ਬਾਰ ਦਾ ਦੋਸ਼, ਵਕੀਲ ਨੂੰ ਪੁਲਿਸ ਮੁਕੱਦਮੇ 'ਚ ਨਾਮਜਦ ਕਰਨਾ ਗਲਤ

Avtar Gill
Last Updated: Feb 14 2018 20:10

ਅਬੋਹਰ ਬਾਰ ਐਸੋਸੀਏਸ਼ਨ ਦਾ ਰੋਸ ਪੁਲਿਸ ਪ੍ਰਸ਼ਾਸਨ ਖਿਲਾਫ਼ ਵੱਧਦਾ ਜਾ ਰਿਹਾ ਹੈ। ਇਸੇ ਮਾਮਲੇ 'ਚ ਐਸੋਸੀਏਸ਼ਨ ਦਾ ਵਫਦ 15 ਫ਼ਰਵਰੀ ਨੂੰ ਜ਼ਿਲ੍ਹਾ ਪੁਲਿਸ ਕਪਤਾਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਸਾਥੀ ਵਕੀਲ ਅਤੇ ਮੁਨਸ਼ੀ ਨੂੰ ਇੱਕ ਧੋਖਾਧੜੀ ਦੇ ਮਾਮਲੇ 'ਚ ਨਾਮਜੱਦ ਕੀਤੇ ਜਾਣ 'ਤੇ ਰੋਸ ਪ੍ਰਗਟ ਕਰੇਗਾ ਅਤੇ ਮਾਮਲੇ ਚੋਂ ਕੱਢਣ ਦੀ ਮੰਗ ਕੀਤੀ ਜਾਵੇਗੀ। ਵਕੀਲਾਂ ਨੇ ਇਸ ਮਾਮਲੇ ਨੂੰ ਲੈਕੇ ਬੀਤੇ ਕੱਲ ਆਪਣਾ ਕੰਮਕਾਜ ਠੱਪ ਰੱਖਕੇ ਆਪਣਾ ਵਿਰੋਧ ਜਤਾਇਆ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਕਈ ਹਜ਼ਾਰ ਕਰੋੜ ਰੁਪਏ ਦੀ ਕਥਿਤ ਠੱਗੀ ਦੇ ਕਈ ਪੁਲਿਸ ਮਾਮਲਿਆਂ 'ਚ ਨਾਮਜੱਦ ਅਤੇ ਆਦਲਤ ਵੱਲੋਂ ਭਗੋੜਾ ਕਰਾਰ ਦਿੱਤੇ ਗਏ ਨੇਚਰ ਵੇ ਅਤੇ ਨੇਚਰ ਹਾਇਟ ਕੰਪਨੀ ਦੇ ਮਾਲਕ ਨੀਰਜ ਅਰੋੜਾ ਦੀ ਪਤਨੀ ਡੋਲੀ ਅਰੋੜਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ 'ਤੇ ਅਬੋਹਰ ਪੁਲਿਸ ਨੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਸਮੇਤ ਕੁੱਲ 16 ਲੋਕਾਂ ਖਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ, ਜਿਸ ਵਿੱਚ ਬਾਰ ਐਸੋਸੀਏਸ਼ਨ ਅਬੋਹਰ ਦੇ ਮੈਂਬਰ ਵਕੀਲ ਅਤੁਲ ਅਸੀਜਾ ਅਤੇ ਉਨ੍ਹਾਂ ਦੇ ਮੁਨਸ਼ੀ ਨੂੰ ਵੀ ਨਾਮਜੱਦ ਕੀਤਾ ਗਿਆ ਹੈ। ਪੁਲਿਸ ਦੀ ਇਸ ਕਾਰਵਾਈ ਦੇ ਵਿਰੋਧ 'ਚ ਵਕੀਲਾਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਬਾਰੇ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਰੰਧਾਵਾ, ਸਾਬਕਾ ਪ੍ਰਧਾਨ ਆਰ.ਐਸ ਫ਼ੋਰ, ਸਕੱਤਰ ਜਸਬੀਰ ਸਿੰਘ ਜੰਮੂ ਨੇ ਪੁਲਿਸ 'ਤੇ ਦੋਸ਼ ਲਾਇਆ ਕਿ ਵਕੀਲ ਅਤੇ ਬਾਰ ਮੈਂਬਰ ਅਤੁਲ ਅਸੀਜਾ ਅਤੇ ਉਨ੍ਹਾਂ ਦੇ ਮੁਨਸ਼ੀ ਖਿਲਾਫ਼ ਕਥਿਤ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ 15 ਫ਼ਰਵਰੀ ਨੂੰ ਜ਼ਿਲ੍ਹਾ ਪੁਲਿਸ ਕਪਤਾਨ ਕੇਤਨ ਪਾਟਿਲ ਬਲਿਰਾਮ ਨੂੰ ਮਿਲਣਗੇ ਅਤੇ ਮੰਗ ਕਰਣਗੇ ਕਿ ਉਨ੍ਹਾਂ ਦੇ ਬਾਰ ਮੈਂਬਰ ਅਤੇ ਉਨ੍ਹਾਂ ਦੇ ਮੁਨਸ਼ੀ ਨੂੰ ਇਸ ਮੁਕੱਦਮੇ ਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਉਨ੍ਹਾਂ ਦੀ ਮੰਗ 'ਤੇ ਗੌਰ ਨਾ ਫਰਮਾਇਆ ਤਾਂ ਮਜਬੂਰਨ ਉਨ੍ਹਾਂ ਨੂੰ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਵੇਗਾ।