Interview with Satinder Kassoana || An award winning writer, director from Calgary, Canada

Last Updated: Mar 01 2018 14:32

ਸਤਿੰਦਰ ਕੱਸੋਆਣਾ, ਕੈਲਗਰੀ ਸ਼ਹਿਰ ਕਨੇਡਾ ਦੇ ਇੱਕ ਪੁਰਸਕਾਰ ਜੇਤੂ ਲੇਖਕ ਅਤੇ ਨਿਰਦੇਸ਼ਕ ਹਨ, ਜੋ ਕਿ ਆਪਣੀ ਆਉਣ ਵਾਲੀ ਫ਼ੀਚਰ ਫ਼ਿਲਮ 'ਪਰਮਾਨੈਂਟ ਰੈਜ਼ੀਡੈਂਟ' ਤੇ ਕੰਮ ਕਰ ਰਹੇ ਹਨ। ਇਸ ਫ਼ਿਲਮ ਦੀ ਘੋਸ਼ਣਾ ਕਨੇਡਾ ਦੇ ਪ੍ਰਧਾਨ-ਮੰਤਰੀ ਜਸਟਿਨ ਟਰੂਡੋ ਨੇ ਆਪਣੀ ਮੁੰਬਈ ਫੇਰੀ ਦੌਰਾਨ ਕੀਤੀ। ਨਿਊਜ਼ ਨੰਬਰ ਨੇ ਸਤਿੰਦਰ ਕੱਸੋਆਣਾ ਨਾਲ ਉਨ੍ਹਾਂ ਦੀ ਜ਼ਿੰਦਗੀ ਅਤੇ ਫਿਲਮੀ ਸਫ਼ਰ ਬਾਰੇ ਗੱਲਬਾਤ ਕੀਤੀ।

ਸਤਿੰਦਰ, ਆਪਣੇ ਬਾਰੇ ਸਾਡੇ ਪਾਠਕਾਂ ਨੂੰ ਕੁਝ ਦੱਸੋ।  

ਜੀ, ਮੈਂ ਕੈਨੇਡਾ ਦੇ ਕੈਲਗਰੀ ਸ਼ਹਿਰ ਦਾ ਰਹਿਣ ਵਾਲਾ ਹਾਂ ਅਤੇ ਖੁਸ਼ਨਸੀਬ ਹਾਂ ਕਿ ਆਪਣੇ ਆਪ ਨੂੰ ਇੱਕ ਫਿਲਮ-ਮੇਕਰ ਕਹਿ ਸਕਦਾ ਹਾਂ।  ਮੇਰਾ ਜਨਮ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਕੱਸੋਆਣਾ ਚ ਹੋਇਆ, ਬਚਪਨ ਦਾ ਜਿਆਦਾ ਹਿੱਸਾ ਵੀ ਓਥੇ ਹੀ ਬੀਤਿਆ। ਫੇਰ ਬਾਅਦ ਚ ਅਸੀਂ ਮੋਗੇ ਰਹਿਣ ਲੱਗੇ ਜਦੋਂ ਸਾਡੇ ਪਿੰਡਾਂ ਚ ਹਾਲਾਤ ਥੋੜੇ ਜ਼ਿਆਦਾ ਨਾਜ਼ੁਕ ਰਹਿਣ ਲੱਗੇ, 1989-90 ਦੇ ਦੌਰਾਨ।  2007 ਚ ਮਾਸਟਰਜ਼ ਓਫ ਕੰਪਿਊਟਰ ਇੰਜਨੀਰਿੰਗ ਦੇ ਲਈ ਮੈਨੂੰ ਕੈਨੇਡਾ ਤੋਂ ਸਕੌਲਰਸ਼ਿਪ ਮਿਲਣ ਤੇ ਮੈਂ ਇੱਥੇ ਆ ਗਿਆ।  

ਸੋ ਕੱਸੋਆਣਾ ਤੁਹਾਡੇ ਪਿੰਡ ਦਾ ਨਾਮ ਹੈ? 

ਜੀ, ਮੈਂ ਆਪਣੇ ਪਿੰਡ ਦਾ ਨਾਮ ਆਪਣੇ ਨਾਮ ਨਾਲ ਲਿਖਣ ਚ ਬਹੁਤ ਮਾਣ ਮਹਿਸੂਸ ਕਰਦਾ ਹਾਂ ਅਤੇ ਇਹ ਹਮੇਸ਼ਾ ਮੈਨੂੰ ਮੇਰੀਆਂ ਜੜਾਂ ਦੀ ਯਾਦ ਵੀ ਦੁਆਈ ਰੱਖਦਾ ਹੈ। ਮੇਰੇ ਬਚਪਨ ਦੇ ਦਿਨ, ਮੇਰੇ ਪਿੰਡ ਦੀਆਂ ਯਾਦਾਂ ਮੈਨੂੰ ਬਹੁਤ ਅਜ਼ੀਜ ਹਨ। ਮੇਰੀ ਸੋਚ ਮੁਤਾਬਕ ਤੁਹਾਡੇ ਪਿੰਡ ਦਾ ਨਾਮ ਤੁਹਾਡੇ ਜਾਤੀ-ਗੋਤਰ ਤੋਂ ਕਿਤੇ ਚੰਗੀ ਗੱਲ ਹੈ ਕਿਉਂਕਿ ਹੁਣ ਜਦ ਵੀ ਫਿਰੋਜ਼ਪੁਰ ਜਾਂ ਜ਼ੀਰੇ ਵਾਲੇ ਮੇਰਾ ਸਰਨੇਮ ਦੇਖਦੇ ਨੇ ਤਾਂ ਝੱਟ ਇੱਕ ਸਾਂਝ ਜਿਹੀ ਪੈ ਜਾਂਦੀ ਹੈ, ਆਪਣੇ ਗਰਾਈਂ ਤਾਂ ਸਭ ਨੂੰ ਪਿਆਰੇ ਹੁੰਦੇ ਨੇ।

ਤੁਸੀਂ ਦੱਸਿਆ ਤੁਸੀਂ ਇੰਜਨੀਰਿੰਗ ਦੀ ਮਾਸਟਰਜ਼ ਕਰਨ ਆਏ ਸੀ, ਤਾਂ ਫੇਰ ਫ਼ਿਲਮਾਂ ਵੱਲ ਨੂੰ ਕਿਸ ਤਰਾਂ ਹੋ ਤੁਰੇ?

ਜੀ ਇਹ ਇੱਕ ਲੰਮੀ ਕਹਾਣੀ ਜਿਹਾ ਹੀ ਹੈ। ਮੈਂ ਵੀ ਕਦੇ ਸੋਚਿਆ ਨਹੀਂ ਸੀ। ਮੈਂ 2002 ਚ ਆਪਣੀ ਇੰਜਨੀਰਿੰਗ ਕਰਨ ਤੋਂ ਬਾਅਦ ਇੰਡੀਆ ਚ ਇੱਕ ਵੱਡੀ ਸੋਫਟਵੇਅਰ ਕੰਪਨੀ ਚ ਕੰਮ ਕਰਨ ਲੱਗਾ। ਛੋਟੀ ਉਮਰ ਚ ਹੀ ਚੰਗੀ ਨੌਕਰੀ ਮਿਲ ਜਾਣ ਕਰਕੇ ਬਹੁਤ ਖੁਸ਼ ਸੀ। 2006 ਦੇ ਵਿਚ ਕੰਪਨੀ ਨੇ ਮੈਨੂੰ ਸਵਿਟਜ਼ਰਲੈਂਡ ਭੇਜ ਦਿੱਤਾ, ਤਨਖਾਹ ਹੋਰ ਵੀ ਵੱਧ ਗਈ। ਪਰ ਆਪਣੇ ਇਸ 4-5 ਸਾਲ ਦੀ ਨੌਕਰੀ ਦੇ ਦੌਰਾਨ ਮੈਂ ਮਹਿਸੂਸ ਕੀਤਾ ਕਿ ਜਿੰਦਗੀ ਚ ਕਿਸੇ ਚੀਜ਼ ਦੀ ਇੱਕ ਘਾਟ ਜਿਹੀ ਹੈ। ਹਾਲਾਂਕਿ ਮੈਨੂੰ ਇਹ ਨਹੀਂ ਸੀ ਪਤਾ ਕੇ ਕਰਨਾ ਕੀ ਹੈ, ਪਰ ਇਹ ਜ਼ਰੂਰ ਸਮਝ ਗਿਆ ਸੀ ਕੇ ਇਹ ਨੌਕਰੀ ਮੇਰੀ ਜਿੰਦਗੀ ਦਾ ਮਕਸਦ ਨਹੀਂ ਹੈ। ਸੋ ਇੱਕ ਬ੍ਰੇਕ ਲੈਣ ਖਾਤਰ ਮੈਂ ਕੈਨੇਡਾ ਦੀ ਇੱਕ ਯੂਨੀਵਰਸਿਟੀ ਚ ਸਕੌਲਰਸ਼ਿਪ ਲਈ ਅਪਲਾਈ ਕਰ ਦਿੱਤਾ ਅਤੇ ਚੁਣਿਆ ਗਿਆ। ਆਪਣੀ ਪੜਾਈ ਦੇ ਨਾਲ ਨਾਲ ਮੈਂ ਆਪਣੀ ਜਿੰਦਗੀ ਦੇ ਮਕਸਦ ਨੂੰ, ਆਪਣੇ ਕੰਮੀਂ-ਇਸ਼ਕ ਨੂੰ ਲੱਭਣਾ ਜਾਰੀ ਰੱਖਿਆ। ਹਰ ਉਹ ਕੰਮ ਟ੍ਰਾਈ ਕਰਕੇ ਦੇਖਿਆ ਜੋ ਦਿਲਚਸਪ ਲੱਗਾ ਅਤੇ ਹੌਲੀ ਹੌਲੀ ਮਹਿਸੂਸ ਕੀਤਾ ਕੇ ਮੈਨੂੰ ਕਹਾਣੀ ਕਹਿਣ ਚ ਬਹੁਤ ਆਨੰਦ ਮਿਲਦਾ ਹੈ।  ਫੇਰ ਦੇਖਿਆ ਕੇ ਕਹਾਣੀ ਕਹਿਣ ਦਾ ਸਭ ਤੋਂ ਦਿਲਚਸਪ ਤਰੀਕਾ ਸਿਨੇਮਾ ਹੈ, ਸੋ ਯੂਨੀਵਰਸਿਟੀ ਚ ਹੀ ਫਿਲਮ-ਮੇਕਿੰਗ ਬਾਰੇ ਸਿੱਖਣਾ ਸ਼ੁਰੂ ਕੀਤਾ।  ਜਦ ਪਤਾ ਲੱਗ ਗਿਆ ਕੇ ਇਹੀ ਉਹ ਕੰਮ ਹੈ ਜੋ ਮੈਂ ਹਮੇਸ਼ਾ ਖੁਸ਼ੀ ਖੁਸ਼ੀ ਕਰ ਸਕਦਾ ਹਾਂ, ਤਾਂ ਬੱਸ ਫੇਰ ਸਭ ਕੁਝ ਛੱਡ ਕੇ ਇਸੇ ਪਾਸੇ ਤੁਰ ਪਿਆ। 

ਕਿਸੇ ਨੌਕਰੀ ਦੇ ਮੁਕਾਬਲੇ ਫਿਲਮ-ਮੇਕਿੰਗ ਇੱਕ ਜ਼ੋਖਿਮ ਭਰਿਆ ਕਿੱਤਾ ਹੈ, ਇਸ ਵਿਚ ਕੋਈ ਗਰੰਟੀ ਨਹੀਂ ਹੁੰਦੀ।  ਤੁਹਾਨੂੰ ਕਦੇ ਲਗਦਾ ਨਹੀਂ ਕਿ ਅਗਰ ਕਾਮਯਾਬ ਨਾ ਹੋਏ ਤਾਂ ਕੀ ਹੋਵੇਗਾ?

ਮੇਰੇ ਖਿਆਲ ਚ ਸਿਰਫ਼ ਸਿਕਿਓਰਿਟੀ ਦੇ ਨਾਮ ਤੇ ਸਾਰੀ ਉਮਰ ਕੋਈ ਰਿਸ੍ਕ ਨਾ ਲੈਣਾ ਜਿਆਦਾ ਰਿਸਕੀ ਹੈ। ਮੈਂ ਲੋਕਾਂ ਨੂੰ ਅਣਮੰਨੇ ਜਿਹੇ ਮਨ ਨਾਲ ਹਰ ਰੋਜ਼ ਉਹੀ ਕੰਮ ਕਰਦੇ ਦੇਖਦਾ ਹਨ ਜਿਸ ਨੂੰ ਉਹ ਨਫ਼ਰਤ ਕਰਦੇ ਨੇ, ਪਰ ਸਿਕਿਓਰਿਟੀ ਦੇ ਡਰ ਕਰਕੇ ਛੱਡ ਨਹੀਂ ਪਾਉਂਦੇ।  ਮੈਨੂੰ ਫੇਲ ਹੋ ਜਾਣ ਦਾ ਕਦੇ ਡਰ ਨਹੀਂ ਲੱਗਾ ਹਾਲੇ ਤੱਕ, ਹਾਂ ਡਰ ਬੱਸ ਇਹ ਹੁੰਦਾ ਹੈ ਕੇ ਕਦੇ ਆਪਣਾ ਨਾ-ਪਸੰਦ ਕੰਮ ਨਾ ਕਰਨਾ ਪਵੇ, ਜਿਸ ਚ ਦਿਨ ਘੜੀ ਦੇਖਦੇ-ਦੇਖਦੇ ਲੰਘਾਉਣਾ ਪਵੇ। ਹਾਲੇ ਤੱਕ ਕਾਫੀ ਉਤਾਰ-ਚੜ੍ਹਾਅ ਦੇਖੇ ਨੇ ਪਰ ਕਦੇ ਬੋਰੀਅਤ ਨਹੀਂ ਜਾਂ ਮਾਯੂਸਗੀ ਨਹੀਂ ਹੋਈ। ਮੇਰੇ ਲਈ ਇੰਨਾ ਹੀ ਬਹੁਤ ਵੱਡੀ ਸਫ਼ਲਤਾ ਜਿਹਾ ਹੈ। ਜਿੰਦਗੀ ਰੋਮਾਚਪੂਰਣ ਲਗਦੀ ਹੈ, ਅਰਥਪੂਰਣ ਲੱਗਦੀ ਹੈ।  ਮੇਰਾ ਮੰਨਣਾ ਹੈ ਕੇ ਸਫ਼ਰ ਚ ਮਜ਼ਾ ਆਉਣਾ ਚਾਹੀਦਾ ਹੈ , ਮੰਜ਼ਿਲ ਜ਼ਿਆਦਾ ਮਹੱਤਵ ਨਹੀਂ ਰੱਖਦੀ। 

ਫ਼ਿਰ ਕਿਸ ਤਰਾਂ ਦਾ ਰਿਹਾ ਹਾਲੇ ਤੱਕ ਦਾ ਇਹ ਸਫ਼ਰ?

ਬਹੁਤ ਹੀ ਚੰਗਾ ਰਿਹਾ ਜੀ।  ਮੈਂ 3-4 ਸਾਲ ਪੰਜਾਬੀ ਟੀਵੀ ਕੀਤਾ, ਇੱਕ ਬਹੁਤ ਚੰਗਾ ਪੰਜਾਬੀ ਟੀਵੀ ਸ਼ੋ ਬਣਾਇਆ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ।  ਹਾਲਾਂਕਿ ਕਮਰਸ਼ੀਅਲ ਪੱਖੋਂ ਮੈਨੂੰ ਨੁਕਸਾਨ ਹੋਇਆ ਪਰ ਉਸ ਲੋ-ਬਜਟ ਸ਼ੋ ਕਰਕੇ ਮੈਂ ਬਹੁਤ ਕੁਝ ਸਿੱਖਿਆ ਅਤੇ ਮੇਰਾ ਯਕੀਨ ਆਪਣੇ ਆਪ ਚ ਵਧਿਆ। ਉਸੇ ਯਕੀਨ ਨੇ ਮੈਨੂੰ ਕਦੇ ਉਦਾਸ ਨਹੀਂ ਹੋਣ ਦਿੱਤਾ।  ਫ਼ੇਰ 2015 ਚ ਮੈਂ ਸੰਸਾਰ ਦੀ ਪਹਿਲੀ ਫ਼੍ਰੇਂਚ ਸ਼ਾਰਟ ਫ਼ਿਲਮ ਬਣਾਈ ਜਿਸ ਵਿਚ ਇਕ ਫ਼੍ਰੇਂਚ-ਸਪੀਕਿੰਗ ਸਿੱਖ ਦੀ ਮੁੱਖ ਭੂਮਿਕਾ ਸੀ।  ਇਸ ਫਿਲਮ ਨੇ 5 ਵਾਰ ਬੈਸਟ ਫਿਲਮ ਦੇ ਐਵਾਰਡ ਜਿੱਤੇ  ਇੰਟਰਨੈਸ਼ਨਲ ਫਿਲਮ ਫ਼ੇਸ੍ਟਿਵਲਜ਼ ਦੇ ਵਿੱਚ। ਬਹੁਤ ਚੰਗਾ ਅਹਿਸਾਸ ਰਿਹਾ।  

ਸੰਸਾਰ ਦੀ ਪਹਿਲੀ ਫ਼੍ਰੇਂਚ ਸ਼ਾਰਟ ਫ਼ਿਲਮ, ਸਿੱਖ ਕਿਰਦਾਰ ਨਾਲ। ਜ਼ਰਾ ਵਿਸਥਾਰ ਨਾਲ ਦੱਸੋ। 

ਜੀ।  ਫਿਲਮ ਦਾ ਨਾਮ ਸੀ ਬੋਨਜੂਰ ਜੀ , ਜਿਸਦਾ ਮਤਲਬ ਫ਼੍ਰੇਂਚ ਵਿਚ ਹੁੰਦਾ ਹੈ 'ਹੈਲੋ ਜੀ'. ਇਹ ਫਿਲਮ ਮੇਰੇ ਜ਼ਾਤੀ ਤਜ਼ਰਬਿਆਂ ਤੇ ਆਧਾਰਿਤ ਸੀ , ਮੈਂ ਲਿਖੀ, ਡਾਇਰੈਕਟ ਕੀਤੀ ਅਤੇ ਐਡਿਟ ਕੀਤੀ। ਅੱਜ ਤੱਕ ਤੁਸੀਂ ਕਿਸੇ ਸਰਦਾਰ ਬੰਦੇ ਨੂੰ ਕਿਸੇ ਫ਼੍ਰੇਂਚ ਫਿਲਮ ਦਾ ਮੁੱਖ ਕਿਰਦਾਰ ਨਹੀਂ ਦੇਖਿਆ ਹੋਵੇਗਾ। ਬਹੁਤ ਹੀ ਲੋ-ਬਜਟ ਸੀ ਪਰ ਕੰਟੈਂਟ ਅੱਛਾ ਹੋਣ ਕਰਕੇ ਲੋਕਾਂ ਨੇ ਪਸੰਦ ਕੀਤੀ। ਫ਼ਿਲਮ ਬੱਸ ਇਹੀ ਦੱਸਣ ਦੀ ਕੋਸ਼ਿਸ਼ ਕਰਦੀ ਹੈ ਕਿ ਅਗਰ ਅਸੀਂ ਰੰਗ, ਨਸਲਾਂ, ਧਰਮਾਂ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਬਿਨਾ ਕਿਸੇ ਰੰਜਿਸ਼ ਦੇ ਦੂਸਰੇ ਲੋਕਾਂ ਨਾਲ ਵਰਤੀਏ ਤਾਂ ਇਹੀ ਦੇਖਾਂਗੇ ਕਿ ਉਹ ਵੀ ਸਾਡੇ ਹੀ ਵਰਗੇ ਹਨ ਵੱਖਰੇ ਨਹੀਂ। ਫ਼ਿਲਮ ਯੂਟਿਯੂਬ ਤੇ ਦੇਖੀ ਜਾ ਸਕਦੀ ਹੈ।  

ਬਹੁਤ ਅੱਛੇ। ਫਿਰ ਉਸ ਫਿਲਮ ਤੋਂ ਬਾਅਦ ਕਿ ਹੋਇਆ?

ਬਹੁਤ ਨਾਮ ਅਤੇ ਮਾਣ ਮਿਲਿਆ, ਆਤਮ-ਵਿਸਵਾਸ਼ ਵਧਿਆ ਅਤੇ 2016 ਚ ਮੈਂ ਫਿਰ ਇੱਕ ਸ਼ੌਰਟ ਫ਼ਿਲਮ ਸਕ੍ਰਿਪਟ ਕੰਪੀਟੀਸ਼ਨ ਜਿਤਿਆ ਜਿਸ ਵਿਚ 400 ਦੇ ਕਰੀਬ ਇੰਗਲਿਸ਼ ਸਕ੍ਰਿਪਟਸ ਨੇ ਕੰਪੀਟ ਕੀਤਾ ਅਤੇ 10 ਫ਼ਿਲਮਾਂ ਚੁਣੀਆਂ ਗਈਆਂ। ਫੰਡਿੰਗ ਗ੍ਰਾੰਟ ਮਿਲੀ ਅਤੇ ਮੈਂ ਦੂਸਰੀ ਫਿਲਮ ਬਣਾਈ ਜੋ ਕਿ ਇੱਕ ਕਾਲਪਨਿਕ ਭਵਿੱਖ ਦੀ ਕਹਾਣੀ ਤੇ ਆਧਾਰਿਤ ਸੀ , ਫਿਲਮ ਦਾ ਨਾਮ ਸੀ 'ਡੋਂਟ ਵਾਕ ਅਮੰਗ ਦ ਡੈੱਡ' . ਇਸ ਫਿਲਮ ਨੂੰ ਵੀ ਫਿਲਮ ਫ਼ੇਸ੍ਟਿਵਲਜ਼ ਚ ਚੰਗਾ ਹੁੰਗਾਰਾ ਮਿਲਿਆ।  ਇਸ ਫਿਲਮ ਦੀ ਖਾਸ ਗੱਲ ਇਹ ਰਹੀ ਕੇ ਇਹ ਫਿਲਮ ਅਸੀਂ ਇੱਕ ਬਹੁਤ ਛੋਟੇ ਜਿਹੇ ਕਰੂ' ਨਾਲ ਬਹੁਤ ਹੀ ਮੁਸ਼ਕਿਲ ਮੌਸਮ ਚ ਬਣਾਈ। ਬਾਹਰ ਦਾ ਤਾਪਮਾਨ -35 ਡਿਗਰੀ ਦੇ ਆਸਪਾਸ ਸੀ ਅਤੇ ਅਸੀਂ ਸ਼ਹਿਰ ਤੋਂ 2 ਘੰਟੇ ਦੂਰ, ਉਜਾੜ ਚ ਦੋ ਦਿਨ ਤੱਕ ਸ਼ੂਟ ਕਰਦੇ ਰਹੇ। ਸਾਡੇ ਕੋਲ ਨਾ ਤਾਂ ਹੀਟ ਦਾ ਕੋਈ ਪ੍ਰਬੰਧ ਸੀ ਅਤੇ ਨਾ ਹੀ ਐਕਟਰਜ਼ ਦੇ ਕੋਸਟਿਯੂਮਜ਼ ਇੰਨੀ ਠੰਡ ਬਰਦਾਸ਼ਤ ਕਰਨ ਦੇ ਕਾਬਿਲ ਸਨ।  ਪਰ ਫੇਰ ਵੀ ਸਾਡੀ ਟੀਮ ਨੇ ਫਿਲਮ ਦੀ ਸ਼ੂਟਿੰਗ ਵਿੱਚ ਨਹੀਂ ਛੱਡੀ। ਪੂਰੀ ਕੀਤੀ। 

ਬਹੁਤ ਹੀ ਦਿਲਚਸਪ ਸਫ਼ਰ ਲਗਦਾ ਹੈ।  ਫਿਰ ਕੈਲਗਰੀ ਚ ਕਦੋਂ ਆਏ?

2015 ਚ।  ਮੈਨੂੰ ਕੈਲਗਰੀ ਦੇ ਬਹੁਤ ਨਾਮਵਰ ਪ੍ਰੋਡਕਸ਼ਨ ਸਟੂਡੀਓ ਚ ਐਡੀਟਰ ਦੀ ਜੌਬ ਮਿਲ ਗਈ ਸੀ। ਕਿਉਂਕਿ ਉਹਨਾਂ ਨੇ ਮੇਰਾ ਟੀਵੀ ਸ਼ੋ ਵੀ ਦੇਖਿਆ ਸੀ ਅਤੇ ਫ਼੍ਰੇਂਚ ਸ਼ੋਰਟ ਫਿਲਮ ਵੀ। ਸੋ ਹਰ ਚੀਜ਼ ਕੰਮ ਆ ਹੀ ਜਾਂਦੀ ਹੈ ਕਦੇ ਨਾ ਕਦੇ। 

ਹਾਲੇ ਤੱਕ ਕਿੰਨੀਆਂ ਸ਼ੌਰਟ ਫ਼ਿਲਮਾਂ ਬਣਾ ਚੁੱਕੇ ਹੋ?

ਤਿੰਨ ਸ਼ੋਰਟ ਫ਼ਿਲਮਾਂ ਅਤੇ ਇੱਕ ਡਾਕੂਮੈਂਟਰੀ।  

ਕਿਸ ਵਿਸ਼ੇ ਤੇ ਹੈ ਤੁਹਾਡੀ ਡਾਕੂਮੈਂਟਰੀ?

ਇਹ ਡਾਕੂਮੈਂਟਰੀ ਮੈਂ ਕੋ-ਰਾਈਟ ਐਂਡ ਕੋ-ਡਾਇਰੈਕਟ ਕੀਤੀ ਸੀ।  ਇਹ ਪੰਜਾਬ ਤੋਂ ਆਏ ਇੱਕ ਪਰਿਵਾਰ ਦੇ ਇੱਕ ਬੱਚੇ ਦੀ ਜਿੰਦਗੀ ਤੇ ਆਧਾਰਿਤ ਸੀ ਜਿਸ ਦੇ ਮਾਤਾ-ਪਿਤਾ ਨੇ ਬਿਨਾ ਕੋਈ ਜਿਆਦਾ ਇੰਗਲਿਸ਼ ਅਤੇ ਖੇਡ ਦੀ ਸਮਝ ਹੋਣ ਦੇ ਬਾਵਜੂਦ ਉਸਨੂੰ ਆਈਸ-ਹਾਕੀ ਦਾ ਵੱਡਾ ਖਿਡਾਰੀ ਬਣਾਇਆ ਅਤੇ ਕਿਸ ਤਰਾਂ ਆਈਸ-ਹਾਕੀ ਸਾਨੂੰ ਪ੍ਰਵਾਸੀਆਂ ਨੂੰ ਕੈਨੇਡੀਅਨ ਕਲਚਰ ਚ ਰੰਗਣ ਚ ਮਦਦ ਕਰਦੀ ਹੈ , ਇਹ ਵਿਸ਼ਾ ਸੀ। ਇਸ ਡੋਕੂਮੈਂਟਰੀ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਅਤੇ ਐਵਾਰਡ ਵੀ ਮਿਲੇ।  

ਬਹੁਤ ਸਹੀ। ਚਲੋ ਹੁਣ ਚਲਦੇ ਹਾਂ ਤੁਹਾਡੀ ਫ਼ੀਚਰ ਫਿਲਮ ਤੇ, ਜੋ ਤੁਸੀਂ ਹੁਣ ਬਣਾ ਰਹੇ ਹੋ?

ਹਾਲੇ ਸ਼ੁਰੂ ਹੋਣੀ ਹੈ ਪਰ ਪ੍ਰੋਸੱਸ ਸ਼ੁਰੂ ਹੋ ਚੁੱਕਾ ਹੈ।  

ਤੁਹਾਡੀ ਇਹ ਫ਼ੀਚਰ ਫ਼ਿਲਮ 'ਪਰਮਾਨੈਂਟ ਰੈਜ਼ੀਡੈਂਟ' ਉਹਨਾਂ ਕਲਾਤਮਿਕ ਇੰਡੋ-ਕਨੇਡੀਅਨ ਪ੍ਰੋਜੈਕਟਸ ਵਿਚੋਂ ਇੱਕ ਹੈ ਜਿਹਨਾਂ ਦੀ ਘੋਸ਼ਣਾ ਕਨੇਡਾ ਦੇ ਪ੍ਰਧਾਨ-ਮੰਤਰੀ ਜਸਟਿਨ ਟਰੂਡੋ ਨੇ ਆਪਣੀ ਮੁੰਬਈ ਫੇਰੀ ਦੌਰਾਨ ਕੀਤੀ। ਇਹ ਕਿਸ ਤਰਾਂ ਹੋਇਆ?

ਜੀ ਮੈਂ ਇਹ ਕਹਾਣੀ ਤੇ ਪਿਛਲੇ ਸਾਲ ਤੋਂ ਕੰਮ ਕਰ ਰਿਹਾ ਸੀ।  ਨਵੰਬਰ 2017 ਚ NFDC ਇੰਡੀਆ ਵੱਲੋਂ ਇੱਕ ਸਕਰਿਪਟ ਕੰਪੀਟੀਸ਼ਨ ਕਰਵਾਇਆ ਜਾਂਦਾ ਹੈ ਜਿਥੇ ਸੰਸਾਰ ਭਰ ਤੋਂ ਲੇਖਕ ਆਪਣੀਆਂ ਸਕ੍ਰਿਪਟਸ ਭੇਜਦੇ ਨੇ ਅਤੇ ਕੁਝ ਹੀ ਚੁਣੇ ਜਾਂਦੇ ਨੇ।  ਇਹ ਉਹੀ ਮੰਚ ਹੈ ਜਿਥੋਂ ਕੋਰਟ, ਲਾਇਰਜ਼ ਡਾਇਸ, ਨਿਊਟਨ ਆਦਿ ਫ਼ਿਲਮਾਂ ਚੁਣੀਆਂ ਗਈਆਂ ਸਨ ਜੋ ਕਿ ਆਸਕਰ ਅਵਾਰਡਜ਼ ਲਈ ਭਾਰਤ ਵੱਲੋਂ ਭੇਜੀਆਂ ਗਈਆਂ ਸਨ।  ਸੋ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਸੀ ਕੇ ਮੇਰੀ ਫਿਲਮ ਦੀ ਸਕਰਿਪਟ ਉਥੇ ਚੁਣੀ ਗਈ। ਸੋ ਉਹਨਾਂ ਨੇ ਗੋਆ ਬੁਲਾਇਆ ਅਤੇ ਫਿਲਮ ਇੰਡਸਟਰੀ ਦੇ ਲੋਕਾਂ ਦੇ ਰੂਬਰੂ ਕਰਵਾਇਆ।  ਮੇਰੀ ਫ਼ਿਲਮ ਦੀ ਕਹਾਣੀ ਨੂੰ ਬਹੁਤ ਪ੍ਰਸੰਸਾ ਮਿਲੀ।  

ਸਾਨੂੰ ਦੱਸੋ ਕੇ ਇਸ ਫ਼ਿਲਮ ਦੀ ਕਹਾਣੀ ਕਿ ਹੈ?

ਇਹ ਫਿਲਮ ਇੱਕ ਸਿੱਖ ਵਿਦਿਆਰਥੀ ਦੀ ਕਹਾਣੀ ਹੈ ਜੋ ਪੰਜਾਬ ਚੋਂ ਕਨੇਡਾ ਪੜਨ ਜਾਂਦਾ ਹੈ ਅਤੇ ਪੱਕੇ ਹੋਣ ਦੇ ਲਈ ਗਲਤ ਅਤੇ ਗੈਰ-ਕਾਨੂੰਨੀ ਰਸਤੇ ਅਖ਼ਤਿਆਰ ਕਰਦਾ ਹੈ। Donald Trump ਦੀ ਸਮਕਾਲੀ ਇਹ ਕਹਾਣੀ ਉਸ ਨੌਜੁਆਨ ਦੇ ਆਪਣੇ ਆਪ ਨੂੰ ਲੱਭਣ ਦੀ ਕਹਾਣੀ ਹੈ, ਇੱਕ ਅੰਤਰ-ਯੁੱਧ ਦੀ ਕਹਾਣੀ ਹੈ, ਜੋ ਨਸਲੀ-ਵਿਤਕਰੇ ਅਤੇ ਧਾਰਮਿਕ ਦੁਹਰੇ ਮਾਪਦੰਡਾਂ ਨੂੰ ਛੁਹੰਦੀ ਹੈ। ਮੇਰੀਆਂ ਜ਼ਿਆਦਾਤਰ ਕਹਾਣੀਆਂ ਪ੍ਰਵਾਸੀ ਲੋਕਾਂ ਦੇ ਆਸ ਪਾਸ ਹੀ ਘੁੰਮਦੀਆਂ ਨੇ ਕਿਉਂਕਿ ਮੈਂਖੁਦ ਇੱਕ ਵਿਦਿਆਰਥੀ ਵਜੋਂ ਕਨੇਡਾ ਆਇਆ ਸੀ।  

ਕਿ ਇਹ ਪੰਜਾਬੀ ਫਿਲਮ ਹੈ ਜਾਂ ਇੰਗਲਿਸ਼?

ਜੀ ਇਹ ਫਿਲਮ 80% ਇੰਗਲਿਸ਼ ਹੀ ਅਤੇ 20% ਪੰਜਾਬੀ।  ਮੇਰੀ ਫਿਲਮ ਦੀ ਜੁਬਾਨ ਓਹੀ ਹੈ ਜੋ ਇਸ ਦੇ ਕਿਰਦਾਰਾਂ ਦੀ ਜੁਬਾਨ ਹੈ। ਇਸੇ ਕਰਕੇ ਓਥੇ ਗੋਆ ਚ ਮੌਜੂਦ ਕੈਨੇਡੀਅਨ ਐਮਬੈਸੀ ਨੇ ਵੀ ਮੇਰੀ ਕਹਾਣੀ ਸੁਣੀ ਅਤੇ ਉਹ ਬਹੁਤ ਖੁਸ਼ ਹੋਏ ਕੇ ਕੋਈ ਉਹਨਾਂ ਦੇ ਮੁਲਕ ਦੀ ਸੱਚੀ ਕਹਾਣੀ ਲਿਖ ਕੇ ਲਿਆਇਆ ਹੈ।  ਉਹਨਾਂ ਨੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਿਫਾਰਿਸ਼ ਕੀਤੀ ਅਤੇ ਬਿਨਾ ਕਿਸੇ ਦੇਰੀ ਦੇ ਟਰੂਡੋ ਸਾਹਿਬ ਨੇ ਇਸ ਨੂੰ ਇੱਕ ਇੰਡੋ-ਕੈਨੇਡੀਅਨ ਕੋ-ਵੈਂਚਰ ਐਲਾਨ ਦਿੱਤਾ।  ਸਾਡੇ ਪ੍ਰਧਾਨ ਮੰਤਰੀ ਦੇ ਕੋਲੋਂ ਇਹ announcemnt ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ।  

ਬਿਲਕੁਲ।  ਤੇ ਕਦੋਂ ਸ਼ੁਰੂ ਹੋਵੇਗੀ ਇਸ ਫਿਲਮ ਦੀ ਸ਼ੂਟਿੰਗ?

ਸੇਪਟੰਬਰ 2018 ਸਾਡਾ ਟੀਚਾ ਹੈ। ਹਾਲੇ ਇਹ ਫਿਲਮ ਫੰਡਿੰਗ ਦੀ ਸਟੇਜ ਤੇ ਹੈ, ਅਸੀਂ ਆਪਣੇ ਬਜਟ ਦਾ 50% ਹਾਸਿਲ ਕਰ ਲਿਆ ਹੈ ਬਾਕੀ ਦੇ ਲਈ ਇਨਵੇਸ੍ਟਰਜ਼ ਨਾਲ ਗੱਲਬਾਤ ਚਲ ਰਹੀ ਹੈ।  ਉਮੀਦ ਹੈ ਜਲਦ ਹੀ ਸ਼ੂਟਿੰਗ ਸ਼ਡਿਊਲ ਐਲਾਨ ਦਿਆਂਗੇ।  

ਫਿਲਮ ਦਾ ਹੀਰੋ ਵਗੈਰਾਹ ਹਾਲੇ ਸੋਚਿਆ ਹੈ ਜਾਂ ਨਹੀਂ, ਕਿ ਕੌਣ ਕਰੇਗਾ?

ਹਾਲੇ ਫਾਈਨਲ ਨਹੀਂ ਕੀਤਾ ਪਰ ਕੁਝ ਐਕਟਰਸ ਨਾਲ ਗੱਲ ਚਾਲ ਰਹੀ ਹੈ ਜਿੰਨਾ ਨੂੰ ਕਹਾਣੀ ਬਹੁਤ ਪਸੰਦ ਆਈ ਹੈ ਤੇ ਜਲਦ ਹੀ ਸਾਰੇ ਐਕਟਰਸ ਫਾਈਨਲ ਕਰ ਰਹੇ ਹਾਂ।  ਮੇਰੇ ਲਈ ਕਿਸੇ ਐਕਟਰ ਦਾ ਨਾਮਵਰ ਹੋਣਾ ਜਰੂਰੀ ਨਹੀਂ ਪਰ ਚੰਗਾ ਐਕਟਰ ਹੋਣਾ ਜਰੂਰੀ ਹੈ। ਸੋ ਕੁਝ ਨਵੇਂ ਚੇਹਰਿਆਂ ਨੂੰ ਵੀ ਔਡੀਸ਼ਨ ਕਰਕੇ ਦੇਖਾਂਗਾ।  

ਕਿ ਇਸ ਫਿਲਮ ਵਿਚ ਵੀ ਭਾਰਤੀ ਫ਼ਿਲਮਾਂ ਵਾਂਗ ਗਾਣੇ ਵਗੈਰਾਹ ਹੋਣਗੇ? ਕਿਰਦਾਰ ਤਾਂ ਭਾਰਤੀ ਹੀ ਹੈ।  

ਜੀ ਨਹੀਂ। ਕਿਉਂਕਿ ਇਸ ਫਿਲਮ ਦੀ ਪ੍ਰਮੁੱਖ ਔਡੀਐਂਸ ਅਮਰੀਕਾ-ਕੈਨੇਡਾ ਅਤੇ ਯੋਰੁਪ ਹੈ, ਇਹ ਇੱਕ ਹੌਲੀਵੁੱਡ ਦੀ ਫਿਲਮ ਵਾਂਗ ਹੀ ਹੋਵੇਗੀ।  ਮੇਰੀ ਕਹਾਣੀ ਚ ਕੋਈ ਪਹਾੜਾਂ ਚ ਗੀਤ ਨਹੀਂ ਗਾਉਂਦਾ, ਪਰ ਬੈਕਗ੍ਰਾਊਂਡ ਸਕੋਰ ਜਰੂਰ ਹੋਵੇਗਾ।  ਮੇਰਾ ਮਕਸਦ ਹੈ ਇਕ ਕਹਾਣੀ-ਪ੍ਰਧਾਨ ਚੰਗੀ ਫਿਲਮ ਬਣਾਵਾਂ ਜੋ ਹਰ ਕਿਸੇ ਦੇ ਦਿਲ ਨੂੰ ਛੂਵੇ ਅਤੇ ਅੰਤਰਰਾਸ਼ਟਰੀ ਫਿਲਮ ਫ਼ੇਸ੍ਟਿਵਲਸ ਚ ਓਪਨਿੰਗ ਕਰੇ।  

ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਸਤਿੰਦਰ ਅਤੇ ਸਾਨੂੰ ਪੂਰਾ ਯਕੀਨ ਹੈ ਇਹ ਫਿਲਮ ਜਰੂਰ ਹੀ ਬਹੁਤ ਨਾਮ ਕਮਾਵੇਗੀ।  ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਹਨ। 

ਮੈਨੂੰ ਆਪਣੇ ਪਾਠਕਾਂ ਦੇ ਰੂਬਰੂ ਹੋਣ ਦਾ ਮੌਕਾ ਦੇਣ ਲਈ ਸ਼ੁਕਰੀਆ। ਮੈਨੂੰ ਵੀ ਬਹੁਤ ਚੰਗਾ ਲੱਗਾ।