ਕਿਹੋ ਜਿਹਾ ਹੋਵੇ ਲਾਡਲਿਆਂ ਲਈ ਸਕੂਲ (ਭਾਗ ਪੰਜਵਾਂ)

Last Updated: Mar 13 2018 10:26

ਇਸ ਲੜੀਵਾਰ ਲੇਖ ਦੌਰਾਨ ਪਿਛਲੇ ਚਾਰ ਅੰਕਾਂ 'ਚ ਪਾਠਕਾਂ ਨੇ ਜਾਣਿਆ ਕਿ ਸਕੂਲ ਦੀ ਚੋਣ ਕਰਨ ਲਈ ਕਿਹੜੀਆਂ ਗੱਲਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਤਾਜੋਂ ਆਪਣੇ ਬੱਚਿਆਂ ਨੂੰ ਚੰਗੇ ਸਕੂਲ 'ਚ ਦਾਖਲ ਕਰਵਾਇਆ ਜਾਵੇ, ਜਿਸ ਨਾਲ ਜਿੱਥੇ ਉਸ ਦੀ ਸਿੱਖਿਆ ਦੀ ਨੀਂਹ ਮਜ਼ਬੂਤ ਰੱਖੀ ਜਾ ਸਕੇ ਤਾਜੋਂ ਅੱਗੇ ਚੱਲ ਕੇ ਜਿੱਥੇ ਉਹ ਇੱਕ ਚੰਗਾ ਮੁਕਾਮ, ਰੁਤਬਾ, ਪਹਿਚਾਣ ਹਾਸਿਲ ਕਰੇ ਉੱਥੇ ਹੀ ਉਸ ਦੀ ਪਹਿਚਾਣ ਇੱਕ ਚੰਗੇ ਮਨੁੱਖ, ਨਾਗਰਿਕ ਹੋਣ ਦੀ ਵੀ ਬਣੇ , ਇਹ ਤਦ ਹੀ ਸੰਭਵ ਹੈ ਜੇ ਉਸ ਨੂੰ ਆਪਣੇ ਸਕੂਲ ਤੋਂ ਕਿਤਾਬੀ ਪੜ੍ਹਾਈ ਦੇ ਨਾਲ ਸਮਾਜ ਵਿੱਚ ਵਿਚਰਨ ਲਈ ਆਪਣਿਆਂ ਤੋਂ ਵੱਡਿਆਂ ਦਾ ਮਾਣ ਸਨਮਾਨ, ਮਾਪਿਆਂ, ਅਧਿਆਪਕਾਂ ਦੀ ਇੱਜ਼ਤ ਕਰਨੀ ਅਤੇ ਦੇਸ਼ ਪ੍ਰਤੀ ਦੇਸ਼ ਭਾਵਨਾ ਦਾ ਜਜ਼ਬਾ ਮਿਲੇ। ਪਾਠਕਾਂ ਨੂੰ ਧਿਆਨ ਰਹੇ ਕਿ ਪਿਛਲੇ ਅੰਕਾਂ 'ਚ ਸਿੱਖਿਆ ਮਾਹਿਰਾਂ ਨੇ ਦੱਸਿਆਂ ਕਿ ਬੱਚੇ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਖੁੱਲ ਮਿਲੇ ਅਤੇ ਉਹ ਇਸ ਦੇ ਲਈ ਬਿਨਾਂ ਕਿਸੇ ਦਬਾਅ ਅਤੇ ਸੰਕੋਚ ਦੇ ਉਸ ਨੂੰ ਚੰਗੇ ਤਰੀਕੇ ਨਾਲ ਪੇਸ਼ ਕਰ ਸਕੇ ਤਾਜੋਂ ਉਸ ਦੇ ਵਿੱਚ ਆਤਮਵਿਸ਼ਵਾਸ ਪੈਦਾ ਹੋ ਸਕੇ, ਇਸ ਦੇ ਨਾਲ ਕਲਾਸ ਰੂਮ 'ਚ ਬੱਚਿਆਂ ਦੀ ਵੱਧ ਗਿਣਤੀ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਵੱਧ ਬੱਚਿਆਂ ਦੇ ਵਿਚਕਾਰ ਜਿੱਥੇ ਤੁਹਾਡਾ ਬੱਚਾ ਅਧਿਆਪਕ ਦੇ ਵਿਅਕਤੀਗਤ ਪਹੁੰਚ ਤੋਂ ਦੂਰ ਰਹੇਗਾ ਉੱਥੇ ਹੀ ਹੋਰ ਬੱਚਿਆਂ ਨਾਲ ਵੀ ਅਜਿਹਾ ਕੁਛ ਵਾਪਰ ਸਕਦਾ ਹੈ, ਕਿਉਂਕਿ ਬੱਚੇ ਦਾ ਸਾਰਿਆ ਦੇ ਲਾਡਲੇ ਹੀ ਹੁੰਦੇ ਹਨ। ਟਿਊਸ਼ਨ ਦੀ ਲੱਤ ਵੀ ਬੱਚੇ ਨੂੰ ਆਪਣੇ ਆਪ 'ਚ ਕਮਜ਼ੋਰ ਕਰਦੀ ਹੈ ਅਤੇ ਸਕੂਲ ਦੇ ਟੀਚਰਾਂ ਦੇ ਰਵਈਏ ਵੀ ਬੱਚੇ 'ਤੇ ਵੱਡਾ ਅਸਰ ਪਾਉਂਦੇ ਹਨ, ਇਸ ਲਈ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਜਾਣਨਾ ਅਤੇ ਪਰਖ ਲੈਣਾ ਜ਼ਰੂਰੀ ਹੈ....( ਹੁਣ ਅੱਗੇ )

ਅੱਜ ਤੋਂ ਕੋਈ 30-40 ਸਾਲ ਤੋਂ ਵੀ ਪਹਿਲਾਂ ਦੀ ਗੱਲ ਕਰੀਏ ਤਾਂ ਅਕਸਰ ਹੀ ਵੇਖਣ ਨੂੰ ਮਿਲਦਾ ਸੀ ਕਿ ਅਧਿਆਪਕ ਦੇ ਹੱਥ ਵਿੱਚ ਡੰਡਾ ਹੁੰਦਾ ਸੀ, 'ਤੇ ਉਸ ਸਮੇਂ ਜਾਂ ਉਸ ਤੋਂ ਪਹਿਲਾ ਪੜ੍ਹਦੇ ਬੱਚੇ ਮੁਰਗ਼ਾ ਤਾਂ ਹਰ ਕੋਈ ਬਣਿਆ ਹੋਵੇਗਾ। ਅਧਿਆਪਕ ਦਾ ਡਰ ਬੱਚਿਆਂ ਵਿੱਚ ਹੁੰਦਾ ਸੀ 'ਤੇ ਕਿਸੇ ਗ਼ਲਤੀ 'ਤੇ ਜਾਂ ਫਿਰ ਸਕੂਲ ਦਾ ਕੰਮ ਨਹੀਂ ਕਰਕੇ ਆਉਣ ਤੇ ਡੰਡੇ ਜ਼ਰੂਰ ਪੈਂਦੇ ਸਨ, ਪੁੱਠੇ ਹੱਥ ਦੀਆਂ ਉਂਗਲਾਂ 'ਤੇ ਪੈਂਦੀ ਮਾਰ ਖਾ ਕੇ ਉੱਚੇ-ਉੱਚੇ ਅਹੁਦਿਆਂ 'ਤੇ ਬੈਠਣ ਵਾਲੇ ਲੋਕਾਂ ਨੂੰ ਉਹ ਮਾਰ ਅਤੇ ਡਾਂਟ ਉਮਰ ਭਰ ਨਹੀਂ ਭੁੱਲਣੀ, ਜਿਸ ਨੇ ਉਨ੍ਹਾਂ ਨੂੰ ਉੱਚੇ ਅਹੁਦੇ 'ਤੇ ਬਿਠਾਉਣ ਦੇ ਨਾਲ-ਨਾਲ ਉਨ੍ਹਾਂ ਅੰਦਰਲੇ ਮਨੁੱਖ ਅਤੇ ਮਨੁੱਖਤਾ ਨੂੰ ਵੀ ਜਿਉਂਦਾ ਰੱਖਿਆ। ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਅਧਿਆਪਕ ਦੇ ਹੱਥ ਵਿੱਚ ਡੰਡਾ ਜਾਂ ਥੱਪੜ ਮਾਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਅੱਜਕੱਲ੍ਹ ਤਾਂ ਅਧਿਆਪਕ ਬੱਚੇ ਨੂੰ ਡਾਂਟ ਵੀ ਨਹੀਂ ਸਕਦਾ, ਇਸੇ ਕਰਕੇ ਜਿੱਥੇ ਬੱਚਿਆਂ ਦਾ ਆਪਣੇ ਅਧਿਆਪਕਾਂ ਪ੍ਰਤੀ ਇੱਜ਼ਤ ਜਾਂ ਫਿਰ ਡਰ ਘੱਟ ਗਿਆ ਹੈ ਉੱਥੇ ਹੀ ਅਧਿਆਪਕਾਂ ਦਾ ਵੀ ਰਵੱਈਆ ਬੱਚਿਆਂ ਪ੍ਰਤੀ ਬਦਲ ਗਿਆ ਹੈ, ਅਧਿਆਪਕ ਸਿਰਫ਼ ਕਲਾਸ 'ਚ ਪੜ੍ਹਾਉਣ ਤੱਕ ਹੀ ਆਪਣੇ ਆਪ ਨੂੰ ਸੀਮਤ ਰੱਖਦਾ ਹੈ।

ਇਸ ਮੁੱਦੇ 'ਤੇ ਸਿੱਖਿਆ ਮਾਹਿਰ ਰਾਜੀਵ ਗੁਪਤਾ ਕਹਿੰਦੇ ਹਨ ਕਿ ਸਮੇਂ ਦੇ ਨਾਲ ਬੇਸ਼ੱਕ ਬਦਲਾਅ ਆ ਗਿਆ ਹੈ ਪਰ ਅੱਜ ਵੀ ਅਜਿਹੇ ਅਧਿਆਪਕ ਅਤੇ ਸਕੂਲ ਹਨ ਜਿੱਥੇ ਜ਼ਿੰਮੇਵਾਰੀ ਅਤੇ ਫ਼ਰਜ਼ ਨੂੰ ਸਮਝ ਕੇ ਬੱਚਿਆਂ ਨੂੰ ਸਿੱਖਿਅਤ ਕੀਤਾ ਜਾਂਦਾ ਹੈ, ਅਜਿਹੇ ਸਕੂਲਾਂ ਲਈ ਥੋੜ੍ਹੀ ਖੋਜ ਕਰਨੀ ਹੁੰਦੀ ਹੈ। ਉਨ੍ਹਾਂ ਦਾ ਤਰਕ ਹੈ ਕਿ ਅਧਿਆਪਕ ਸਾਹਮਣੇ ਬੱਚਿਆਂ ਦੇ ਜੀਵਨ ਨੂੰ ਸੰਵਾਰਨ ਦੀ ਜ਼ਿੰਮੇਵਾਰੀ ਹੁੰਦੀ ਹੈ, ਚੰਗੇ ਅਧਿਆਪਕ ਦੀ ਪਹਿਚਾਣ ਉਸ ਦੇ ਪੜ੍ਹਾਉਣ ਦੇ ਤਰੀਕੇ ਤੋਂ ਹੁੰਦੀ ਹੈ, ਵੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਅਧਿਆਪਕ ਕਿਤਾਬਾਂ ਤੋਂ ਹੀ ਪੜ੍ਹਾਉਂਦਾ ਹੈ ਜਾਂ ਫਿਰ ਉਸ ਵਿੱਚ ਉਹ ਆਪਣੀ ਦਿਲੀ ਦਿਲਚਸਪੀ ਵੀ ਦਿਖਾਉਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਧਿਆਪਕ ਹੀ ਬੱਚਿਆਂ ਵਿੱਚ ਇਹ ਵਿਸ਼ਵਾਸ ਪੈਦਾ ਕਰਦਾ ਹੈ ਕਿ ਉਹ ਕੁਛ ਵੀ ਕਰ ਸਕਦਾ ਹੈ, ਅਧਿਆਪਕ ਬੱਚੇ ਨੂੰ ਮੌਕੇ ਪ੍ਰਦਾਨ ਕਰਕੇ ਹੱਲਾਸ਼ੇਰੀ ਦਿੰਦਾ ਹੈ ਜਿਸ ਕਰਕੇ ਬੱਚੇ ਅਜਿਹਾ ਕੁਝ ਵੀ ਕਰ ਜਾਂਦੇ ਹਨ ਜਿਸ ਦੇ ਬਾਰੇ ਸੋਚਿਆ ਹੀ ਨਹੀਂ ਹੁੰਦਾ, ਬੱਚੇ ਨੂੰ ਵੀ ਉਦੋਂ ਪਤਾ ਚਲਦਾ ਹੈ ਜੱਦ ਉਹ ਕੰਮ ਨੂੰ ਫ਼ਤਿਹ ਕਰ ਚੁੱਕਿਆ ਹੁੰਦਾ ਹੈ, ਇਸ ਲਈ ਸਕੂਲ ਦੀ ਚੋਣ ਕਰਨ ਮੌਕੇ ਉਸ ਸਕੂਲ ਦੇ ਅਧਿਆਪਕਾਂ ਬਾਰੇ ਜਾਣਨਾ ਬੇਹੱਦ ਜ਼ਰੂਰੀ ਹੁੰਦਾ ਹੈ ਜਿਸ ਸਕੂਲ ਵਿੱਚ ਤੁਸੀਂ ਆਪਣੇ ਬੱਚੇ ਨੂੰ ਪਾਉਣ ਜਾ ਰਹੇ ਹੋ। 

ਸਿੱਖਿਆ ਮਾਹਿਰ ਇਹ ਵੀ ਮਨਦੇ ਹਨ ਕਿ ਸਕੂਲ ਦੀ ਚੋਣ ਦੌਰਾਨ ਇਹ ਜਾਣ ਲੈਣਾ ਵੀ ਮਾਪਿਆਂ ਲਈ ਜ਼ਰੂਰੀ ਹੁੰਦਾ ਹੈ ਕਿ ਆਖ਼ਿਰ ਸਕੂਲ ਸੰਚਾਲਕ ਕੌਣ ਹੈ, ਕੋਈ ਬਿਜ਼ਨਸਮੈਨ ਹੈ ਜਾਂ ਫਿਰ ਸਿੱਖਿਅਕ ਹੈ, ਇਹ ਚੀਜ਼ਾਂ ਵੀ ਕਾਫ਼ੀ ਅਹਿਮ ਹੁੰਦੀਆਂ ਹਨ। ਸਿੱਖਿਅਕ ਸਿੱਖਿਆ ਦੇ ਮਿਆਰ ਨਾਲ ਬੱਚੇ ਲਈ ਸਮਾਜਿਕ ਕਦਰਾਂ ਕੀਮਤਾਂ ਨੂੰ ਸਮਝਣ ਯੋਗ ਵੀ ਬਣਾਉਂਦਾ ਹੈ ਪਰ ਬਿਜ਼ਨਸਮੈਨ ਚੰਗੀ, ਮਨਲਭਉਣ ਵਾਲੀ ਇਮਾਰਤ, ਬੱਚਿਆਂ ਲਈ ਬਿਹਤਰ ਖਿਡਾਉਣੇ, ਚੰਗੇ ਸੁੱਟ-ਬੂਟ 'ਚ ਅਧਿਆਪਕ ਅਤੇ ਹੋਰ ਅਜਿਹਾ ਸਾਮਾਨ ਜਿਸ ਨੂੰ ਵੇਖ ਕੇ ਮਾਪਿਆਂ ਅਤੇ ਬੱਚਿਆਂ ਨੂੰ ਸਕੂਲ ਚੰਗਾ ਜਾਪਦਾ ਲੱਗੇ, ਮੁਹਾਇਆ ਕਰਵਾਉਂਦਾ ਹੈ ਪਰ ਸਮਾਜਿਕ ਕਦਰਾਂ ਕੀਮਤਾਂ ਦਾ ਪਾਠ ਨਹੀਂ ਪੜ੍ਹਾਇਆ ਜਾਂਦਾ ਜਿਸ ਕਰਕੇ ਬੱਚਾ ਕਿਤਾਬੀ ਤੌਰ 'ਤੇ ਤਾਂ ਪੜ੍ਹ ਜਾਂਦਾ ਹੈ ਪਰ ਸਮਾਜ ਵਿੱਚ ਵਿਚਰਨ ਦੇ ਲਾਇਕ ਇਨਸਾਨ ਨਹੀਂ ਬਣਦਾ । 

ਪਾਠਕਾਂ ਨੂੰ ਵੀ ਸਿੱਖਿਆ ਮਾਹਿਰਾਂ ਦੀਆਂ ਇਨ੍ਹਾਂ ਗੱਲਾਂ ਨੂੰ ਪੱਲੇ ਜ਼ਰੂਰ ਬੰਨ੍ਹ ਲੈਣਾ ਚਾਹੀਦਾ ਹੈ ਅਤੇ ਆਪਣੇ ਲਾਡਲੇ ਲਈ ਸਕੂਲ ਦੀ ਚੋਣ ਕਰਨ ਸਮੇਂ ਥੋੜ੍ਹਾ ਵਿਚਾਰ ਲਾਜ਼ਮੀ ਕਰ ਲੈਣਾ ਚਾਹੀਦਾ ਹੈ ਤਾਜੋਂ ਬੱਚਾ ਜ਼ਿੰਦਗੀ ਦੀ ਅਸਲ ਕਿਤਾਬ ਨੂੰ ਪੜ੍ਹਨ ਵਿੱਚ ਕਾਮਯਾਬ ਹੋ ਕੇ ਆਪਣੇ ਮਾਪਿਆਂ ਦੇ ਨਾਲ ਨਾਲ ਲੋਕਾਂ ਦੇ ਦਿਲਾਂ 'ਤੇ ਵੀ ਰਾਜ ਕਰ ਸਕੇ, ਜੇਕਰ ਤੁਹਾਡਾ ਲਾਡਲਾ ਇਸ 'ਚ ਸਫਲ ਹੁੰਦਾ ਹੈ ਤਾਂ ਤੁਹਾਨੂੰ ਇਸ ਗੱਲ ਦਾ ਮਾਣ ਅਤੇ ਖ਼ੁਸ਼ੀ ਜ਼ਰੂਰ ਹੋਵੇਗੀ ਕਿ ਤੁਸੀਂ ਆਪਣੇ ਲਾਡਲਿਆਂ ਲਈ ਸਹੀ ਸਕੂਲ ਦੀ ਚੋਣ ਕਰਨ ਵਿੱਚ ਕਾਮਯਾਬ ਰਹੇ ਹੋ...(ਸਮਾਪਤ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।