ਸ਼ਹਿਰ ਦੇ ਵਿੱਚ ਟੂਰਿਜ਼ਮ ਦੇ ਵਧਾਵੇ ਲਈ ਇਕੱਠੇ ਦੋ ਮੇਲੇ ਲੱਗੇ ਹੋਣ ਤਾਂ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਦਾ ਸ਼ਿਰਕਤ ਕਰਨਾ ਤਾਂ ਬਣਦਾ ਹੀ ਹੈ। ਖ਼ਬਰ ਹੈ ਪਟਿਆਲਾ ਸ਼ਹਿਰ ਦੀ, ਜਿੱਥੇ ਵਿਰਾਸਤੀ ਹੈਰੀਟੇਜ ਮੇਲੇ ਨੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਆਪਣੀ ਤਰਫ਼ ਆਕਰਸ਼ਿਤ ਕਰ ਲਿਆ ਹੈ ਅਤੇ ਉਹ ਸ਼ਾਹੀ ਸ਼ਹਿਰ 'ਚ ਲੱਗੀ ਰੌਣਕਾਂ ਤੋਂ ਪੂਰੀ ਤਰੀਕੇ ਨਾਲ ਦੰਗ ਰਹੀ ਗਏ ਹਨ। ਹੈਰੀਟੇਜ ਮੇਲੇ ਵਿੱਚ ਪਹੁੰਚੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਸੈਰ ਸਪਾਟੇ ਨੂੰ ਪ੍ਰਫੁੱਲਿਤ ਕਰਨ ਸਦਕਾ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਵੇਗਾ ਅਤੇ ਉਹ ਇਤਿਹਾਸ ਹੁਣ ਤੋਂ ਹੀ ਰੱਚਿਆ ਜਾ ਚੁਕਾ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਸਿਫ਼ਤ ਹੈ ਕਿ ਪਟਿਆਲੇ ਦੇ ਨਾਲ-ਨਾਲ ਇਹੋ ਜਿਹੇ ਮੇਲੇ ਅੰਮ੍ਰਿਤਸਰ, ਕਪੂਰਥਲਾ ਅਤੇ ਬਠਿੰਡਾ ਵਿੱਚ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਚਾਰ ਸਾਲਾਂ 'ਚ ਪੰਜਾਬ ਦਾ ਸੈਰ ਸਪਾਟਾ ਇੱਕ ਅਜਿਹੇ ਮੁਕਾਮ 'ਤੇ ਪਹੁੰਚ ਜਾਵੇਗਾ ਕਿ ਇਸ ਦਾ ਮੁਕਾਬਲਾ ਹਰ ਰਾਜ ਸਰਕਾਰ ਕਰਨਾ ਚਾਹੇਗੀ। ਸੈਰ ਸਪਾਟੇ ਦਾ ਤਾਂ ਪਤਾ ਨਹੀਂ ਅਗਲੇ ਸਾਲਾਂ 'ਚ ਕੀ ਹੋਵੇਗਾ ਪਰ ਇਸ ਮੌਕੇ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਨੂੰ ਸੁਣ ਕੇ ਇਹ ਗੱਲ ਤਾਂ ਪੂਰੀ ਤਰ੍ਹਾਂ ਸਾਫ਼ ਹੋ ਗਈ ਕਿ ਉਨ੍ਹਾਂ ਦੀ ਕੈਪਟਨ ਸਰਕਾਰ ਨਾਲ ਨਾਰਾਜ਼ਗੀ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ।