ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਪ੍ਰੈਸ਼ਰ ਹਾਰਨ ਲੱਗੇ ਵਾਹਨ ਚਾਲਕ: ਬੈਨੀਪਾਲ

Jatinder Singh
Last Updated: Feb 14 2018 17:50

ਬੇਸ਼ੱਕ ਸੁਪਰੀਮ ਕੋਰਟ ਵੱਲੋਂ ਅਵਾਜ਼ ਪ੍ਰਦੂਸ਼ਣ 'ਤੇ ਰੋਕ ਲਗਾਉਣ ਸਬੰਧੀ ਸੂਬੇ ਦੀਆਂ ਸਰਕਾਰਾਂ ਨੂੰ ਸਪੱਸ਼ਟ ਤੌਰ 'ਤੇ ਨਿਰਦੇਸ਼ ਦਿੱਤੇ ਹੋਏ ਹਨ। ਪਰ ਦੇਸ਼ ਵਿੱਚ ਹਾਲਾਤ ਪਹਿਲਾਂ ਵਾਂਗ ਹੀ ਬਣੇ ਹੋਏ ਹਨ। ਪ੍ਰੈਸ਼ਰ ਹਾਰਨਾਂ ਦੀ ਸਮੱਸਿਆ ਸਬੰਧੀ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਅਤੇ ਆਰ.ਟੀ.ਆਈ ਐਕਟੀਵਿਸਟ ਸੰਤੋਖ ਸਿੰਘ ਬੈਨੀਪਾਲ ਨੇ ਬੁੱਧਵਾਰ ਦੁਪਹਿਰ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਹਰ ਰੋਜ ਭਾਰੀ ਵਾਹਨ ਚਾਲਕ, ਸਕੂਟਰ, ਮੋਟਰਸਾਈਕਲ ਅਤੇ ਹੋਰ ਵਾਹਨਾਂ ਦੇ ਚਾਲਕ ਆਵਾਜਾਈ ਦੇ ਨਿਯਮਾਂ ਦੀਆਂ ਖੂਬ ਧੱਜੀਆਂ ਉਡਾ ਰਹੇ ਹਨ। ਹਰ ਸੜਕ ਅਤੇ ਗਲੀ ਮੁਹੱਲਿਆਂ 'ਚ ਪ੍ਰੈਸ਼ਰ ਹਾਰਨਾਂ ਵਾਲੇ ਵਾਹਨਾਂ ਦਾ ਲੰਘਣਾ ਆਮ ਗੱਲ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰੀ ਵਾਹਨ ਚਾਲਕ ਅਤੇ ਦੋ ਪਹੀਆ ਵਾਹਨ ਚਾਲਕ ਸ਼ਰੇਆਮ ਬਗੈਰ ਕਿਸੇ ਝਿਜਕ ਤੋਂ ਹਾਰਨਾਂ ਦੀ ਵਰਤੋ ਕਰਕੇ ਅਵਾਜ਼ ਪ੍ਰਦੂਸ਼ਣ 'ਚ ਹੈਰਾਨੀਜਨਕ ਵਾਧਾ ਕਰ ਰਹੇ ਹਨ। ਅਣਗਣਿਤ ਮਨਚਲੇ ਨੌਜਵਾਨ ਤਾਂ ਸਾਰੀਆਂ ਹੱਦਾਂ ਬੰਨੇ ਹੀ ਟੱਪ ਗਏ ਹਨ। ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਨੁਕੇਲ ਪਾਉਣ 'ਚ ਅਸਫਲ ਸਾਬਿਤ ਹੋ ਰਿਹਾ ਹੈ। ਇਨ੍ਹਾਂ ਹਾਰਨਾਂ ਅਤੇ ਲਾਊਡ ਸਪੀਕਰਾਂ ਦਾ ਸਭ ਤੋਂ ਵੱਧ ਪ੍ਰਭਾਵ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਪੈਣਾ ਸੁਭਾਵਿਕ ਹੈ। ਪ੍ਰੀਖਿਆ ਦੇ ਦਿਨਾਂ 'ਚ ਹਾਲਾਤ ਹੋਰ ਵੀ ਖਰਾਬ ਹੋ ਜਾਂਦੇ ਹਨ। ਇਸ ਲਈ ਸੂਬਾ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਦਰਪੇਸ਼ ਸਮੱਸਿਆ ਵੱਲ ਉਚੇਚਾ ਧਿਆਨ ਦੇਣ। ਦੂਜੇ ਪਾਸੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਿਸ ਵੱਲੋਂ ਸਮੇਂ-ਸਮੇਂ 'ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਜਾਂਦੇ ਹਨ। ਇਸਤੋਂ ਇਲਾਵਾ ਅਵਾਜ਼ ਪ੍ਰਦੂਸ਼ਣ ਨੂੰ ਰੋਕਣ ਸਬੰਧੀ ਪ੍ਰੈਸ਼ਰ ਹਾਰਨ ਲਗਾਉਣ ਵਾਲੇ ਭਾਰੀ ਵਾਹਨਾਂ ਅਤੇ ਬੱਸਾਂ ਦੇ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਅਧਿਕਾਰੀਆਂ ਨਾਲ ਮਿਲਕੇ ਟ੍ਰੈਫਿਕ ਪੁਲਿਸ ਵੱਲੋਂ ਪ੍ਰੈਸ਼ਰ ਹਾਰਨ ਉਤਰਵਾਕੇ ਚਲਾਨ ਕੱਟੇ ਗਏ ਹਨ। ਇਸਦੇ ਨਾਲ ਹੀ ਭਵਿੱਖ 'ਚ ਵੀ ਪ੍ਰੈਸ਼ਰ ਹਾਰਨ ਲਗਾਉਣ ਵਾਲੇ ਵਾਹਨਾਂ ਚਾਲਕਾਂ ਦੇ ਖਿਲਾਫ ਟ੍ਰੈਫਿਕ ਪੁਲਿਸ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ ਜਾਣਗੇ।