ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਸਾੜੀਆਂ ਬਜਟ ਦੀਆਂ ਕਾਪੀਆਂ.!!!

Last Updated: Feb 14 2018 19:54

ਸਰਬ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਅੱਜ ਜ਼ੀਰਾ ਤਹਿਸੀਲ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਬਲਰਾਜ ਸਿੰਘ ਮੱਲੋ ਕੇ ਦੀ ਅਗਵਾਈ ਵਿੱਚ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਕਾਪੀਆਂ ਸਾੜਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਲਰਾਜ ਸਿੰਘ ਮੱਲੋ ਕੇ ਨੇ ਦੱਸਿਆ ਕਿ ਕੇਂਦਰੀ ਬਜਟ ਵਿੱਚ ਕਿਸਾਨਾਂ ਦੇ ਪੱਖ ਦਾ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨੀ ਮੰਗਾਂ ਸਬੰਧੀ ਸਿਰਫ਼ ਖੋਖਲੀ ਬਿਆਨਬਾਜ਼ੀ ਹੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਭਰ ਦੇ ਕਿਸਾਨਾਂ ਨੂੰ ਡਾ. ਸਵਾਮੀ ਨਾਥਣ ਰਿਪੋਰਟ ਮੁਤਾਬਿਕ ਘੱਟੋ ਘੱਟ ਸਮਰਥਨ ਮੁੱਲ ਦਿੱਤਾ ਜਾਵੇ, ਸਾਰੇ ਕਿਸਾਨਾਂ 'ਤੇ ਖੇਤ ਮਜ਼ਦੂਰਾਂ ਦੇ ਨਿੱਜੀ ਖਰਚੇ ਸਮੇਤ ਹਰ ਤਰ੍ਹਾਂ ਦੇ ਸਰਕਾਰੀ ਅਤੇ ਗੈਰ ਸਰਕਾਰੀ ਕਰਜਿਆਂ 'ਤੇ ਲੀਕ ਮਾਰੀ ਜਾਵੇ।

ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਐਲਾਣ ਕੀਤਾ ਹੈ ਕਿ ਕਮਿਸ਼ਨ ਦੀ ਇੱਕ ਕਮੇਟੀ ਬਜਾਰ ਦੀਆਂ ਕੀਮਤਾਂ ਅਤੇ ਸਮਰਥਨ ਮੁੱਲ ਵਿਚਾਲੇ ਫਰਕ ਦੀ ਪੜਚੋਲ ਤਰੀਕਾ ਦੱਸੇਗੀ, ਪਰ ਇਸ ਕਾਰਜ ਲਈ ਸਿਰਫ਼ 200 ਕਰੋੜ ਲਗਾਏ ਗਏ ਹਨ, ਜੋ ਕਿ ਇੱਕ ਜ਼ਿਲ੍ਹੇ ਲਈ ਕਾਫ਼ੀ ਨਹੀਂ ਹਨ। ਉਨ੍ਹਾਂ ਕਿਹਾ ਕਿ ਬਜਟ ਵਿੱਚ ਨਾ ਹੀ ਬੀਜ, ਖਾਦ, ਕੀੜੇ ਮਾਰ ਦਵਾਈਆਂ ਖੇਤੀ ਮਸ਼ੀਨੀ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਹਨ। ਇਸ ਲਈ ਇਹ ਬਜਟ ਕਥਿਤ ਕਿਸਾਨ ਮਜ਼ਦੂਰ ਵਿਰੋਧੀ ਹੈ, ਜਿਸ ਦੇ ਵਿਰੋਧ ਵਜੋਂ ਤਹਿਸੀਲ ਪੱਧਰੀ 'ਤੇ ਬਜਟ ਦੀਆਂ ਕਾਪੀਆਂ ਸਾੜਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਮੌਕੇ 'ਤੇ ਗੁਰਚਰਨ ਸਿੰਘ ਮਲਸੀਆ, ਹਰਬੰਸ ਸਿੰਘ ਮਲਸੀਆਂ, ਗੁਰਦੇਵ ਸਿੰਘ ਤਲਵੰਡੀ, ਕੁਲਵੰਤ ਸਿੰਘ ਤਲਵੰਡੀ, ਮੁਖਤਿਆਰ ਸਿੰਘ, ਗੁਰਬਚਨ ਸਿੰਘ, ਨਛੱਤਰ ਸਿੰਘ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਗਗਨ ਦੀਪ ਸਿੰਘ ਆਦਿ ਹਾਜ਼ਰ ਸਨ।