ਹੁਣ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਜਨਤਾ ਤੱਕ ਲੈ ਕੇ ਜਾਣਗੇ ਸਾਬਕਾ ਫੌਜੀ: ਮੇਜਰ ਔਲਖ

Last Updated: Feb 14 2018 20:15

ਪੰਜਾਬ ਸਰਕਾਰ ਵੱਲੋਂ ਆਪਣੀ ਲੋਕ ਭਲਾਈ ਸਕੀਮਾਂ ਨੂੰ ਜਨਤਾ ਤੱਕ ਸਹੀ ਢੰਗ ਨਾਲ ਪੁੱਜਦੇ ਕਰਨ ਲਈ ਸਾਬਕਾ ਫੌਜੀਆਂ ਦੀ ਸਹਾਇਤਾ ਲਈ ਜਾਵੇਗੀ। ਜਾਣਕਾਰੀ ਅਨੁਸਾਰ ਸੂਬਾ ਸਰਕਾਰ ਵੱਲੋਂ ''ਗਾਰਡੀਅਨ ਆਫ ਗਵਰਨੈਂਸ'' ਨਾਂ ਦੀ ਇੱਕ ਯੋਜਨਾ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਯੋਜਨਾ ਦੇ ਵਿੱਚ ਲੋਕਾਂ ਤੱਕ ਸਾਰੇ ਲਾਭ ਸਹੀ ਢੰਗ ਨਾਲ ਭੇਜਣ ਲਈ ਸਾਬਕਾ ਫੌਜੀਆਂ ਅਤੇ ਜੇ.ਸੀ.ਓ. ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਇਸ ਸਕੀਮ ਦੇ ਤਹਿਤ ਮੇਜਰ ਜੀ.ਐਸ. ਔਲਖ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇੰਚਾਰਜ ਲਾਇਆ ਗਿਆ ਹੈ। ਮੇਜਰ ਔਲਖ ਦੇ ਅਨੁਸਾਰ ਇਹ ਭਰਤੀ ਪਿੰਡ ਪੱਧਰ ਅਤੇ ਤਹਿਸੀਲ ਪੱਧਰ 'ਤੇ ਕੀਤੀ ਜਾਵੇਗੀ ਅਤੇ ਜ਼ਿਲ੍ਹੇ ਭਰ ਵਿੱਚ 56 ਕਰਮਚਾਰੀ ਚੁਣੇ ਜਾਣਗੇ। ਉਨ੍ਹਾਂ ਨੇ ਕਿਹਾ ਕੇ ਇਸ ਸਕੀਮ ਦੇ ਤਹਿਤ ਇਹ ਸਾਬਕਾ ਫੌਜੀ ਅਫਸਰਾਂ ਵੱਲੋਂ ਸਾਰੀਆਂ ਸਰਕਾਰੀ ਸਕੀਮਾਂ ਦੇ ਕੰਮ ਕਾਜ 'ਤੇ ਨਜ਼ਰ ਰੱਖੀ ਜਾਵੇਗੀ ਅਤੇ ਸਰਕਾਰ ਦੇ ਅੱਖਾਂ-ਕੰਨਾਂ ਵਜੋਂ ਕੰਮ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਇਸ ਸਕੀਮ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਹੈ ਅਤੇ ਮੇਜਰ ਔਲਖ ਨੂੰ ਅਹੁਦੇ ਦੀ ਮੁਬਾਰਕਬਾਦ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਸਾਰੇ ਸਾਬਕਾ ਫੌਜੀ ਜਵਾਨ ਇਸ ਸਕੀਮ ਵਿੱਚ ਬਿਨਾ ਕਿਸੇ ਮਿਹਨਤਾਨੇ ਦੇ ਆਪਣੀ ਮਰਜੀ ਨਾਲ ਸੇਵਾ ਦੇਣਗੇ।