ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਬਾਰੇ ਬੈਂਕ ਲੋਕਾਂ ਨੂੰ ਜਾਗਰੂਕ ਕਰਨ: ਡਿਪਟੀ ਕਮਿਸ਼ਨਰ

Last Updated: Feb 14 2018 17:01

ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਬੱਚਤ ਭਵਨ ਅੰਮ੍ਰਿਤਸਰ ਵਿਖੇ ਜ਼ਿਲ੍ਹੇ ਦੇ ਬੈਂਕਾਂ ਵੱਲੋਂ ਦਸੰਬਰ, 2017 ਦੀ ਤਿਮਾਹੀ ਵਿੱਚ ਕੀਤੇ ਗਏ ਕੰਮਕਾਜਾਂ ਦੀ ਸਮੀਖਿਆ ਕੀਤੀ ਗਈ। ਇਸ ਮੀਟਿੰਗ ਵਿੱਚ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਰਾਕੇਸ਼ ਕੁਮਾਰ ਖੇੜਾ ਲੀਡ ਜ਼ਿਲ੍ਹਾ ਮੈਨੇਜਰ, ਵਿਕਰਮ ਰੰਧਾਵਾ ਰਿਜਰਵ ਬੈਂਕ ਆਫ ਇੰਡੀਆ ਤੋਂ, ਜਸਵਿੰਦਰ ਕੌਰ ਬੇਦੀ ਨਬਾਰਡ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਅਤੇ ਬੈਕਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਸ. ਸੰਘਾ ਨੇ ਬੈਂਕਾਂ ਦੇ ਜਮਾ ਤੇ ਕਰਜੇ ਦੀਆਂ ਵੱਖ-ਵੱਖ ਸਕੀਮਾਂ 'ਤੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਬੈਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਮਾਜਿਕ ਜਿੰਮੇਵਾਰੀ ਦੇ ਨਾਲ-ਨਾਲ ਸਰਕਾਰ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਭਲਾਈ ਸਕੀਮਾਂ ਜਿਵੇਂ ਅਟੱਲ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦੇਣ। ਉਨ੍ਹਾਂ ਨੇ ਬੈਂਕ ਨੁਮਾਇੰਦਿਆਂ ਨੂੰ ਕਿਹਾ ਕਿ ਇਨ੍ਹਾਂ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪੁੱਜਦਾ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ। ਇਸ ਮੌਕੇ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਬੈਂਕ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਦਰਮਿਆਨੇ ਕੰਮਕਾਜ ਕਰਨ ਵਾਲੇ ਲੋਕ, ਔਰਤਾਂ ਅਤੇ ਪੱਛੜੀ ਜਾਤੀ ਦੇ ਲੋਕਾਂ ਨੂੰ ਮੁਦਰਾ ਸਕੀਮ ਅਧੀਨ ਅਸਾਨੀ ਨਾਲ ਕਰਜਾ ਪ੍ਰਾਪਤ ਹੋ ਸਕੇ ਅਤੇ ਉਨ੍ਹਾਂ ਨੂੰ ਬਾਰ-ਬਾਰ ਬੈਂਕਾਂ ਦੇ ਚੱਕਰ ਨਾ ਕੱਟਣੇ ਪੈਣ। ਮੁੱਖ ਲੀਡ ਜ਼ਿਲ੍ਹਾ ਮੈਨੇਜਰ ਰਾਕੇਸ਼ ਖੇੜਾ ਨੇ ਇਨ੍ਹਾਂ ਸਕੀਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦੇਣ ਤੋਂ ਇਲਾਵਾ ਬੈਂਕਾਂ ਨੂੰ ਨਿਰਦੇਸ਼ ਦਿੱਤਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਬੈਂਕ ਦੇ ਸਾਰੇ ਗ੍ਰਾਹਕ ਇਨ੍ਹਾਂ ਸਕੀਮਾਂ ਵਿੱਚ ਕਵਰ ਹੋ ਜਾਣ ਅਤੇ ਇਨ੍ਹਾਂ ਸਕੀਮਾਂ ਦੇ ਫਾਰਮ ਹਰ ਬੈਂਕ ਦੀ ਸ਼ਾਖਾ ਵਿੱਚ ਗ੍ਰਾਹਕਾਂ ਨੂੰ ਅਸਾਨੀ ਨਾਲ ਉਪਲਬੱਧ ਹੋ ਸਕਣ।