ਪਾਵਰਕਾਮ ਸੀਐਮਡੀ ਅਤੇ ਬੋਰਡ ਡਾਇਰੈਕਟਰ ਦਾ ਕਾਲੀ ਝੰਡੀਆਂ ਨਾਲ ਸਵਾਗਤ ਕਰਨਗੇ ਬਿਜਲੀ ਕਾਮੇ

Jatinder Singh
Last Updated: Feb 14 2018 21:03

ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦਾ ਨਿਪਟਾਰਾ ਨਾ ਕੀਤੇ ਜਾਣ ਅਤੇ ਬਿਜਲੀ ਮੁਲਾਜ਼ਮਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਸਬੰਧੀ ਟੈਕਨੀਕਲ ਸਰਵਿਸੇਜ ਯੂਨੀਅਨ (ਟੀ.ਐਸ.ਯੂ) ਸਰਕਲ ਖੰਨਾ ਵੱਲੋਂ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ 'ਚ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਖੰਨਾ, ਦੋਰਾਹਾ, ਅਮਲੋਹ, ਸਰਹਿੰਦ, ਸਪੈਸ਼ਲ ਮੰਡੀ ਗੋਬਿੰਦਗੜ੍ਹ, ਪੀ ਅਤੇ ਐਮ ਮੰਡਲ ਗੋਬਿੰਦਗੜ੍ਹ ਡਵੀਜ਼ਨਾਂ ਦੇ ਸਮੂਹ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ 'ਚ ਬਿਜਲੀ ਮੁਲਾਜ਼ਮਾਂ ਨੇ 19 ਫਰਵਰੀ ਤੋਂ 31 ਮਾਰਚ ਤੱਕ ਵਰਕ ਟੂ ਰੂਲ ਅਨੁਸਾਰ ਕੰਮ ਕਰਨ ਦਾ ਐਲਾਨ ਕੀਤਾ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਲ ਸਕੱਤਰ ਮੱਖਣ ਸਿੰਘ ਅਤੇ ਖੰਨਾ ਮੰਡਲ ਦੇ ਸਕੱਤਰ ਲਖਵੀਰ ਸਿੰਘ ਨੇ ਦੱਸਿਆ ਕਿ ਪੀ.ਐਸ.ਈ.ਬੀ ਜੁਆਇੰਟ ਫੋਰਮ ਪੰਜਾਬ ਵੱਲੋਂ ਦਿੱਤੇ ਗਏ ਪ੍ਰੋਗਰਾਮ ਦੇ ਅਨੁਸਾਰ 15 ਫਰਵਰੀ ਨੂੰ ਲੁਧਿਆਣਾ ਪੈਂਸ਼ਨਰ ਭਵਨ 'ਚ ਹੋਣ ਜਾ ਰਹੀ ਜ਼ੋਨਲ ਕਨਵੈਨਸ਼ਨ ਵਿੱਚ ਸਰਕਲ ਕਮੇਟੀ ਦੀਆਂ ਸਮੂਹ ਡਵੀਜ਼ਨਾਂ ਦੇ ਪ੍ਰਧਾਨ ਤੇ ਸਕੱਤਰ ਅਤੇ ਸਬ ਡਵੀਜਨਾਂ ਦੇ ਪ੍ਰਧਾਨ ਸ਼ਾਮਿਲ ਹੋਣਗੇ। ਜੁਆਇੰਟ ਫੋਰਮ ਪੰਜਾਬ ਵੱਲੋਂ ਐਲਾਨੇ ਪ੍ਰੋਗਰਾਮ ਅਧੀਨ 19 ਫਰਵਰੀ ਤੋਂ ਲੈ ਕੇ 31 ਮਾਰਚ 2018 ਤੱਕ ਵਰਕ ਟੂ ਰੂਲ ਦੇ ਅਨੁਸਾਰ ਕੰਮ ਕੀਤਾ ਜਾਵੇਗਾ ਅਤੇ ਇਸਨੂੰ ਸਫਲ ਕਰਨ ਲਈ ਖੰਨਾ ਸਰਕਲ ਦੇ ਅਧੀਨ ਪੈਂਦੀਆਂ ਸਮੂਹ ਸਬ ਡਵੀਜ਼ਨਾਂ ਵਿੱਚ ਮੀਟਿੰਗਾਂ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ 19 ਫਰਵਰੀ ਤੋਂ 31 ਮਾਰਚ ਤੱਕ ਜੇਕਰ ਕੋਈ ਵੀ ਸੀ.ਐਮ.ਡੀ ਜਾਂ ਪਾਵਰਕਾਮ ਮੈਨੇਜਮੈਂਟ ਬੋਰਡ ਦਾ ਡਾਇਰੈਕਟਰ ਫੀਲਡ ਵਿੱਚ ਆਵੇਗਾ ਤਾਂ ਉਸਦਾ ਕਾਲੀ ਝੰਡੀਆਂ ਦੇ ਨਾਲ ਸਵਾਗਤ ਕੀਤਾ ਜਾਵੇਗਾ।