ਜ਼ਿਲ੍ਹਾ ਪਠਾਨਕੋਟ ਦੇ ਅੱਧ ਪਹਾੜੀ ਖੇਤਰ ਵਿਖੇ ਦੇਖੇ ਗਏ 4 ਸ਼ੱਕੀ

Last Updated: Feb 14 2018 21:12

ਜੰਮੂ ਕਸ਼ਮੀਰ ਦੇ ਸੁੰਜਵਾਂ 'ਚ ਹੋਏ ਦਹਿਸ਼ਤ ਗਰਦੀ ਹਮਲੇ ਦੇ ਬਾਅਦ ਹੁਣ ਜ਼ਿਲ੍ਹਾ ਪਠਾਨਕੋਟ ਦੇ ਅੱਧ ਪਹਾੜੀ ਖੇਤਰ ਧਾਰ ਬਲਾਕ ਵਿਖੇ ਪਠਾਨਕੋਟ-ਡਲਹੌਜ਼ੀ ਕੌਮੀ ਰਾਹ 'ਤੇ 4 ਸ਼ੱਕੀ ਲੋਕ ਵੇਖੇ ਗਏ ਹਨ। ਜਿਸ ਦੇ ਚਲਦੇ ਪਠਾਨਕੋਟ ਪੁਲਿਸ ਵੱਲੋਂ ਧਾਰ ਇਲਾਕੇ ਵਿਖੇ ਸਰਚ ਓਪਰੇਸ਼ਨ ਚਲਾਇਆ ਅਤੇ ਸਥਾਨਕ ਲੋਕਾਂ ਦੇ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਖੰਘਾਲਿਆ ਗਿਆ। ਜੇਕਰ ਸੂਤਰਾਂ ਦੀ ਮੰਨੀਏ ਤਾਂ ਬੀਤੀ ਰਾਤ ਕਰੀਬ 10 ਤੋਂ 11 ਬਜੇ ਦੇ ਵਿੱਚ ਹਿਮਾਚਲ ਦੇ ਚੰਬਾ ਤੋਂ ਇੱਕ ਐਂਬੂਲੈਂਸ ਮਰੀਜ਼ ਨੂੰ ਲੈ ਕੇ ਪਠਾਨਕੋਟ ਆ ਰਹੀ ਸੀ ਜਦ ਇਹ ਐਂਬੂਲੈਂਸ ਧਾਰ ਬਲਾਕ ਦੇ ਪਿੰਡ ਸੁਕਰੇਤ ਨੇੜੇ ਪਹੁੰਚੀ ਤਾਂ ਉਨ੍ਹਾਂ ਵੱਲੋਂ ਸੜਕ ਕੰਡੇ 4 ਲੋਕਾਂ ਨੂੰ ਹਥਿਆਰਾਂ ਨਾਲ ਵੇਖਿਆ। ਜਿਸ ਦੇ ਚਲਦੇ ਇਨ੍ਹਾਂ ਲੋਕਾਂ ਵੱਲੋਂ ਅਗਾਂਹ ਆ ਸਥਾਨਕ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਿਸ ਦੇ ਬਾਅਦ ਪੁਲਿਸ ਨੇ ਫ਼ੌਰਨ ਹਰਕਤ 'ਚ ਆਉਂਦੇ ਹੋਏ ਸਰਚ ਓਪਰੇਸ਼ਨ ਸ਼ੁਰੂ ਕਰ ਦਿੱਤਾ।

ਪੁਲਿਸ ਵੱਲੋਂ ਧਾਰ ਇਲਾਕੇ ਦੇ ਵੱਖ-ਵੱਖ ਜੰਗਲਾਂ 'ਚ ਸਰਚ ਓਪਰੇਸ਼ਨ ਕੀਤਾ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਦਾ ਫ਼ੋਨ ਆਇਆ ਸੀ ਕਿ ਇਲਾਕੇ 'ਚ ਕੁਝ ਸ਼ੱਕੀ ਲੋਕ ਵੇਖੇ ਜਾਨ ਦੀ ਖ਼ਬਰ ਮਿਲੀ ਹੈ ਇਸ ਲਈ ਉਨ੍ਹਾਂ ਨੇ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਵੇਖਣੀ ਹੈ ਅਤੇ ਸਾਡੇ ਵੱਲੋਂ ਵੀ ਉਹ ਫੁਟੇਜ ਪੁਲਿਸ ਨੂੰ ਦੇ ਦਿੱਤੀ ਗਈ ਹੈ। ਦੂਜੇ ਪਾਸੇ ਜਦ ਇਸ ਬਾਰੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਪਠਾਨਕੋਟ ਦੇ ਐਸ.ਐਸ.ਪੀ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ 'ਚ ਕੁਝ ਸ਼ੱਕੀ ਵੇਖੇ ਗਏ ਹਨ। ਜਿਸ ਦੇ ਚਲਦੇ ਪੁਲਿਸ ਵੱਲੋਂ ਸਰਚ ਓਪਰੇਸ਼ਨ ਚਲਾਇਆ ਗਿਆ ਪਰ ਸਰਚ ਓਪਰੇਸ਼ਨ ਦੌਰਾਨ ਕੋਈ ਵੀ ਸ਼ੱਕੀ ਸ਼ਖਸ ਜਾ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ।