7 ਹਜਾਰ ਕੰਪਿਊਟਰ ਟੀਚਰਾਂ ਦੇ ਨਾਲ ਹੋਈ ਵਾਅਦਾ ਖ਼ਿਲਾਫ਼ੀ

Last Updated: Feb 14 2018 19:26

ਜ਼ਿਲ੍ਹਾ ਪਠਾਨਕੋਟ ਦੀ ਕੰਪਿਊਟਰ ਅਧਿਆਪਕ ਯੂਨੀਅਨ (ਪੰਜਾਬ) ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਕੰਪਿਊਟਰ ਅਧਿਆਪਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ ਵਾਅਦਾ ਖਿਲਾਫ ਮੁਹਿੰਮ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਅਮਨ ਜੋਤੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਤੋਂ ਆਰ.ਟੀ.ਆਈ ਰਾਹੀਂ ਮਿਲੀ ਸੂਚਨਾ ਤੋਂ ਪਤਾ ਚੱਲਿਆ ਕਿ ਸਿੱਖਿਆ ਵਿਭਾਗ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਦੇ ਕਰਮਚਾਰੀ ਨਹੀਂ ਮੰਨ ਰਿਹਾ।

ਸੂਬਾ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ 27 ਦਸੰਬਰ 2017 ਨੂੰ ਜਾਰੀ ਕੀਤੇ ਪੱਤਰ ਮੁਤਾਬਿਕ ਕੰਪਿਊਟਰ ਅਧਿਆਪਕ ਸੂਬਾ ਸਰਕਾਰ ਦੇ ਨਹੀਂ ਬਲਕਿ ਸੁਸਾਇਟੀ ਦੇ ਕਰਮਚਾਰੀ ਹਨ। ਆਰ.ਟੀ.ਆਈ ਵਿੱਚ ਖੁਲਾਸਾ ਹੋਇਆ ਕਿ ਸੂਬੇ ਦੇ ਸਰਕਾਰੀ ਸਕੂਲ ਵਿੱਚ 13 ਸਾਲਾਂ ਤੋਂ ਲਗਾਤਾਰ ਸੇਵਾਵਾਂ ਨਿਭਾਉਣ ਪਿੱਛੋਂ ਸਿੱਖਿਆ ਵਿਭਾਗ ਦੀ ਪੰਜਾਬ ਆਈ.ਸੀ.ਟੀ ਸੁਸਾਇਟੀ ਹੇਠ ਕੰਪਿਊਟਰ ਅਧਿਆਪਕਾਂ ਉਪਰ ਕੋਈ ਸਰਵਿਸ ਰੂਲਜ਼ ਲਾਗੂ ਨਹੀਂ ਹਨ। ਸਾਲ 2005 ਵਿਖੇ ਕਾਂਗਰਸ ਸਰਕਾਰ ਨੇ ਸਿੱਖਿਆ ਵਿਭਾਗ ਦੀ ਪੰਜਾਬ ਆਈ.ਸੀ.ਟੀ ਸੁਸਾਇਟੀ ਹੇਠ ਕੰਪਿਊਟਰ ਅਧਿਆਪਕਾਂ ਦੀ ਭਰਤੀ ਕੀਤੀ ਸੀ। 2011 ਵਿੱਚ ਉਨ੍ਹਾਂ ਦੀ ਸੇਵਾਵਾਂ ਨੂੰ ਰੈਗੂਲਰ ਕਰ ਦਿੱਤਾ ਗਿਆ ਸੀ ਅਤੇ ਨੋਟੀਫ਼ਿਕੇਸ਼ਨ ਵਿੱਚ ਪੰਜਾਬ ਸੀ.ਐਸ.ਆਰ ਰੂਲਜ਼ ਹੇਠ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ ਸਨ। ਪਰ ਅਫ਼ਸੋਸ ਹੈ ਕਿ ਇਨ੍ਹਾਂ ਸ਼ਰਤਾਂ ਨੂੰ ਕੰਪਿਊਟਰ ਅਧਿਆਪਕਾਂ ਉਪਰ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਕੰਪਿਊਟਰ ਅਧਿਆਪਕਾਂ ਨੂੰ ਆਮ ਕਰਮਚਾਰੀਆਂ ਦੇ ਵਾਂਗ ਪੰਜਾਬ ਸੀ.ਐਸ.ਆਰ ਰੂਲਜ਼ ਦੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 7 ਹਜਾਰ ਕੰਪਿਊਟਰ ਅਧਿਆਪਕਾਂ ਦੇ ਨਾਲ ਪੰਜਾਬ ਸਰਕਾਰ ਨੇ ਵਾਅਦਾ ਖ਼ਿਲਾਫ਼ੀ ਕੀਤੀ ਹੈ।