1947 ਵੇਲੇ ਦਾ ਕਤਲੇਆਮ ਅਤੇ ''ਕੇਸਰ-ਏ-ਹਿੰਦ'' ਪੁੱਲ..!!

Last Updated: Mar 13 2018 12:05

ਜਿਵੇਂ ਕਿ ਦੋਸਤੋ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਸਾਡਾ ਹਿੰਦੁਸਤਾਨ 1947 ਦੇ ਵਿੱਚ ਆਜ਼ਾਦ ਹੋਇਆ। 1947 ਤੋਂ ਪਹਿਲੋਂ ਹਿੰਦੁਸਤਾਨ 'ਤੇ ਅੰਗਰੇਜ਼ ਹਕੂਮਤ ਦਾ ਰਾਜ ਸੀ ਅਤੇ ਅੰਗਰੇਜ਼ ਹਕੂਮਤ ਨੇ ਆਪਣੇ ਰਾਜ ਭਾਗ ਦੇ ਦੌਰਾਨ ਹਿੰਦੁਸਤਾਨ ਵਿੱਚ ਬਹੁਤ ਕੁਝ ਬਣਾਇਆ। ਜਿਨ੍ਹਾਂ ਦੇ ਵਿੱਚ ਨਵੀਆਂ ਸੜਕਾਂ, ਹਵਾਈ ਅੱਡੇ, ਰੇਲ ਆਦਿ ਅਤੇ ਹੋਰ ਵੀ ਬਹੁਤ ਕੁਝ ਸੀ। ਅੰਗਰੇਜ਼ ਹਕੂਮਤ ਵੱਲੋਂ ਭਾਵੇਂ ਹੀ ਆਪਣੇ ਰਾਜ ਭਾਗ ਦੇ ਦੌਰਾਨ ਇਹ ਸਾਰੀਆਂ ਵਸਤਾਂ ਆਪਣੇ ਆਉਣ ਜਾਣ ਲਈ ਬਣਾਈਆਂ ਸੀ, ਪਰ 1947 ਦੇ ਬਟਵਾਰੇ ਤੋਂ ਬਾਅਦ ਇਹ ਹੀ ਵਸਤਾਂ ਸਾਡੇ ਸਭ ਤੋਂ ਵੱਧ ਕੰਮ ਆਈਆਂ। ਵੇਖਿਆ ਜਾਵੇ ਤਾਂ ਅੰਗਰੇਜ਼ ਹਕੂਮਤ ਦੁਆਰਾ ਤਿਆਰ ਕੀਤੀਆਂ ਗਈਆਂ ਕਈ ਸੜਕਾਂ ਅਤੇ ਰੇਲ ਲਾਈਨਾਂ ਹਾਲੇ ਵੀ ਭਾਰਤ ਵਿੱਚ ਸਹੀ ਸਲਾਮਤ ਹਨ, ਪਰ ਸਮੇਂ ਦੀਆਂ ਸਰਕਾਰਾਂ ਕਾਰਨ ਕਾਫ਼ੀ ਜ਼ਿਆਦਾ ਖ਼ਰਾਬ ਹੋਈਆਂ ਪਈਆਂ ਹਨ, ਜਿਨ੍ਹਾਂ ਦੀ ਹੁਣ ਤੱਕ ਕੋਈ ਸਾਰ ਨਹੀਂ ਲਈ ਜਾ ਰਹੀ। ਦੋਸਤੋ, ਆਪਾ ਇਸ ਲੇਖ ਵਿੱਚ 1947 ਤੋਂ ਬਾਅਦ ਦੇ ਭਾਰਤ ਪਾਕ ਵਪਾਰ, ਕਤਲੇਆਮ ਅਤੇ ''ਕੇਸਰ-ਏ-ਹਿੰਦ'' ਪੁੱਲ ਦੇ ਬਾਰੇ ਗੱਲਬਾਤ ਕਰਾਂਗੇ। 

ਦੋਸਤੋ, 1947 ਦੌਰਾਨ ਅਸੀਂ ਅੰਗਰੇਜ਼ ਹਕੂਮਤ ਦੇ ਜਾਲ ਵਿੱਚੋਂ ਭਾਵੇਂ ਨਿਕਲ ਕੇ ਆਜ਼ਾਦ ਤਾਂ ਹੋ ਗਏ, ਪਰ ਭਾਰਤ ਵਿੱਚ ਹਾਲੇ ਵੀ ਬਹੁਤ ਸਾਰੇ ਇਲਾਕੇ ਅਜਿਹੇ ਹਨ, ਜੋ ਹੁਣ ਵੀ ਗ਼ੁਲਾਮੀ ਦੀਆਂ ਜ਼ੰਜੀਰਾ ਦੇ ਨਾਲ ਜਕੜੇ ਪਏ ਹਨ ਅਤੇ 70 ਸਾਲ ਦੀ ਹੋਈ ਆਜ਼ਾਦੀ ਤੋਂ ਬਾਅਦ ਵੀ ਉਨ੍ਹਾਂ ਨੂੰ ਕਿਸੇ ਨੇ ਵੀ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਦੋਸਤੋ, 1947 ਵੇਲੇ ਅੰਗਰੇਜ਼ ਹਕੂਮਤ ਨੇ ਅਜਿਹੀ ਚਾਲ ਚੱਲੀ ਕਿ ਇੱਕੋ ਦੇਸ਼ ਦੇ ਦੋ ਟੁਕੜੇ ਕਰ ਦਿੱਤੇ ਅਤੇ ਜਿਸ ਨੂੰ ਨਾਮ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਦੇ ਦਿੱਤਾ। ਇੱਕ ਦੇਸ਼ ਦੇ ਦੋ ਟੁਕੜੇ ਹੁੰਦਿਆਂ ਵੇਖ ਕੇ ਕਈ ਲੋਕਾਂ ਨੇ ਤਾਂ ਮੌਤ ਨੂੰ ਗਲੇ ਲਗਾ ਲਿਆ। ਦੂਜੇ ਪਾਸੇ ਵੇਖੀਏ ਤਾਂ ਅੰਗਰੇਜ਼ ਹਕੂਮਤ ਦੇਸ਼ ਦੇ ਅਜਿਹੇ ਦੋ ਟੁਕੜੇ ਕਰਕੇ ਚਲੇ ਗਏ, ਜਿਨ੍ਹਾਂ ਟੁਕੜਿਆਂ ਦਾ ਦਰਦ ਅੱਜ ਵੀ ਪਾਕਿਸਤਾਨ ਅਤੇ ਭਾਰਤ ਬੈਠੇ ਪੁਰਾਣੇ ਬਜ਼ੁਰਗ ਯਾਦ ਕਰਕੇ ਆਪਣੀਆਂ ਅੱਖਾਂ ਵਿੱਚ ਹੰਝੂ ਲੈ ਆਉਂਦੇ ਹਨ। ਕਿਉਂਕਿ 1947 ਦੌਰਾਨ ਸਾਡੇ ਦੇਸ਼ ਉੱਪਰ ਇੰਨੇ ਕਤਲੇਆਮ ਹੋਏ ਕਿ ਕੋਈ ਕਹਿਣ ਦੀ ਹੱਦ ਨਹੀਂ। ''47 ਤੋਂ ਪਹਿਲੋਂ ਸਾਡੀ ਹਿੰਦ-ਪਾਕ ਦੀ ਆਪਸੀ ਸਾਂਝ ਪਿਆਰ ਦੀ ਗੰਢ ਡੂੰਘੀ ਸੀ।

ਦੋਸਤੋ, ਗੱਲ ਜੇਕਰ ਮੈਂ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਕਰਾਂ ਤਾਂ ਆਜ਼ਾਦੀ ਮੌਕੇ ਹੋਏ ਕਤਲੇਆਮ ਦੀਆਂ ਕਈ ਦਾਸਤਾਨਾਂ ਪਾਕਿਸਤਾਨ ਦੀ ਹੱਦ ਨਾਲ ਲੱਗਦੇ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਆਪਣੇ ਦਿਲ ਵਿੱਚ ਸਮਾਈ ਬੈਠਾ ਹੈ, ਕਿਉਂਕਿ ਹੁਸੈਨੀਵਾਲਾ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਰੇਲਵੇ ਸਟੇਸ਼ਨ ਗੰਡਾ ਸਿੰਘ ਵਾਲਾ, ਕਸੂਰ, ਲਾਹੌਰ ਅਤੇ ਪਿਸ਼ਾਵਰ ਆਦਿ ਦਾ ਫ਼ਿਰੋਜ਼ਪੁਰ ਨਾਲ ਡੂੰਘਾ ਸਬੰਧ ਹੈ, ਪਰ ਅਜ਼ਾਦੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ 1965 ਅਤੇ 1971 ਵਿੱਚ ਵਿਗੜੇ ਸਬੰਧਾਂ ਕਾਰਨ ਕਈ ਪੁਰਾਣੀਆਂ ਥਾਵਾਂ ਵਿੱਚ ਤਬਦੀਲੀਆਂ ਆ ਗਈਆਂ, ਪਰ ਕਈ ਪੁਰਾਣੀਆਂ ਇਤਿਹਾਸਕ ਥਾਵਾਂ ਦੀਆਂ ਨਿਸ਼ਾਨੀਆਂ ਅੱਜ ਵੀ ਫ਼ਿਰੋਜ਼ਪੁਰ ਵਿੱਚ ਮੌਜੂਦ ਹਨ।

ਫ਼ਿਰੋਜ਼ਪੁਰ ਰੇਲਵੇ ਮੰਡਲ ਵਿੱਚ ਤਾਇਨਾਤ ਇੱਕ ਰੇਲ ਅਧਿਕਾਰੀ ਨਾਲ ਜਦੋਂ ਮੈਂ ''ਕੇਸਰ-ਏ ਹਿੰਦ'' ਰੇਲਵੇ ਪੁਲ ਬਾਰੇ ਜਾਣਨਾ ਚਾਹਿਆ ਤਾਂ ਉਨ੍ਹਾਂ ਦੱਸਿਆ ਕਿ ਭਾਵੇਂ ਹੀ ਅੱਜ ਫ਼ਿਰੋਜ਼ਪੁਰ ਤੋਂ ਮੁੰਬਈ ਨੂੰ ਚੱਲਦੀ ਰੇਲ ਨੂੰ ਹਰ ਕੋਈ ਜਾਣਦਾ ਹੈ, ਪਰ ਪੁਰਾਤਨ ਸਮੇਂ ਵਿੱਚ ਇਹ ਰੇਲ ''ਕੇਸਰ -ਏ-ਹਿੰਦ'' ਪੁੱਲ ਬਣਨ ਤੋਂ ਬਾਅਦ ਅੰਗਰੇਜ਼ੀ ਹਕੂਮਤ ਨੇ ਆਪਣੀ ਸਹੂਲਤ ਲਈ ਤਿਆਰ ਕਾਰਵਾਈ ਸੀ ਜੋ ਮੁੰਬਈ ਅਤੇ ਲਾਹੌਰ (ਪਾਕਿਸਤਾਨ) ਨੂੰ ਚੱਲਦੀ ਹੁੰਦੀ ਸੀ । ਇਸ ਰੇਲ ਦਾ ਪਹਿਲੇ ਤਿੰਨ ਸ਼੍ਰੇਣੀ ਦੇ ਡੱਬੇ ਅੰਗਰੇਜ਼ਾਂ ਨੇ ਆਪਣੇ ਲਈ ਰੱਖੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸਫ਼ਰ ਆਦਿ ਕਰਿਆ ਕਰਦੇ ਸਨ, ਪਰ ਇਸ ਸਟੀਮ ਇੰਜਨ ਰੇਲ ਨੂੰ ਅੰਗਰੇਜ਼ ਆਪਣੀ ਲੋੜ ਅਨੁਸਾਰ ਚਲਾਉਂਦੇ ਸਨ। ਇਹ ਮੁੰਬਈ ਤੋਂ 2496 ਕਿੱਲੋਮੀਟਰ ਤੈਅ ਕਰਕੇ ਫ਼ਿਰੋਜ਼ਪੁਰ, ਹੁਸੈਨੀਵਾਲਾ, ''ਕੇਸਰੀ-ਏ-ਹਿੰਦ ਪੁੱਲ'', ਗੰਡਾ ਸਿੰਘ ਵਾਲਾ ਤੋਂ ਹੁੰਦੀ ਹੋਈ ਲਾਹੌਰ (ਪਾਕਿਸਤਾਨ) ਤੱਕ ਜਾਂਦੀ ਸੀ।

ਇਤਿਹਾਸਕ ਤੱਥਾਂ ਅਨੁਸਾਰ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਰੇਲ ਪੰਜਾਬ ਮੇਲ ਦੇ ਨਾਮ 'ਤੇ ਪੱਕੇ ਤੌਰ 'ਤੇ ਚੱਲਣ ਲੱਗੀ, ਪਰ ਦੋਨਾਂ ਦੇਸ਼ਾਂ ਵਿੱਚ 1965 ਅਤੇ 1971 ਦੌਰਾਨ ਵਿਗੜੇ ਸਬੰਧਾਂ ਕਾਰਨ ''ਕੇਸਰ-ਏ-ਹਿੰਦ'' ਪੁੱਲ ਜੋ ਸਤਲੁਜ ਦਰਿਆ ਦੇ ਉੱਪਰ ਬਣਿਆ ਸੀ ਪਾਕਿਸਤਾਨ ਵਾਲੀ ਸਾਈਡ ਬਣੀ ਰੇਲਵੇ ਪਟੜੀ ਨਾਲੋਂ ਟੁੱਟ ਗਿਆ, ਪਰ ਹੁਸੈਨੀਵਾਲਾ ਤੱਕ ਸਤਲੁਜ ਦਰਿਆ ਦੇ ਪੁੱਲ ਤੱਕ ਅੱਜ ਵੀ ਪਟੜੀ ਮੌਜੂਦ ਹੈ ਅਤੇ ਹਰ ਸਾਲ ਵਿੱਚ ਦੋ ਵਾਰ 23 ਮਾਰਚ ਅਤੇ 13 ਅਪ੍ਰੈਲ ਵਾਲੇ ਦਿਨ ਫ਼ਿਰੋਜ਼ਪੁਰ ਛਾਉਣੀ ਤੋਂ ਹੁਸੈਨੀਵਾਲਾ ਤੱਕ ਰੇਲਵੇ ਵਿਭਾਗ ਵੱਲੋਂ ਲੋਕਲ ਰੇਲ ਚੱਲਦੀ ਹੈ।

ਦੋਸਤੋ, ਤੁਹਾਨੂੰ ਇਹ ਵੀ ਦੱਸ ਦੇਈਏ ਕਿ ਅੰਗਰੇਜ਼ ਹਕੂਮਤ ਦੁਆਰਾ ਸਤਲੁਜ ਦਰਿਆ ਉੱਪਰ ਬਣਵਾਏ ਗਏ ''ਕੇਸਰ-ਏ-ਹਿੰਦ'' ਰੇਲ ਪੁਲ ਆਜ਼ਾਦੀ ਦੇ 70 ਵਰ੍ਹਿਆਂ ਪਿੱਛੋਂ ਅੱਜ ਵੀ ਇਸ ਪੁੱਲ ਦੇ ਪਿੱਲਰ ਸਤਲੁਜ ਦਰਿਆ ਵਿੱਚ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਖੜ੍ਹੇ ਹਨ, ਜੋ ਪੁਰਾਣੇ ਇਤਿਹਾਸ ਦੇ ਗੁਵਾਹ ਹਨ। ਰੇਲਵੇ ਅਧਿਕਾਰੀ ਨੇ ਫ਼ਿਰੋਜ਼ਪੁਰ ਸ਼ਹਿਰ ਤੋਂ ਬਾਅਦ ਹੁਸੈਨੀਵਾਲਾ ਸਟੇਸ਼ਨ ਜੋ ਸਿੰਚਾਈ ਵਿਭਾਗ ਦੀ ਵਰਕਸ਼ਾਪ ਦੇ ਨੇੜੇ ਕਦੀ ਹੁੰਦਾ ਸੀ, ਭਾਵੇਂ ਹੀ ਉਹ ਅੱਜ ਸਟੇਸ਼ਨ ਖ਼ਤਮ ਹੋ ਚੁੱਕਿਆ ਹੈ, ਪਰ ਭਾਰਤ ਪਾਕਿਸਤਾਨ ਬਣਨ ਤੋਂ ਪਹਿਲੋਂ ਲਾਹੌਰ ਅਤੇ ਕਸੂਰ ਤੋਂ ਆਉਣ ਵਾਲੇ ਮਜ਼ਦੂਰ ਲੋਕ ਹੁਸੈਨੀਵਾਲਾ ਸਟੇਸ਼ਨ 'ਤੇ ਉਤਰ ਕੇ ਸਿੰਚਾਈ ਵਿਭਾਗ ਦੀ ਵਰਕਸ਼ਾਪ ਵਿੱਚ ਕੰਮ ਕਰਦੇ ਸਨ। ਹਿਮਾਚਲ ਦੇ ਨਾਲਾ ਗੜ੍ਹ ਤੋਂ ਆਉਣ ਵਾਲਾ ਪੱਥਰ ਇਸ ਸਟੇਸ਼ਨ 'ਤੇ ਉਤਾਰਿਆ ਜਾਂਦਾ ਸੀ, ਜਿਸ ਨਾਲ ਸਤਲੁਜ ਦਰਿਆ ਦੇ ਕੰਢੇ ਮਜ਼ਬੂਤ ਕੀਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਅੱਜ ਨਾਂਅ ਤਾਂ ਹੁਸੈਨੀਵਾਲਾ ਵਿਖੇ ਕੋਈ ਸਟੇਸ਼ਨ ਹੈ ਨਾ ਹੀ ਕੋਈ ਨਿਸ਼ਾਨ, ਪਰ ਵਰਕਸ਼ਾਪ ਅੱਜ ਵੀ ਮੌਜੂਦ ਹੈ। 

ਸੋ, ਦੋਸਤੋ, ਭਾਵੇਂ ਹੀ ਪਾਕਿਸਤਾਨ ਨਾਲ ਭਾਰਤ ਨੂੰ ਜੋੜਦੇ ਰਸਤੇ ਸਮਾਂ ਪੈਣ 'ਤੇ ਖ਼ਤਮ ਹੁੰਦੇ ਜਾ ਰਹੇ ਹਨ, ਪਰ ਅੱਜ ਹੁਸੈਨੀਵਾਲਾ ਸਮਾਰਕਾਂ ਦੇਖਣ ਆ ਰਹੇ ਲੋਕ ਅੱਜ ਵੀ ਪੁਰਾਣੀ ਪਟੜੀ ਅਤੇ ਪੁਰਾਣੇ ਖੜ੍ਹੇ ਰੇਲਵੇ ਪੁਲ ਦੇ ਸਤੰਭ ਦੇਖਦੇ ਹਨ। ਇਸ ਤੋਂ ਇਲਾਵਾ ਹੁਸੈਨੀਵਾਲਾ ਸਰਹੱਦ 'ਤੇ ਸ਼ਹੀਦ-ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਤੋਂ ਇਲਾਵਾ ਬੀ. ਕੇ ਦੱਤ ਅਤੇ ਪੰਜਾਬ ਮਾਤਾ, 1965 ਅਤੇ 1971 ਦੀਆਂ ਜੰਗਾਂ ਦੌਰਾਨ ਸ਼ਹੀਦ ਹੋਣ ਵਾਲੇ ਸ਼ਹੀਦ ਭਾਰਤੀ ਫ਼ੌਜੀ ਵੀਰਾਂ ਦੀਆਂ ਇਤਿਹਾਸ ਨਾਲ ਸਬੰਧਿਤ ਯਾਦਗਾਰਾਂ ਵੀ ਦੇਖਣ ਨੂੰ ਮਿਲਦੀਆਂ ਹਨ।

ਨੋਟ:- ਉਕਤ ਵਿੱਚਾਰ ਲੇਖਕ ਦੇ ਆਪਣੇ ਨਿਜੀ ਵਿੱਚਾਰ ਹਨ, NewsNumber ਇਨ੍ਹਾਂ ਵਿੱਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।