ਸਮਾਰਟ ਸਿਟੀ ਦੇ ਕੰਮ ਦੀ ਸ਼ੁਰੂਆਤ ਲਈ ਉੱਚ ਪੱਧਰੀ ਟੀਮ ਵੱਲੋਂ ਸ਼ਹਿਰ ਦਾ ਦੌਰਾ

Vipan Sharma
Last Updated: Feb 14 2018 20:19

ਸਮਾਰਟ ਸਿਟੀ ਤਹਿਤ ਅੰਮ੍ਰਿਤਸਰ ਸ਼ਹਿਰ ਵਿੱਚ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਦੀ ਯੋਜਨਾਬੰਦੀ ਨੂੰ ਸਿਰੇ ਚਾੜ੍ਹਨ ਲਈ ਅੱਜ ਹਲਕਾ ਅੰਮ੍ਰਿਤਸਰ ਕੇਂਦਰੀ ਦੇ ਵਿਧਾਇਕ ਓ.ਪੀ. ਸੋਨੀ, ਸੀ.ਈ.ਓ ਸਮਾਰਟ ਸਿਟੀ ਦੀਪਤੀ ਉੱਪਲ, ਡਿਪਟੀ ਮੇਅਰ ਯੂਨਿਸ ਕੁਮਾਰ ਅਤੇ ਹੋਰ ਅਧਿਕਾਰੀਆਂ ਵੱਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ। 
   
ਇਸ ਦੌਰੇ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੜਕਾਂ 'ਤੇ ਟਰੈਫ਼ਿਕ ਪ੍ਰਬੰਧ ਸੁਚਾਰੂ ਰੂਪ ਨਾਲ ਕਰਨ, ਰੇਹੜੀਆਂ-ਫੜੀਆਂ ਅਤੇ ਹੋਰ ਮੁੱਦੇ ਵਿਧਾਇਕ ਸੋਨੀ ਦੇ ਧਿਆਨ ਵਿੱਚ ਲਿਆਂਦੇ। ਟੀਮ ਨੇ ਸ਼ਕਤੀ ਨਗਰ ਚੌਂਕ ਪਾਰਕ, ਮਜੀਠ ਮੰਡੀ ਦੇ ਸਾਹਮਣੇ ਵਾਲਾ ਪਾਰਕ, ਸ਼ਕਤੀ ਨਗਰ 'ਚ ਪਾਣੀ ਦੀ ਟੈਂਕੀ ਵਾਲਾ ਪਾਰਕ, ਮੱਛੀ ਮੰਡੀ, ਕੈਂਰੋ ਮਾਰਕੀਟ ਆਦਿ ਦਾ ਦੌਰਾ ਕੀਤਾ। ਸੋਨੀ ਨੇ ਸੁਝਾਅ ਦਿੱਤਾ ਕਿ ਇਹ ਪਾਰਕ ਸੰਘਣੀ ਅਬਾਦੀ ਲਈ ਸੈਰਗਾਹ ਬਣਾਏ ਜਾਣ, ਜਿਸ ਵਿੱਚ ਬੱਚੇ ਖੇਡ ਸਕਣ ਅਤੇ ਬਜ਼ੁਰਗ ਸੈਰ ਕਰ ਸਕਣ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਕੈਂਰੋ ਮਾਰਕੀਟ 'ਚ ਮਲਟੀ ਲੈਵਲ ਕਾਰ ਪਾਰਕਿੰਗ ਬਣ ਜਾਣ ਨਾਲ ਇਲਾਕੇ ਵਿਚੋਂ ਟਰੈਫ਼ਿਕ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਅਤੇ ਆਉਣ-ਜਾਣ ਵਾਲਿਆਂ ਨੂੰ ਵੀ ਅਸਾਨੀ ਹੋਵੇਗੀ। 
             
ਸੋਨੀ ਨੇ ਅੰਦਰੂਨੀ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕਰਨ 'ਤੇ ਜ਼ੋਰ ਦਿੰਦੇ ਕਿਹਾ ਕਿ ਇਹ ਕੰਮ ਤਰਜੀਹੀ ਅਧਾਰ 'ਤੇ ਨੇਪਰੇ ਚੜ੍ਹਾਏ ਜਾਣ। ਉਹ ਇਸ ਮੌਕੇ ਸ਼ਹਿਰ ਦੇ ਅੰਦਰੂਨੀ ਤੇ ਪੁਰਾਣੇ ਹਿੱਸੇ, ਜੋ ਕਿ ਕੰਧ ਦੇ ਅੰਦਰ ਹੈ, ਦੀ ਨਕਸ਼ਾਬੰਦੀ ਕਰ ਰਹੀ ਸਰਵੇ ਟੀਮ ਨੂੰ ਵੀ ਮਿਲੇ ਅਤੇ ਇੱਥੇ ਰਹਿ ਰਹੇ ਲੋਕਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਕਰਨ ਲਈ ਕੁੱਝ ਜ਼ਰੂਰੀ ਸੁਝਾਅ ਵੀ ਅੰਮ੍ਰਿਤਸਰ ਸਮਾਰਟ ਸਿਟੀ ਦੀ ਟੀਮ ਨੂੰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਹਰੇਕ ਇਲਾਕੇ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦੀ ਤਰਜੀਹੀ ਅਧਾਰ 'ਤੇ ਕੰਮ ਕਰਵਾਏ ਜਾਣ।