ਟਰੱਕ ਸਵਾਰ ਤਿੰਨ ਵਿਅਕਤੀ ਚਾਰ ਕਿੱਲੋ ਅਫੀਮ ਸਮੇਤ ਕਾਬੂ

Last Updated: Feb 14 2018 19:48

ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਵਿਅਕਤੀਆਂ ਅਤੇ ਨਸ਼ਿਆਂ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਟਰੱਕ ਸਵਾਰ ਤਿੰਨ ਵਿਅਕਤੀਆਂ ਨੂੰ ਕਥਿਤ ਤੌਰ 'ਤੇ ਚਾਰ ਕਿੱਲੋ ਅਫੀਮ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਆਰੋਪੀਆਂ ਦੇ ਖਿਲਾਫ਼ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ 'ਚ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਅਫੀਮ ਬਰਾਮਦਗੀ ਦੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਏਐਸਆਈ ਬਸ਼ੀਰ ਵੱਲੋਂ ਸਾਥੀ ਪੁਲਿਸ ਮੁਲਾਜ਼ਮਾਂ ਦੇ ਨਾਲ ਨਜ਼ਦੀਕੀ ਪਿੰਡ ਅਕਬਰਪੁਰ ਛੰਨਾਂ ਕੋਲ ਬੀਤੀ ਰਾਤ ਲਗਾਏ ਗਏ ਨਾਕੇ ਦੌਰਾਨ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਣ ਮਲੇਰਕੋਟਲਾ ਰੋਡ ਵਾਲੀ ਸਾਈਡ ਤੋਂ ਆ ਰਹੇ ਇੱਕ ਟਰੱਕ ਨੂੰ ਪੁਲਿਸ ਮੁਲਾਜ਼ਮਾਂ ਨੇ ਸ਼ੱਕ ਦੇ ਅਧਾਰ 'ਤੇ ਚੈਕਿੰਗ ਲਈ ਰੋਕਿਆ ਤਾਂ ਟਰੱਕ ਦੇ ਕੈਬਿਨ ਵਿੱਚ ਤਲਾਸ਼ੀ ਲੈਣ ਤੋਂ ਪੁਲਿਸ ਨੂੰ ਇੱਕ ਪਲਾਸਟਿਕ ਦੇ ਡੱਬੇ ਚੋਂ ਚਾਰ ਕਿੱਲੋ ਅਫੀਮ ਬਰਾਮਦ ਹੋਈ।

ਜਿਸਦੇ ਚੱਲਦੇ ਟਰੱਕ ਡਰਾਈਵਰ ਸਣੇ ਸਵਾਰ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਕੀਤੀ ਗਈ ਪੁੱਛਗਿਛ ਦੌਰਾਨ ਉਨ੍ਹਾਂ ਦੀ ਪਹਿਚਾਣ ਕੁਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਪ੍ਰਤੀਮ ਸਿੰਘ ਤੇ ਹਰਬੰਸ ਲਾਲ ਉਰਫ ਲਾਲੀ ਪੁੱਤਰ ਢੂੰਡੀ ਰਾਮ ਵਾਸੀ ਜਲੰਧਰ ਅਤੇ ਹਰਜਿੰਦਰ ਸਿੰਘ ਉਰਫ ਕਾਕਾ ਪੁੱਤਰ ਰਾਮ ਸਰੂਪ ਵਾਸੀ ਹੁਸ਼ਿਆਰਪੁਰ ਦੇ ਤੌਰ 'ਤੇ ਹੋਈ ਹੈ। ਡੀ.ਐਸ.ਪੀ ਚੀਮਾ ਨੇ ਅੱਗੇ ਦੱਸਿਆ ਕਿ ਕਾਬੂ ਕੀਤੇ ਗਏ ਤਿੰਨੋਂ ਆਰੋਪੀਆਂ ਦੇ ਖਿਲਾਫ ਨਸ਼ਾ ਤਸਕਰੀ ਕਰਨ ਦੇ ਦੋਸ਼ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਆਰੋਪੀਆਂ ਨੇ ਪੁੱਛਗਿਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਬਾਹਰੀ ਇਲਾਕਿਆਂ ਚੋਂ ਸਸਤੇ ਭਾਅ ਅਫੀਮ ਖਰੀਦ ਕੇ ਅੱਗੇ ਮਹਿੰਗੇ ਰੇਟ ਵੇਚਣ ਦਾ ਧੰਦਾ ਕਰਦੇ ਹਨ। ਕਾਬੂ ਕੀਤੇ ਕੁਲਵਿੰਦਰ ਸਿੰਘ ਦੇ ਖਿਲਾਫ ਪੁਲਿਸ ਥਾਣਾ ਨਕੋਦਰ 'ਚ ਅਫੀਮ ਤਸਕਰੀ ਕਰਨ ਦੇ ਦੋਸ਼ 'ਚ ਪਹਿਲਾਂ ਵੀ ਦੋ ਮਾਮਲੇ ਦਰਜ ਹਨ, ਜਿਸ ਸਬੰਧੀ ਉਸਨੂੰ ਅਦਾਲਤ ਚੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ। ਤਿੰਨੋਂ ਵਿਅਕਤੀਆਂ ਨੂੰ ਅਦਾਲਤ 'ਚ ਪੇਸ਼ ਕਰਨ ਦੇ ਬਾਅਦ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ।