ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜਾਦੀ ਲੈ ਕੇ ? (ਭਾਗ 36ਵਾਂ)

Last Updated: Mar 12 2018 16:18

ਦੋਸਤੋਂ, ਇਸ ਲੇਖ ਰਾਹੀਂ ਪਹਿਲਾਂ ਆਪਾਂ ਦੇਖਿਆ ਕਿ ਸਾਨੂੰ ਲੁੱਟਣ ਅਤੇ ਸਾਡੇ 'ਤੇ ਜ਼ੁਲਮ ਕਰਨ ਦੇ ਜੋ ਇਲਜ਼ਾਮ ਆਪਾਂ ਗੋਰੀ ਸਰਕਾਰ ਉੱਤੇ ਲਾਉਂਦੇ ਸੀ, ਅਜਾਦੀ ਤੋਂ ਬਾਅਦ ਉਹੀ ਕੁੱਝ ਸਾਡੇ ਆਪਣੇ ਹਾਕਮ ਤੇ ਭਾਰਤ ਦੇ ਰਸੁਖਦਾਰ ਲੋਕ ਕਰ ਰਹੇ ਹਨ। ਇਸ ਤੋਂ ਬਾਅਦ ਆਪਾਂ ਖੋਜਣਾ ਸ਼ੁਰੂ ਕੀਤਾ, ਕਿ ਗੋਰਿਆਂ ਨੇ ਸਾਡੇ ਦੇਸ਼ 'ਤੇ ਰਾਜ ਕਰਦਿਆਂ, ਉਸ ਵੇਲੇ ਸਾਡਾ ਕੀ ਕੁੱਝ ਸਵਾਰਿਆ ਸੀ। ਇਸ ਖੋਜ ਦੌਰਾਨ ਸਾਨੂੰ ਹੁਣ ਤੱਕ ਪਤਾ ਲੱਗਾ ਹੈ ਕਿ ਅੰਗਰੇਜਾਂ ਨੇ ਸਭ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਆਵਾਜਾਈ ਦੇ ਸਾਧਨਾਂ ਨੂੰ ਵਿਕਸਿਤ ਕੀਤਾ। ਜਿਸ ਨਾਲ ਭਾਰਤ ਦੇ ਵਿਕਾਸ ਦੀ ਰਫ਼ਤਾਰ ਇੱਕ ਦਮ ਤੇਜ਼ ਹੋ ਗਈ। ਇਸ ਤੋਂ ਇਲਾਵਾ ਸਤੀ ਅਤੇ ਜੌਹਰ ਪ੍ਰਥਾ ਰੋਕੂ ਕਨੂੰਨ ਬਣਾਏ, ਬਹੁ ਪਤਨੀ ਪ੍ਰਥਾ ਨੂੰ ਵੀ ਰੋਕਣ ਦੇ ਕਈ ਯਤਨ ਕੀਤੇ। ਬਾਲ ਵਿਆਹ ਵਰਗੀ ਸਮਾਜਿਕ ਭੈੜ 'ਤੇ ਸਾਡੇ ਦੇਸ਼ ਅੰਦਰ ਭਾਂਵੇ ਅੱਜ ਤੱਕ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਹੈ, ਪਰ ਇਹ ਵੀ ਸੱਚ ਹੈ ਕਿ ਇਸ 'ਤੇ ਕਾਬੂ ਪਾਉਣ ਦੇ ਯਤਨ ਵੀ ਪਹਿਲੀ ਵਾਰ ਗੋਰੀ ਸਰਕਾਰ ਨੇ ਹੀ ਕੀਤੇ ਸਨ। ਗੋਰਿਆਂ ਦੀ ਸਖਤੀ ਕਾਰਨ ਹੀ, ਸਨ 1929 ਵਿੱਚ ਬਾਲ ਵਿਆਹ ਵਿਰੁੱਧ ਕਾਨੂੰਨ ਬਣਾ ਕੇ ਇਸ ਨੂੰ ਸਜਾਯੋਗ ਅਪਰਾਧ ਬਣਾਇਆ ਜਾ ਸਕਿਆ ਸੀ। ਹੁਣ ਅੱਗੇ।

ਸਾਥੀਓ, ਆਪਾਂ ਗੱਲ ਕਰ ਰਹੇ ਹਾਂ ਕਿ ਅੰਗਰੇਜਾਂ ਨੇ ਭਾਰਤ 'ਚ ਆ ਕੇ ਕਿਸ ਤਰ੍ਹਾਂ ਇਸਦਾ ਵਿਕਾਸ ਕਰਵਾਇਆ ਤੇ ਕਿਸ ਤਰ੍ਹਾਂ ਇਸ ਅੰਦਰੋਂ ਸਮਾਜਿਕ ਭੈੜਾਂ ਨੂੰ ਖ਼ਤਮ ਕਰਨ ਲਈ ਕਾਨੂੰਨ ਬਣਾਏ। ਇੱਥੇ ਇਹ ਸਵਾਲ ਆਉਂਦਾ ਹੈ ਕਿ ਜੇ ਇਹ ਯਤਨ ਗੋਰੇ ਕਰ ਸਕਦੇ ਸੀ ਤਾਂ ਫਿਰ ਗੋਰਿਆਂ ਦੇ ਆਉਣ ਤੋਂ ਪਹਿਲਾਂ ਸਾਡੇ ਦੇਸ਼ ਅੰਦਰਲੇ ਹੁਕਮਰਾਨ ਕਿਉਂ ਨਹੀਂ ਕਰ ਸਕੇ? ਆਖ਼ਰ ਕੀ ਕਾਰਨ ਸੀ ਕਿ ਸੋਨੇ ਦੀ ਚਿੜੀ ਅਖਵਾਉਣ ਦੇ ਬਾਵਜੂਦ, ਭਾਰਤ ਦੇ ਲੋਕਾਂ ਦੀ ਸਮਾਜਿਕ ਅਤੇ ਆਰਥਿਕ ਦਸ਼ਾ ਇੰਨੀ ਤਰਸਯੋਗ ਸੀ? ਦੋਸਤੋਂ, ਇਸਦਾ ਜਵਾਬ ਲੱਭਣ ਲਈ ਮੈਂ ਜਦੋਂ ਇਤਿਹਾਸ ਦੇ ਪੱਤਰੇ ਵਾਚੇ, ਤਾਂ ਉਸ ਵਿੱਚ ਲਿਖੀਆਂ ਇਬਰਤਾਂ ਕਿਸੇ ਫਿਲਮ ਵਾਂਗ ਮੇਰੀਆਂ ਅੱਖਾਂ ਦੇ ਸਾਹਮਣੇ ਚੱਲਣ ਲੱਗ ਪਈਆਂ।

ਜਿਸ ਵਿੱਚ ਮੈਂ ਵੇਖੇ ਸਾਡੇ ਦੇਸ਼ ਦੇ ਅਲਾਉੱਦੀਨ ਖਿਲਜੀ ਵਰਗੇ ਕਈ ਅੱਯਾਸ਼ ਰਾਜੇ ਜਿਨ੍ਹਾਂ ਨੇ ਰਾਣੀ ਪਾਦਮਾਵਤੀ ਵਰਗੀ ਪਤੀਵਰਤਾ ਔਰਤ 'ਤੇ ਮਾੜੀ ਅੱਖ ਰੱਖੀ ਅਤੇ ਉਸ ਨੂੰ ਹਾਸਲ ਕਰਨ ਲਈ ਚਿਤੌੜਗੜ੍ਹ ਦੇ ਕਿਲ੍ਹੇ 'ਤੇ ਕੀਤੇ ਹਮਲੇ ਦੌਰਾਨ ਆਪਣੀ 25 ਹਜ਼ਾਰ ਦੇ ਕਰੀਬ ਬੇਕਸੂਰ ਫੌਜ ਮਰਵਾ ਲਈ। ਪਰ ਰਾਣੀ ਪਦਮਾਵਤੀ ਦੇ ਜੌਹਰ ਕਰ ਲੈਣ ਨਾਲ ਖਿਲਜੀ ਦੇ ਹੱਥ ਫਿਰ ਵੀ ਕੁੱਝ ਨਹੀਂ ਆਇਆ। ਮੈਂ ਦੇਖਿਆ ਦਿੱਲੀ ਦੇ ਰਾਜਾ ਪ੍ਰਿਥਵੀ ਰਾਜ ਚੌਹਾਨ ਦਾ ਕਿੰਨੌਜ ਦੇ ਰਾਜਾ ਜੈਚੰਦ ਦੀ ਬੇਟੀ ਸੰਯੋਗੀਤਾ ਦੇ ਪਿਆਰ ਵਿੱਚ ਪੈ ਕੇ ਉਸ ਨੂੰ ਸਵੈਮਵਰ ਦੌਰਾਨ ਚੁੱਕ ਕੇ ਲੈ ਜਾਣਾ ਤੇ ਉਸ ਤੋਂ ਬਾਅਦ ਰਾਜਾ ਜੈਚੰਦ ਵੱਲੋਂ ਮੁਹੰਮਦ ਗੌਰੀ ਨਾਲ ਮਿਲ ਕੇ ਕੀਤੇ ਤਰਾਈਨ ਦੇ ਯੁੱਧ ਦੌਰਾਨ ਦੋਵਾਂ ਪੱਖਾਂ ਦੀ ਹਜ਼ਾਰਾਂ ਦੀ ਤਾਦਾਤ ਵਿੱਚ ਫੌਜ ਦਾ ਮਾਰੀਆ ਜਾਣਾ।

ਮੈਂ ਵੇਖਿਆ ਉਸ ਸ਼ਾਹਜਹਾਂ ਨੂੰ, ਜਿਸ ਵੱਲੋਂ ਆਪਣੀ ਬਚਪਨ ਦੀ ਪ੍ਰੇਮਿਕਾ ਮੁਮਤਾਜ ਮਹਿਲ ਨਾਲ ਵਿਆਹ ਕਰਵਾਉਣ ਤੋਂ ਵੀ ਪਹਿਲਾਂ, ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣਾ ਤੇ ਫਿਰ ਦੂਜੀ ਪਤਨੀ ਦੇ ਰੂਪ ਵਿੱਚ ਮੁਮਤਾਜ ਨੂੰ ਸਵੀਕਾਰਨਾ, ਉਸ ਨੂੰ ਬੇਪਨਾਹ ਮੁਹੱਬਤ ਕਰਨ ਦਾ ਦਾਅਵਾ ਕਰਨਾ ਤੇ ਫਿਰ ਵੀ ਉਸ ਦੀ ਸਿਹਤ ਦਾ ਖਿਆਲ ਨਾ ਰੱਖਣਾ ਅਤੇ 14 ਬੱਚੇ ਪੈਦਾ ਕਰਨ ਦੇ ਬਾਵਜੂਦ 15ਵੇਂ ਬੱਚੇ ਦੇ ਜਨਮ ਦੇ ਦੌਰਾਨ 37 ਸਾਲਾਂ ਦੀ ਮੁਮਤਾਜ ਮਹਿਲ ਦਾ ਖੂਨ ਦੀ ਕਮੀ ਕਾਰਨ ਮਰ ਜਾਣਾ। ਫਿਰ ਉਸੇ ਮੁਮਤਾਜ ਮਹਿਲ ਦੀ ਮੌਤ ਦਾ ਗ਼ਮ ਅਤੇ ਉਸ ਪ੍ਰਤੀ ਆਪਣੇ ਬੇਤਹਾਸ਼ਾ ਪਿਆਰ ਦਾ ਸਬੂਤ ਦਿੰਦਿਆਂ ਉਸਦੀ ਯਾਦ ਵਿੱਚ ਤਾਜਮਹਿਲ ਤੱਕ ਬਣਵਾ ਦੇਣਾ। ਮੈਨੂੰ ਸਾਫ ਦਿਸਿਆ ਕਿ ਸ਼ਾਹਜਹਾਂ ਨੇ ਇੱਕ ਕਾਲਾ ਤਾਜਮਹਿਲ ਬਨਾਉਣ ਦਾ ਸੁਫਨਾ ਵੀ ਵੇਖਿਆ ਤੇ ਬਾਅਦ ਵਿੱਚ ਉਸੇ ਸ਼ਾਹਜਹਾਂ ਨੇ ਕਈ ਹੋਰ ਲੜਕੀਆਂ ਨਾਲ ਵੀ ਵਿਆਹ ਕਰਵਾਏ, ਆਪਣੇ ਭਰਾਵਾਂ ਤੇ ਪੁੱਤਰਾਂ ਨਾਲ ਹੀ ਸੱਤਾ ਬਚਾਉਣ ਲਈ ਲੜਦਾ ਰਿਹਾ। ਜਿਸਨੂੰ ਉਸਦੇ ਆਪਣੇ ਹੀ ਪੁੱਤਰ ਔਰੰਗਜ਼ੇਬ ਵੱਲੋਂ ਸੱਤਾ ਲਈ ਕੈਦ ਕਰਕੇ ਮਾਰ ਦੇਣਾ।

ਮੈਂ ਵੇਖਿਆ ਅਨਾਰਕਲੀ ਜਿਹੀ ਦਾਸੀ ਦੇ ਪ੍ਰੇਮ 'ਚ ਪਾਗਲ ਹੋਕੇ ਅਕਬਰ ਦੇ ਸ਼ਹਿਜ਼ਾਦੇ ਸਲੀਮ ਵੱਲੋਂ ਆਪਣੇ ਬਾਪ ਵਿਰੁੱਧ ਤਲਵਾਰ ਚੁੱਕ ਲੈਣਾ। ਮੈਂ ਇਤਿਹਾਸ ਦੇ ਪੰਨੇ ਪਰਤਦਾ ਗਿਆ ਤੇ ਉੱਥੇ ਲਿਖੀਆਂ ਇਬਰਤਾਂ ਨੂੰ ਦੇਖਦਾ ਗਿਆ, ਸਾਡੇ ਦੇਸ਼ ਵਿਚਲੇ ਕਈ ਅਜਿਹੇ ਯੁੱਧਾਂ ਦੀਆਂ ਇਬਰਤਾਂ, ਜੋ ਸਿਰਫ ਆਪਣੀਆਂ ਜਾਂ ਬੇਗਾਨਿਆਂ ਔਰਤਾਂ ਲਈ ਹੀ ਲੜੇ ਗਏ ਤੇ ਮਰਨਾ ਪਿਆ ਆਮ ਸੈਨਿਕਾਂ ਤੇ ਲੋਕਾਂ ਨੂੰ ਜਿਸ 'ਚ ਦੇਸ਼ ਦਾ ਅਰਬਾਂ ਰੁਪਏ ਦਾ ਸਰਮਾਇਆ ਬਰਬਾਦ ਹੋ ਗਿਆ। ਸਾਥੀਓ ਮੈਂ ਘਬਰਾ ਕੇ ਇਤਿਹਾਸ ਦੀ ਕਿਤਾਬ ਬੰਦ ਕਰਕੇ ਸੋਚਣ ਲੱਗ ਪੈਂਦਾ ਹਾਂ ਕਿ ਕਿਹੋ ਜਿਹੇ ਸਨ ਸਾਡੇ ਪੁਰਾਤਨ ਭਾਰਤ ਦੇ ਹੁਕਮਰਾਨ ਜਿਨ੍ਹਾਂ ਨੂੰ ਦੇਸ਼, ਜਨਤਾ ਜਾਂ ਵਿਕਾਸ ਨਾਲ ਕੋਈ ਵਾਸਤਾ ਨਹੀਂ ਸੀ। ਜੋ ਅੰਗਰੇਜਾਂ ਦੇ ਭਾਰਤ ਆਉਣ ਤੋਂ ਪਹਿਲਾਂ ਔਰਤਾਂ ਅਤੇ ਅੱਯਾਸ਼ੀਆਂ ਕਾਰਨ ਆਪਸੀ ਲੜਾਈਆਂ ਵਿੱਚ ਹੀ ਲੋਕਾਂ ਨੂੰ ਮਾਰਵਾਈ ਜਾਂਦੇ ਸੀ ਤੇ ਆਪਣੇ ਰਾਜ ਦਾ ਸਰਮਾਇਆ ਤੇ ਫੌਜ ਇੰਝ ਹੀ ਬਰਬਾਦ ਕਰਵਾ ਦਿੰਦੇ ਸੀ। ਖਿੱਝ ਕੇ ਅੰਦਰੋਂ ਇੱਕ ਅਵਾਜ਼ ਨਿਕਲਦੀ ਹੈ ਕਿ ਉਨ੍ਹਾਂ ਆਪਣੇ ਰਾਜ ਦੀ ਤਰੱਕੀ ਕੀ ਸੁਆਹ ਕਰਵਾਉਣੀ ਸੀ ?

ਸਾਥੀਓ ਇਹੋਜੇ ਮਾਹੌਲ 'ਚ ਗੋਰਿਆਂ ਲਈ ਅਜਿਹੀਆਂ ਰਿਆਸਤਾਂ 'ਤੇ ਕਬਜਾ ਕਰਨਾ ਸੌਖਾ ਸੀ। ਜੋ ਉਨ੍ਹਾਂ ਨੇ ਇੱਕ ਵਾਰ ਜਦੋਂ ਬੰਗਾਲ ਤੋਂ ਕਬਜਾ ਕਰਨਾ ਸ਼ੁਰੂ ਕੀਤਾ ਤਾਂ ਬਾਅਦ ਵਿੱਚ ਇੱਕ-ਇੱਕ ਕਰਕੇ ਸਾਰੇ ਭਾਰਤ ਨੂੰ ਆਪਣੇ ਕਬਜੇ ਹੇਠ ਕਰਕੇ ਹੀ ਸਾਂਹ ਲਿਆ। ਭਾਰਤੀ ਸਮਾਜ ਵਿੱਚ ਗੋਰਿਆਂ ਦੇ ਇੱਥੇ ਆਉਣ ਤੋਂ ਪਹਿਲਾਂ, ਇੱਕ ਹੋਰ ਭੈੜ ਸੀ ਦਾਸ-ਦਾਸੀ ਪ੍ਰਥਾ ਦੀ। ਵੈਸੇ ਤਾਂ ਇਹ ਪ੍ਰਥਾ ਅਮਰੀਕਾ, ਬਰਤਾਨੀਆਂ ਅਤੇ ਅਰਬ ਦੇਸ਼ਾਂ ਵਰਗੇ ਦੁਨੀਆ ਦੇ ਹੋਰ ਮੁਲਕਾਂ ਵਿੱਚ ਵੀ ਬੜੇ ਜੋਰਾਂ ਸ਼ੋਰਾਂ ਨਾਲ ਚੱਲਦੀ ਰਹੀ ਹੈ, ਪਰ ਭਾਰਤ ਦੇ ਇਤਿਹਾਸ ਵਿੱਚ ਇਸਦਾ ਜਿਕਰ ਸਮਰਾਟ ਅਸ਼ੋਕ, ਕੋਟਿਲਿਆ ਅਤੇ ਚੰਦਰਗੁਪਤ ਮੌਰਿਆ ਦੇ ਕਾਲ ਵਿੱਚ ਆਇਆ। ਉਸ ਤੋਂ ਪਹਿਲਾਂ ਇਹ ਪ੍ਰਥਾ ਨਹੀਂ ਸੀ, ਇਹ ਗੱਲ ਯਕੀਨ ਨਾਲ ਇਸ ਲਈ ਕਹਿ ਜ਼ਾ ਸਕਦੀ ਹੈ, ਕਿਉਂਕਿ ਪ੍ਰਸਿੱਧ ਇਤਿਹਾਸਕਾਰ ਮੇਗਾਸਥੀਨਜ਼ ਦੇ ਚੌਥੀ ਸ਼ਤਾਬਦੀ ਵੇਲੇ ਭਾਰਤ ਦੇ ਦੌਰੇ ਦੌਰਾਨ ਉਸਨੇ ਆਪਣੀਆਂ ਲਿਖਤਾਂ ਵਿੱਚ ਐਸੀ ਕਿਸੇ ਪ੍ਰਥਾ ਦਾ ਜ਼ਿਕਰ ਨਹੀਂ ਕੀਤਾ। ਇਸ ਤੋਂ ਇਲਾਵਾ ਭਾਰਤ ਦੇ ਪੁਰਾਤਨ ਗ੍ਰੰਥ ਮਨੂੰ ਸਮ੍ਰਿਤੀ ਵਿੱਚ ਵੀ ਇਸਦਾ ਜ਼ਿਕਰ ਆਉਂਦਾ ਹੈ। (ਚਲਦਾ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।