ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਵਿਰੋਧ ਬਾਅਦ ਢਾਬਾ ਮਾਲਕ ਖ਼ਿਲਾਫ਼ ਦਰਜ ਹੋਇਆ ਕੱਤਲ ਦਾ ਮੁਕੱਦਮਾ

Last Updated: Feb 14 2018 14:55

ਭੇਦਭਰੇ ਹਾਲਾਤ 'ਚ ਇੱਕ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਵਿਰੋਧ ਅਤੇ ਮੰਗ 'ਤੇ ਪੁਲਿਸ ਨੇ ਢਾਬਾ ਮਾਲਕ ਖ਼ਿਲਾਫ਼ ਕੱਤਲ ਦੀ ਧਾਰਾ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਪਿੱਛੇ ਕਥਿਤ ਤੌਰ 'ਤੇ ਢਾਬਾ ਮਾਲਕ ਦਾ ਹੱਥ ਹੈ। ਮ੍ਰਿਤਕ ਢਾਬੇ 'ਤੇ ਕੰਮ ਕਰਦਾ ਸੀ ਅਤੇ ਬੀਤੇ ਕੱਲ੍ਹ ਉਸ ਦੀ ਲਾਸ਼ ਇੱਕ ਖਾਲੇ ਚੋਂ ਮਿਲੀ।

ਮਿਲੀ ਜਾਣਕਾਰੀ ਦੇ ਅਨੁਸਾਰ ਅਬੋਹਰ ਦੀ ਥਾਣਾ ਸਿਟੀ ਪੁਲਿਸ ਨੇ ਅਬੋਹਰ-ਹਨੂਮਾਨਗੜ੍ਹ ਰੋਡ 'ਤੇ ਬੀ.ਐਸ.ਐਫ ਕੈਂਪ ਨੇੜੇ ਬਣੇ ਢਾਬਾ ਅਤੇ ਅਹਾਤਾ ਮਾਲਕ ਨੀਰਜ ਕੁਮਾਰ ਖ਼ਿਲਾਫ਼ ਅਧੀਨ ਧਾਰਾ 302 ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਮੁਕੱਦਮਾ ਪੁਲਿਸ ਨੇ ਸ਼ਿਵ ਪ੍ਰਤਾਪ ਸਿੰਘ ਵੱਲੋਂ ਦਰਜ ਕਰਵਾਏ ਗਏ ਬਿਆਨ 'ਤੇ ਕੀਤਾ ਹੈ। ਪੁਲਿਸ ਦੇ ਅਨੁਸਾਰ ਸ਼ਿਵ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਨੀਰਜ ਕੁਮਾਰ ਢਾਬੇ 'ਤੇ ਕੰਮ ਕਰਦਾ ਸੀ ਅਤੇ 12 ਫ਼ਰਵਰੀ ਦੀ ਸ਼ਾਮ ਨੂੰ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਬੇਟੇ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਲਾਸ਼ ਹਨੂਮਾਨਗੜ੍ਹ ਰੋਡ ਚੌਂਕ ਬਾਈਪਾਸ ਨੇੜੇ ਖਾਲੇ ਚੋਂ ਬਰਾਮਦ ਹੋਈ ਹੈ। ਇਸ ਮੌਕੇ 'ਤੇ ਪਹੁੰਚ ਕੇ ਉਸ ਨੇ ਲਾਸ਼ ਦੀ ਸ਼ਨਾਖ਼ਤ ਆਪਣੇ ਬੇਟੇ ਰੋਹਿਤ ਕੁਮਾਰ ਵਜੋਂ ਕੀਤੀ। ਇਸ ਤੋਂ ਬਾਅਦ ਮੌਜੂਦ ਪੁਲਿਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਹਸਪਤਾਲ ਲਿਜਾਇਆ ਗਿਆ। ਪਰ ਲਾਸ਼ ਦਾ ਪੋਸਟਮਾਰਟਮ ਕਰਵਾਉਣ ਅਤੇ ਲਾਸ਼ ਲੈਣ ਤੋਂ ਮ੍ਰਿਤਕ ਦੇ ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸਿਰਫ਼ ਇਸ ਕਰਕੇ ਇਨਕਾਰ ਕਰ ਦਿੱਤਾ ਕਿ ਜੱਦ ਤੱਕ ਢਾਬਾ ਮਾਲਕ ਖ਼ਿਲਾਫ਼ ਪੁਲਿਸ ਮੁਕੱਦਮਾ ਦਰਜ ਨਹੀਂ ਕਰਦੀ ਤਦ ਤੱਕ ਉਹ ਨਾਂ ਹੀ ਪੋਸਟਮਾਰਟਮ ਕਰਵਾਉਣ ਲਈ ਆਪਣੀ ਸਹਿਮਤੀ ਦੇਣਗੇ ਅਤੇ ਨਾ ਹੀ ਡੈਡ ਬਾਡੀ ਲੈਣਗੇ। 

ਪੁਲਿਸ ਦੇ ਅਨੁਸਾਰ ਮ੍ਰਿਤਕ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਉਸ ਦੇ ਬੇਟੇ ਦੀ ਮੌਤ ਪਿੱਛੇ ਕਥਿਤ ਤੌਰ 'ਤੇ ਢਾਬਾ ਮਾਲਕ ਦਾ ਹੱਥ ਹੈ ਅਤੇ ਇਸ ਦੇ ਪਿੱਛੇ ਵਜ੍ਹਾ ਰੰਜਸ਼ ਦਾ ਕਾਰਨ ਹੈ ਕਿਉਂਕਿ ਕੁਛ ਸਮਾਂ ਪਹਿਲਾ ਸ਼ਰਾਬ ਠੇਕੇਦਾਰਾਂ ਵੱਲੋਂ ਉਕਤ ਢਾਬਾ ਮਾਲਕ ਨੂੰ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਤਹਿਤ ਪਕੜ ਲਿਆ ਸੀ ਤੇ ਢਾਬਾ ਮਾਲਕ ਨੂੰ ਇਹ ਸ਼ੱਕ ਰਿਹਾ ਕਿ ਇਸ ਦੇ ਪਿੱਛੇ ਰੋਹਿਤ ਦਾ ਹੱਥ ਹੈ।