ਬੱਚਿਆਂ ਦੀ ਬੁਰੀ ਆਦਤ ਨੂੰ ਨਾ ਛੁਪਾਉਣ ਮਾ-ਪਿਓ , ਸਗੋਂ ਉਸ ਨੂੰ ਸੁਧਾਰਨ ਵੱਲ ਦੇਣ ਧਿਆਨ : ਡੀ.ਆਈ.ਜੀ

Last Updated: Feb 14 2018 18:13

ਪੰਜਾਬ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਅਤੇ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਣ ਦੇ ਮੰਤਵ ਨਾਲ ਸ਼ੁਰੂ ਕੀਤੇ ਗਏ 'ਵਾਰ ਅਗੇਂਸਟ ਡਰੱਗਜ਼' ਪ੍ਰੋਗਰਾਮ ਦੀ ਸਮਾਪਤੀ ਅੱਜ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਮਹਾਲਮ ਵਿਖੇ ਕੀਤੀ ਗਈ। ਇਸ ਮੌਕੇ 'ਤੇ ਡੀ.ਆਈ.ਜੀ ਫ਼ਿਰੋਜ਼ਪੁਰ ਰੇਂਜ ਰਾਜਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

ਡੀ.ਆਈ.ਜੀ ਨੇ ਕਿਹਾ ਕਿ ਜਦੋਂ ਘਰ ਵਿੱਚ ਬੱਚਾ ਨਸ਼ੇ ਦੀ ਸ਼ੁਰੂਆਤ ਕਰਦਾ ਹੈ ਅਤੇ ਮਾਂ ਨੂੰ ਪਤਾ ਲੱਗਣ 'ਤੇ ਇਸ ਦਾ ਓਹਲਾ ਰੱਖਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਬੱਚੇ ਦਾ ਜੀਵਨ ਨਸ਼ਟ ਹੋ ਜਾਂਦਾ ਹੈ। ਮਾਪਿਆਂ ਦੀ ਇੱਕ ਛੋਟੀ ਜਿਹੀ ਗਲਤੀ ਉਨ੍ਹਾਂ ਦੇ ਆਪਣੇ ਬੱਚੇ ਦੀ ਜ਼ਿੰਦਗੀ ਖ਼ਤਮ ਕਰਨ ਦਾ ਕਾਰਨ ਬਣ ਜਾਂਦੀ ਹੈ ਤੇ ਉਸ ਵਕਤ ਮਾਪਿਆਂ ਕੋਲ ਉਸ ਦੇ ਸੁਧਾਰ ਦਾ ਕੋਈ ਸਮਾਂ ਨਹੀਂ ਰਹਿੰਦਾ। ਇਸ ਲਈ ਜਿਸ ਕਿਸੇ ਦਾ ਬੱਚਾ ਨਸ਼ਾ ਕਰਦਾ ਹੈ ਤਾਂ ਬੱਚੇ ਦੇ ਮਾਪੇ ਉਸ ਦੀ ਇਸ ਮਾੜੀ ਆਦਤ ਨੂੰ ਲੁਕਾਉਣ ਦੀ ਥਾਂ 'ਤੇ ਉਸ ਨੂੰ ਸੁਧਾਰਨ ਵਾਲੇ ਪਾਸੇ ਧਿਆਨ ਦੇਣ ਤਾਂ ਨਸ਼ੇ ਦੀ ਦਲਦਲ 'ਚ ਫਸੇ ਬੱਚੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। 

ਪੁਲਿਸ ਦਾ ਦਾਅਵਾ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਜੱਦੀ ਹਲਕੇ ਜਲਾਲਾਬਾਦ ਦਾ ਪਿੰਡ ਮਹਾਲਮ ਨਸ਼ੇ ਦਾ ਗੜ੍ਹ ਹੈ ਇਸ ਲਈ ਇਸ ਪਿੰਡ 'ਚ 'ਵਾਰ ਅਗੇਂਸਟ ਡਰੱਗਜ਼' ਦੇ ਸਮਾਪਤੀ ਪ੍ਰੋਗਰਾਮ ਕਰਨ ਲਈ ਖ਼ਾਸ ਤੌਰ 'ਤੇ ਇਸ ਦੀ ਚੋਣ ਕੀਤੀ ਗਈ। ਜਿਸ 'ਚ ਫ਼ਿਰੋਜ਼ਪੁਰ ਤੋਂ ਡੀ.ਆਈ.ਜੀ ਰਾਜਿੰਦਰ ਸਿੰਘ, ਜ਼ਿਲ੍ਹਾ ਫ਼ਾਜ਼ਿਲਕਾ ਦੇ ਪੁਲਿਸ ਮੁਖੀ ਕੇਤਨ ਪਾਟਿਲ  ਬਲੀਰਾਮ , ਐਸ.ਪੀ ਵਿਨੋਦ ਚੌਧਰੀ, ਐਸ.ਡੀ.ਐਮ ਜਲਾਲਾਬਾਦ ਪ੍ਰਿਥੀ ਸਿੰਘ ਤੋਂ ਇਲਾਵਾ ਪੰਜਾਬ ਬੁੱਧੀਜੀਵੀ ਸੈਲ ਕਾਂਗਰਸ ਦੇ ਚੇਅਰਮੈਨ ਅਨੀਸ਼ ਸਿਡਾਨਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

ਐਸ.ਐਸ.ਪੀ ਫ਼ਾਜ਼ਿਲਕਾ ਕੇਤਨ ਪਾਟਿਲ ਬਲੀਰਾਮ ਨੇ ਕਿਹਾ ਕਿ ਅਜਿਹੀਆਂ ਰੈਲੀਆਂ ਦਾ ਆਗਾਜ਼ ਹੋਣ ਨਾਲ ਨਸ਼ੇ ਦੀ ਜੜ ਪੱਟੀ ਜਾਂਦੀ ਹੈ ਅਤੇ ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਇੱਕ ਸੁਨੇਹਾ ਛੱਡਦੇ ਹਨ ਕਿ ਪੰਜਾਬ ਦੇ ਨੌਜਵਾਨ ਇਸ ਨਸ਼ੇ ਦੀ ਦਲਦਲ ਤੋਂ ਨਿਕਲ ਕੇ ਆਪਣੀ ਸਿਹਤ ਵੱਲ ਧਿਆਨ ਦੇਣ ਅਤੇ ਪੰਜਾਬ ਨੂੰ ਫਿਰ ਤੋਂ ਖ਼ੁਸ਼ਹਾਲ ਬਣਾਉਣ। ਉਨ੍ਹਾਂ ਨੇ  ਕਿਹਾ ਕਿ ਪਿੰਡ ਮਹਾਲਮ ਨਸ਼ੇ ਦਾ ਗੜ੍ਹ ਮੰਨਿਆ ਜਾਂਦਾ ਹੈ ਤੇ ਇੱਥੇ ਇਸ ਪ੍ਰੋਗਰਾਮ ਨੂੰ ਰੱਖਣਾ ਇੱਥੋਂ ਦੇ ਲੋਕਾਂ ਅਤੇ ਨੌਜਵਾਨਾਂ ਨੂੰ ਇੱਕ ਸੰਦੇਸ਼ ਦੇਣਾ ਹੈ ਕਿ ਕੁਛ ਪੈਸਿਆਂ ਖ਼ਾਤਰ ਕੀਤੇ ਜਾਂਦੇ ਨਸ਼ੇ ਦੇ ਗੈਰ ਕਾਨੂੰਨੀ ਧੰਦੇ ਨਾਲ ਆਉਣ ਵਾਲੀ ਨੌਜਵਾਨੀ ਨੂੰ ਖ਼ਤਮ ਕੀਤੇ ਜਾਣ ਦਾ ਕੰਮ ਕੀਤਾ ਜਾ ਰਿਹਾ ਹੈ। ਪਤਾ ਨਹੀਂ ਇਸ ਦੇ ਨਾਲ ਕਿੰਨੇ ਹੀ ਘਰ ਬਰਬਾਦ ਹੋ ਰਹੇ ਹਨ ਇਸ ਲਈ ਇਸ ਕੰਮ ਨੂੰ ਬੰਦ ਕਰਕੇ ਮਿਹਨਤ ਅਤੇ ਸੱਚੀ ਸੁੱਚੀ ਕਮਾਈ ਨਾਲ ਆਪਣੇ ਬੱਚਿਆਂ ਦਾ ਪਾਲਨ  ਪੋਸ਼ਣ ਕੀਤਾ ਜਾਣਾ ਚਾਹੀਦਾ ਹੈ।