ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲਿਆਂ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਨੇ ਫੂਕਿਆ ਮੋਦੀ ਅਤੇ ਕੈਪਟਨ ਦਾ ਪੁਤਲਾ

Last Updated: Feb 14 2018 18:01

ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਥਿਤ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਪਿੰਡ ਜੋਗੇਵਾਲਾ ਵਿੱਚ ਰੋਸ ਕਰਨ ਉਪਰੰਤ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਪੁਤਲਾ ਫ਼ੂਕ ਮੁਜ਼ਾਹਰੇ ਦੀ ਅਗਵਾਈ ਜ਼ੋਨ ਪ੍ਰਧਾਨ ਸੁਖਦੇਵ ਸਿੰਘ ਮੰਡ ਨੇ ਕੀਤੀ। ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਹੋਇਆ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਸਮੂਹ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਸਰਕਾਰ ਬਣੀ ਨੂੰ ਕਰੀਬ 11 ਮਹੀਨੇ ਹੋ ਗਏ ਹਨ, ਪਰ ਹੁਣ ਤੱਕ ਸਰਕਾਰ ਨੇ ਕਰਜ਼ੇ ਮੁਆਫ਼ ਨਹੀਂ ਕੀਤੇ। ਬਲਕਿ ਹੱਕੀ ਮੰਗਾਂ ਲਈ ਸੰਘਰਸ਼ ਕਰਨ ਵਾਲੇ ਕਿਸਾਨਾਂ 'ਤੇ ਪਰਚੇ ਦਰਜ ਕੀਤੇ ਜਾ ਰਹੇ ਹਨ।

ਇਸ ਮੌਕੇ 'ਤੇ ਸਮੂਹ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਧਰਨਿਆਂ ਮੁਜ਼ਾਹਰਿਆਂ 'ਤੇ ਰੋਕ ਲਗਾ ਕੇ ਜਮਹੂਰੀ ਹੱਕਾਂ ਦੀ ਘਾਣ ਕਰਨਾ ਬੰਦ ਕੀਤਾ ਜਾਵੇ। ਧਰਨਾਕਾਰੀਆਂ 'ਤੇ ਕੀਤੇ ਪਰਚੇ ਰੱਦ ਕੀਤੇ ਜਾਣ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਟਿਊਬਵੈਲ 'ਤੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ਅਤੇ ਨਾ ਹੀ ਕਰਜ਼ੇ ਕਾਰਨ ਕਿਸੇ ਕਿਸਾਨ ਮਜ਼ਦੂਰ ਦੀ ਕੁਰਕੀ ਹੋਣ ਦਿੱਤੀ ਜਾਵੇਗੀ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ, ਕਿਸਾਨ ਆਗੂ ਸਾਹਿਬ ਸਿੰਘ ਦੀਨੇਕੇ, ਅੰਗਰੇਜ਼ ਸਿੰਘ ਬੂਟੇਵਾਲ, ਬਲਦੇਵ ਸਿੰਘ ਸਰਹਾਲੀ, ਜੋਗਿੰਦਰ ਸਿੰਘ ਗੱਟਾ ਬਾਦਸ਼ਾਹ ਆਦਿ ਹਾਜ਼ਰ ਸਨ।