕਾਰ ਦਾ ਪਹਿਲਾ ਕੈਬਨਿਟ ਵਿਸਥਾਰ ਦੂਜੇ ਸਾਲ ਤੱਕ ਜਾ ਪਹੁੰਚਿਆ ਹੈ। 

ਇਸ ਸਮੇਂ ਦਾਅਵੇਦਾਰਾਂ ਦੀ ਸੂਚੀ ਵਿੱਚ ਮਾਝੇ ਅਤੇ ਮਾਲਵੇ ਦੇ ਕਈ ਨਾਂ ਹਨ ਅਤੇ ਦੁਆਬੇ ਵਿੱਚੋਂ ਇੱਕ ਮਾਤਰ ਕੈਬਨਿਟ ਮੰਤਰੀ ਬਣੇ ਰਾਣਾ ਗੁਰਜੀਤ ਦੇ ਅਸਤੀਫੇ ਦੇ ਬਾਅਦ ਦੁਆਬੇ ਖੇਤਰ ਨੂੰ ਵੀ ਦੋ ਕੈਬਨਿਟ ਦਾਵੇਦਾਰੀਆਂ ਮਿਲਣੀਆਂ ਪੱਕੀਆਂ ਲੱਗ ਰਹੀਆਂ ਹਨ। ਜੇਕਰ ਗੱਲ ਦੁਆਬੇ ਦੀ ਹੋਵੇ ਤਾਂ ਇਸ ਸਮੇਂ ਚਾਰ ਨਾਂ ਮੁੱਖ ਰੂਪ ਵਿੱਚ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚੋਂ ਨਵਜੋਤ ਸਿੱਧੂ ਨਾਲ ਪਾਰਟੀ ਵਿੱਚ ਆਏ ਪਰਗਟ ਸਿੰਘ, ਰਾਣਾ ਗੁਰਜੀਤ ਦੇ ਨਜਦੀਕੀ ਸੁਸ਼ੀਲ ਰਿੰਕੂ, ਸਾਬਕਾ ਕਾਂਗਰਸੀ ਆਗੂ ਚੌਧਰੀ ਜਗਜੀਤ ਸਿੰਘ ਦੇ ਲੜਕੇ ਚੌਧਰੀ ਸੁਰਿੰਦਰ ਅਤੇ ਸੰਗਤ ਸਿੰਘ ਗਿਲਜੀਆਂ ਦੇ ਨਾਂ ਪ੍ਰਮੁੱਖ ਹਨ। ਇਹਨਾਂ ਚਾਰਾਂ ਵਿੱਚੋਂ ਕਿਸੇ ਵੀ ਦੋ ਦੀ ਲਾਟਰੀ ਲੱਗ ਸਕਦੀ ਹੈ ਅਤੇ ਇਸਦਾ ਫੈਸਲਾ ਜਲਦ ਹੀ ਸਾਹਮਣੇ ਆਉਣ ਦੀ ਸੰਭਾਵਨਾ ਹੈ। 

ਦੂਜੇ ਪਾਸੇ, ਮਾਝਾ ਖੇਤਰ ਵਿੱਚ ਵੀ ਕੈਬਨਿਟ ਵਿਸਥਾਰ ਦੇ ਨਾਲ ਇੱਕ-ਦੋ ਹੋਰ ਲੋਕਾਂ ਨੂੰ ਮੌਕਾ ਮਿਲ ਸਕਦਾ ਹੈ। ਇਸ ਖੇਤਰ ਵਿੱਚ ਇਸ ਸਮੇਂ ਚਾਰ ਨਾਮ ਸਾਹਮਣੇ ਆ ਰਹੇ ਹਨ। ਇਹਨਾਂ ਵਿੱਚ ਸੁੱਖ ਸਰਕਾਰੀਆ, ਓ.ਪੀ. ਸੋਨੀ, ਰਾਜਕੁਮਾਰ ਵੇਰਕਾ ਅਤੇ ਸੁਖਜਿੰਦਰ ਰੰਧਾਵਾ ਦੇ ਨਾਵਾਂ ਦੀ ਚਰਚਾ ਹੈ। ਇਨ੍ਹਾਂ ਦੇ ਵਿੱਚੋਂ ਕਿਸੇ ਇੱਕ ਜਾਂ ਦੋ ਦਾ ਨੰਬਰ ਕੈਬਨਿਟ ਵਿਸਥਾਰ ਵਿੱਚ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹੁਣ ਇਸਦੇ ਬਾਅਦ ਬਚਦਾ ਹੈ ਮਾਲਵਾ, ਜਿੱਥੇ ਸਭ ਤੋਂ ਵੱਧ ਦਾਅਵੇਦਾਰ ਹਨ ਅਤੇ ਸਭ ਤੋਂ ਵੱਧ ਚਿਹਰੇ ਸ਼ਾਮਿਲ ਕੀਤੇ ਜਾਣ ਦੀ ਸੰਭਾਵਨਾ ਹੈ। ਮਾਲਵਾ ਵਿੱਚ ਕਾਂਗਰਸ ਰਾਜਨੀਤੀ ਦੇ ਕਈ ਖੁੰਢ ਬੈਠੇ ਹਨ ਅਤੇ ਸਭ ਦੇ ਕੋਲ ਆਪਣੀ-ਆਪਣੀ ਕੋਈ ਗਿੱਦੜਸਿੰਘੀ ਵੀ ਹੈ। ਇਸ ਖੇਤਰ ਦੇ ਸਭ ਤੋਂ ਵੱਡੇ ਦਾਅਵੇਦਾਰਾਂ ਵਿੱਚ ਵਿਜੈ ਇੰਦਰ ਸਿੰਗਲਾ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਮੁੱਖ ਚਰਚੇ ਹਨ। ਸਿੰਗਲਾ ਦਾ ਨਾਂ ਰਾਹੁਲ ਗਾਂਧੀ ਦੇ ਕੋਟੇ ਵਿੱਚ ਸੋਢੀ ਦਾ ਨਾਂ ਕੈਪਟਨ ਦੇ ਆਪਣੇ ਕੋਟੇ ਵਿੱਚ ਤੈਅ ਮੰਨਿਆ ਜਾ ਰਿਹਾ ਹੈ। ਇਹਨਾਂ ਤੋਂ ਇਲਾਵਾ ਪਹਿਲੀ ਵਾਰ ਮੰਤਰੀ ਬਣਨ ਤੋਂ ਖੁੰਝੇ ਪਰ ਡਿਪਟੀ ਸਪੀਕਰ ਬਣਨ ਵਿੱਚ ਕਾਮਯਾਬ ਹੋਏ ਅਜਾਇਬ ਸਿੰਘ ਭੱਟੀ ਦੀ ਦਾਅਵੇਦਾਰੀ ਵੀ ਬਹੁਤ ਜਿਆਦਾ ਮਜਬੂਤ ਹੈ। ਇਸੇ ਤਰ੍ਹਾਂ ਯੂਥ ਕੋਟੇ ਵਿੱਚ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਦੇ ਚਰਚੇ ਵੀ ਬਹੁਤ ਜਿਆਦਾ ਹਨ। ਰਾਜਾ ਵੜਿੰਗ ਨੂੰ ਕੈਬਨਿਟ ਅਹੁਦਾ ਮਿਲਣ ਤੋਂ ਸਿਰਫ ਇੱਕ ਕਾਰਨ ਰੋਕ ਸਕਦਾ ਹੈ ਕਿ ਉਹ ਮੌਜੂਦਾ ਸਮੇਂ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਹਨ, ਜੋ ਖੁਦ ਇੱਕ ਬਹੁਤ ਵੱਡਾ ਅਹੁਦਾ ਹੈ। 

ਇਸੇ ਤਰ੍ਹਾਂ ਹਲਕਾ ਰਾਮਪੁਰਾ ਫੂਲ ਤੋਂ ਅਕਾਲੀ ਦਲ ਦੇ ਥੰਮ ਸਿਕੰਦਰ ਸਿੰਘ ਮਲੂਕਾ ਨੂੰ ਹਰਾ ਕੇ ਤੀਜੀ ਵਾਰ ਵਿਧਾਇਕ ਬਣੇ ਗੁਰਪ੍ਰੀਤ ਸਿੰਘ ਕਾਂਗੜ ਦੀ ਦਾਅਵੇਦਾਰੀ ਵੀ ਮਜਬੂਤ ਹੈ। ਕਾਂਗੜ ਅਤੇ ਕੈਪਟਨ ਵਿੱਚ ਆਪਸੀ ਨਜਦੀਕੀ ਵੀ ਇਸ ਦਾਅਵੇਦਾਰੀ ਨੂੰ ਹੋਰ ਮਜਬੂਤੀ ਦੇ ਸਕਦੀ ਹੈ। ਇਸਦੇ ਨਾਲ ਹੀ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਖੋਟੇ ਵੀ ਆਪਣੇ ਤਜਰਬੇ ਦੇ ਆਧਾਰ 'ਤੇ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਦਰਸ਼ਨ ਬਰਾੜ ਦੀ ਦਾਅਵੇਦਾਰੀ ਨੂੰ ਪਿਛਲੇ ਸਾਲ ਵੀ ਕਾਫੀ ਮਜਬੂਤ ਦੇਖਿਆ ਗਿਆ ਸੀ ਅਤੇ ਇਸ ਵਾਰ ਵੀ ਉਨ੍ਹਾਂ ਦੇ ਪੱਖ ਵਿੱਚ ਕਈ ਅਫਵਾਹਾਂ ਆ ਰਹੀਆਂ ਹਨ। ਇਸੇ ਤਰ੍ਹਾਂ ਯੂਥ ਕੋਟੇ ਵਿੱਚ ਕੁਲਜੀਤ ਨਾਗਰਾ ਅਤੇ ਕੁਸ਼ਲਦੀਪ ਢਿੱਲੋਂ ਦੇ ਨਾਵਾਂ ਦੀ ਚਰਚਾ ਵੀ ਗਰਮ ਹੈ। 

ਇਸ ਸਭ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਹਾਈਕਮਾਨ ਲਈ ਸਹੀ ਦਾਅਵੇਦਾਰ ਦੀ ਚੋਣ ਕਰਨਾ ਭਾਵੇਂ ਔਖਾ ਕੰਮ ਹੈ ਪਰ ਕੈਬਨਿਟ ਦੇ ਦਾਅਵੇਦਾਰ ਕਈ ਦਿੱਗਜਾਂ ਨੂੰ ਪਿਛਲੇ ਸਾਲ ਹਰਾਕੇ ਲੋਕਾਂ ਨੇ ਇਹ ਸਿਰਦਰਦੀ ਕੁੱਝ ਘੱਟ ਵੀ ਕੀਤੀ ਸੀ। ਇਨ੍ਹਾਂ ਦੇ ਹਾਰੇ ਹੋਏ ਦਾਅਵੇਦਾਰਾਂ ਵਿੱਚ ਰਾਜਿੰਦਰ ਕੌਰ ਭੱਠਲ, ਸੁਨੀਲ ਜਾਖੜ, ਜੋਗਿੰਦਰ ਪੰਜਗਰਾਈਂ, ਹਰਮਿੰਦਰ ਜੱਸੀ, ਅਜੀਤਿੰਦਰ ਸਿੰਘ ਮੋਫਰ ਅਤੇ ਕਰਨ ਕੌਰ ਬਰਾੜ ਆਦਿ ਦੇ ਨਾਂ ਪ੍ਰਮੁੱਖ ਹਨ। ਜੇਕਰ ਇਹਨਾਂ ਦਿੱਗਜਾਂ ਚੋਂ ਕੋਈ ਇੱਕ ਵੀ ਚੋਣ ਜਿੱਤਣ 'ਚ ਕਾਮਯਾਬ ਹੋਇਆ ਹੁੰਦਾ ਤਾਂ ਸ਼ਾਇਦ ਉਹ ਪਹਿਲੀ ਵਾਰ ਸਰਕਾਰ ਬਣਨ ਸਮੇਂ ਹੀ ਕੈਬਨਿਟ ਦਾ ਹਿੱਸਾ ਹੁੰਦਾ ਅਤੇ ਨਹੀਂ ਤਾਂ ਇਸ ਵਾਰ ਮੰਤਰੀ ਦਾ ਅਹੁਦਾ ਪੱਕਾ ਸੀ। ਫਿਲਹਾਲ ਇਹਨਾਂ ਸਭ ਲਈ ਤਾਂ ਇਹ ਬੱਸ ਇੱਕ ਟੁੱਟਿਆ ਹੋਇਆ ਸੁਪਨਾ ਹੈ ਕਿਉਂਕਿ ਇਹ ਹਾਰੇ ਹੋਏ ਹਨ ਪਰ ਜਿਹੜੇ ਜਿੱਤੇ ਹੋਏ ਦਾਅਵੇਦਾਰ ਹਨ ਉਨ੍ਹਾਂ ਦਾ ਸੁਪਨਾ ਹਾਲੇ ਵੀ ਪੂਰਾ ਹੋਣ ਦੀ ਉਮੀਦ ਹੈ। ਵੇਖਣਯੋਗ ਹੋਵੇਗਾ ਕਿ ਮੰਤਰੀ ਬਣਨ ਦਾ ਕਿਸਦਾ ਸੁਪਨਾ ਪਹਿਲਾ ਪੂਰਾ ਹੁੰਦਾ ਹੈ। ਅਗਲੇ ਭਾਗ ਵਿੱਚ ਸਰਕਾਰ ਦੇ ਪਹਿਲੇ ਇੱਕ ਸਾਲ ਦੇ ਕਿਸੇ ਹੋਰ ਮੁੱਦੇ ਦੇ ਬਾਰੇ ਵਿੱਚ ਸਮੀਖਿਆ ਹਵੇਗੀ ..... (ਚੱਲਦਾ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।