ਆਖ਼ਰ ਕੀ ਖੱਟਿਆ ਅਸੀਂ ਗੋਰਿਆਂ ਤੋਂ ਅਜ਼ਾਦੀ ਲੈ ਕੇ? (ਭਾਗ ਦਸਵਾਂ)

Last Updated: Feb 14 2018 15:10

ਨਿਊਜ਼ ਨੰਬਰ ਦੇ ਪਾਠਕ ਇਸ ਲੇਖ ਵਿੱਚ ਹੁਣ ਤੱਕ ਪੜ੍ਹ ਚੁੱਕੇ ਨੇ ਕਿ ਜਦੋਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ ਤਾਂ ਉਦੋਂ ਸਾਡੇ ਮਨਾਂ ਅੰਦਰ ਇਹ ਤਾਂਘ ਸੀ ਕਿ ਅਸੀਂ ਅੰਗਰੇਜ਼ੀ ਰਾਜ ਤੋਂ ਫਟਾਫੱਟ ਆਜ਼ਾਦ ਹੋਈਏ ਤੇ ਆਪਣੀ ਹਕੂਮਤ ਆਪ ਚੁਣੀਏ। ਜਿਹੜੀ ਪਤਾ ਨਹੀਂ ਸਾਨੂੰ ਸਾਰਾ ਕੁਝ ਮੁਫ਼ਤ 'ਚ ਹੀ ਦੇ ਦੇਵੇਗੀ। ਸਾਨੂੰ ਉਸ ਵੇਲੇ ਅੰਗਰੇਜ਼ਾਂ ਦੀ ਹਰ ਗੱਲ ਜ਼ੁਲਮ ਲਗਦੀ ਸੀ। ਪਰ ਹੁਣ ਜਦੋਂ ਅਸੀਂ ਅਜ਼ਾਦ ਹਾਂ ਤਾਂ ਹੁਣ ਵੀ ਅਸੀਂ ਆਪਣੀਆਂ ਹਕੂਮਤਾਂ ਤੋਂ ਖੁਸ਼ ਨਹੀਂ ਹਾਂ। ਅਸੀਂ ਹਕੂਮਤ ਦੇ ਹਰ ਫੈਸਲੇ 'ਤੇ ਅੰਗਰੇਜ਼ੀ ਰਾਜ ਨੂੰ ਯਾਦ ਕਰਦੇ ਹਾਂ ਤੇ ਸੋਚਦੇ ਹਾਂ ਕਿ ਜੇਕਰ ਅੱਜ ਦੀਆਂ ਹਕੂਮਤਾਂ ਤੇ ਅੰਗਰੇਜ਼ੀ ਹਾਕਮਾਂ ਦੇ ਫੈਸਲੇ ਲੋਕਾਂ 'ਤੇ ਇੱਕੋ ਜਿਹਾ ਹੀ ਪ੍ਰਭਾਵ ਪਾਉਂਦੇ ਨੇ ਤਾਂ ਫਿਰ ਅੰਗਰੇਜ਼ੀ ਹਕੂਮਤ ਤੇ ਅੱਜ ਦੀਆਂ ਸਰਕਾਰਾਂ ਵਿੱਚ ਕੀ ਅੰਤਰ ਹੈ?

ਕਿਸੇ ਪਾਸੋਂ ਕੋਈ ਜਵਾਬ ਨਾ ਮਿਲਣ ਤੇ ਸਾਡਾ ਮਨ ਖਿੱਝ ਜਾਂਦਾ ਹੈ ਤੇ ਮੁੜ ਸਵਾਲ ਕਰਦਾ ਹੈ ਕਿ ਜੇਕਰ ਉਹੋ ਕੁਝ ਅੱਜ ਦੀਆਂ ਸਰਕਾਰਾਂ ਵੀ ਕਰ ਰਹੀਆਂ ਨੇ ਜੋ ਅੰਗਰੇਜ਼ ਹੁਕਮਰਾਨ ਕਰਿਆ ਕਰਦੇ ਸਨ, ਤਾਂ ਫਿਰ ਕੀ ਹੱਕ ਹੈ ਸਾਨੂੰ ਕਿ ਅਸੀਂ ਸਿਰਫ ਅੰਗਰੇਜ਼ਾਂ ਨੂੰ ਹੀ ਇਤਿਹਾਸ ਦੇ ਪੰਨਿਆਂ 'ਚ ਬਦਨਾਮ ਕਰੀਏ? ਆਪਾਂ ਪਿਛਲੇ ਅੰਕ 'ਚ ਗੱਲ ਕਰ ਰਹੇ ਸੀ ਭਾਰਤ ਦੇ ਮੌਜੂਦਾ ਟੈਕਸ ਢਾਂਚੇ ਦੀ ਜਿਸ ਵਿੱਚ ਆਪਾਂ ਦੇਖਿਆ ਕਿ ਭਾਰਤ ਦੀਆਂ ਸੂਬਾ, ਕੇਂਦਰ ਅਤੇ ਸਥਾਨਕ ਸਰਕਾਰਾਂ ਮਿਲ ਕੇ ਜਿੰਨਾ ਟੈਕਸ ਲੋਕਾਂ ਤੋ ਅੱਜ ਵਸੂਲ ਰਹੀਆਂ ਨੇ ਉਨਾਂ ਟੈਕਸ ਨਾ ਤਾਂ ਅੰਗਰੇਜ਼ਾਂ ਨੇ ਲਗਾਨ ਦੇ ਰੂਪ 'ਚ ਵਸੂਲੀਆ ਸੀ ਤੇ ਨਾ ਹੀ ਮੁਗਲਾਂ ਨੇ ਜਜ਼ੀਏ ਦੇ ਰੂਪ ਵਿੱਚ। ਹੁਣ ਅੱਗੇ।

ਸਾਥੀਓ ਜਿਵੇਂ ਕਿ ਆਪਾਂ ਦੇਖਿਆ ਕਿ ਸਾਡੀਆਂ ਆਪਣੀਆਂ ਚੁਣੀਆਂ ਸਰਕਾਰਾਂ ਸਾਡੇ ਤੋਂ ਲੋਕਾਂ ਨੂੰ ਲੰਗਰ ਛਕਾਉਣ ਤੇ ਵੀ ਕਰੋੜਾਂ ਰੁਪਏ ਟੈਕਸ ਵਸੂਲ ਰਹੀਆਂ ਨੇ। ਗੁਰੂ ਘਰ ਦੇ ਉਸ ਲੰਗਰ ਤੇ ਜਿਸ ਨੂੰ ਛਕਾਉਣ ਤੋਂ ਪਹਿਲਾਂ ਨਾ ਕਿਸੇ ਦਾ ਧਰਮ ਪੁੱਛਿਆ ਜਾਂਦਾ ਹੈ, ਨਾ ਜਾਤ, ਨਾ ਖੇਤਰ ਤੇ ਨਾ ਭਾਸ਼ਾ। ਇਹ ਟੈਕਸ ਕੇਂਦਰ ਦੀ ਉਹ ਸਰਕਾਰ ਵਸੂਲ ਰਹੀ ਹੈ ਜਿਸ ਦੇ ਬਹੁ-ਗਿਣਤੀ ਵੋਟਰ ਹਿੰਦੂ ਧਰਮ ਨਾਲ ਸਬੰਧਤ ਨੇ। ਜਿਸ ਧਰਮ ਦੇ ਲੋਕ ਮੁਗਲਾਂ ਤੋਂ ਜਜ਼ੀਏ ਦੇ ਰੂਪ ਵਿੱਚ ਅਜਿਹੇ ਟੈਕਸ ਲਾਏ ਜਾਣ 'ਤੇ ਪੀੜਤ ਰਹਿ ਚੁੱਕੇ ਨੇ। ਇਤਿਹਾਸ ਗਵਾਹ ਹੈ ਕਿ ਮੁਗ਼ਲ ਕਾਲ ਦੇ ਹਾਕਮ ਕੁਤਬ-ਉੱਦ-ਦੀਨ ਐਬਕ ਨੇ ਜਦੋਂ ਗੈਰ ਮੁਸਲਮਾਨਾਂ (ਵੱਧ ਗਿਣਤੀ ਹਿੰਦੂਆਂ ਦੀ) 'ਤੇ ਵੱਖਰੇ ਜਜ਼ੀਆ ਟੈਕਸ ਲਾ ਦਿੱਤਾ ਸੀ, ਤਾਂ ਉਨ੍ਹਾਂ ਮੁਗਲਾਂ ਨੂੰ ਇਤਿਹਾਸ ਦੇ ਪੰਨਿਆ 'ਚ ਅੱਜ ਤੱਕ ਭੰਡਿਆ ਜਾ ਰਿਹਾ ਹੈ।

ਇਸਦੇ ਬਾਵਜੂਦ ਵੀ ਤੁਹਾਡੇ ਨਾਲ ਵਾਅਦਾ ਕੀਤਾ ਜਾਂਦਾ ਹੈ ਕਿ ਤੁਹਾਨੂੰ ਅੱਛੇ ਦਿਨ ਦਿਖਾਵਾਂਗੇ। ਲੋਕ ਅੱਜ ਇਸ ਸੋਚੀਂ ਪੈ ਗਏ ਹਨ ਕਿ ਅਸੀਂ ਕਮਾਈ ਆਪਣੇ ਲਈ ਕਰ ਰਹੇ ਹਾਂ ਕਿ ਸਰਕਾਰ ਲਈ? ਇੱਧਰ ਸਰਕਾਰਾਂ ਦਾ ਆਪਣਾ ਹੀ ਤਰਕ ਹੈ ਕਿ ਜੋ ਟੈਕਸ ਉਹ ਜਨਤਾ ਤੋਂ ਵੀ ਵਸੂਲਦੀਆਂ ਨੇ ਉਸ ਟੈਕਸ ਵਸੂਲੀ ਤੋਂ ਬਿਨਾਂ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ। ਤੇ ਦੋਸਤੋ, ਤੁਹਾਡੇ ਉਸ ਪੈਸੇ ਨਾਲ ਦੇਸ਼ ਦੀ ਤਰੱਕੀ ਸੁਣ ਲਓ ਕੀ ਹੋ ਰਹੀ ਹੈ। ਵੋਟਾਂ ਖਾਤਰ ਮੁਫ਼ਤ ਬਿਜਲੀ ਪਾਣੀ ਵੰਡਿਆ ਜਾ ਰਿਹਾ ਹੈ, ਲੋਕ ਜਿਹੜੇ ਕਰਜ਼ੇ ਲੈ ਕੇ ਆਪੋ ਆਪਣੇ ਘਰਾਂ 'ਚ ਬੈਠ ਗਏ ਹਨ ਉਨ੍ਹਾਂ ਦੇ ਕਰਜ਼ੇ ਵੋਟਾਂ ਖਾਤਰ ਮਾਫ ਕੀਤੇ ਜਾ ਰਹੇ ਹਨ। ਜਿਸ ਦਾ ਆਮ ਟੈਕਸ ਭਰਨ ਵਾਲੇ ਬਾਸ਼ਿੰਦੇ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਆਮ ਨਾਗਰਿਕ ਨੂੰ ਤਾਂ ਸਿਆਸੀ ਪਾਰਟੀਆਂ ਦੀਆਂ ਸੱਤਾ ਦੀ ਭੁੱਖ ਵਾਲੀਆਂ ਇਨ੍ਹਾਂ ਮਾੜੀਆਂ ਨੀਤੀਆਂ ਦਾ ਆਪਣੀ ਜੇਬ 'ਚੋਂ ਭੁਗਤਾਨ ਕਰਨਾ ਪੈ ਰਿਹਾ ਹੈ, ਕਦੇ ਵਧੇ ਹੋਏ ਬਿਜਲੀ ਦੇ ਰੇਟਾਂ ਦੇ ਰੂਪ ਵਿੱਚ ਤੇ ਕਦੇ ਵਧੇ ਹੋਏ ਬੈਂਕ ਸੇਵਾ ਫਲਾਂ ਦੇ ਰੂਪ ਵਿੱਚ।

ਹਾਲਾਤ ਇਹ ਹਨ ਕਿ ਕੁਝ ਮੀਡੀਆ ਰਿਪੋਰਟਾਂ ਅਨੁਸਾਰ ਵਿਸ਼ਵ ਬੈਂਕ ਨੇ ਕਈ ਮਾਮਲਿਆਂ 'ਚ ਦੇਸ਼ ਦੀਆਂ ਸਰਕਾਰਾਂ ਨੂੰ ਇਹ ਕਹਿ ਕੇ ਕਰਜ਼ਾ ਜਾਂ ਵਿੱਤੀ ਸਹਾਇਤਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਕਿ ਤੁਹਾਨੂੰ ਕਰਜ਼ਿਆਂ ਜਾਂ ਵਿੱਤੀ ਸਹਾਇਤਾ ਦੀ ਕੀ ਲੋੜ ਹੈ ਤੁਸੀਂ ਤਾਂ ਆਪਣਾ ਪੈਸਾ ਲੋਕਾਂ ਨੂੰ ਮੁਫ਼ਤ ਵੰਡ ਰਹੇ ਹੋ? ਦੋਸਤੋ ਵੋਟਾਂ ਦੀਆਂ ਭੁੱਖੀਆਂ ਸਾਡੀਆਂ ਸਿਆਸੀ ਪਾਰਟੀਆਂ ਦੀਆਂ ਇਨ੍ਹਾਂ ਗ਼ਲਤ ਨੀਤੀਆਂ ਕਾਰਨ ਹੀ ਦੇਸ਼ ਦੇ ਬੈਂਕ, ਜਦੋਂ 6 ਲੱਖ ਕਰੋੜ ਰੁਪਏ ਦੇ ਕਰਜ਼ੇ ਡੁੱਬਣ ਤੋਂ ਬਾਅਦ, ਦਿਵਾਲੀਆ ਹੋਣ ਕੰਢੇ ਆ ਗਏ, ਤਾਂ ਵੀ ਸਰਕਾਰਾਂ ਨੇ ਇਸ ਗੱਲ ਦਾ ਭਾਰ, ਆਮ ਨਾਗਰਿਕਾਂ 'ਤੇ ਬੈਂਕ ਸੇਵਾ ਕਰ ਯਾਨੀ ਕਿ ਟੈਕਸ ਵਧਾ ਕੇ ਪਾ ਦਿੱਤਾ। ਅੱਜ ਹਾਲਾਤ ਇਹ ਹਨ ਕਿ ਦੇਸ਼ ਦਾ ਗਰੀਬ ਹੋਰ ਗਰੀਬ ਹੋ ਰਿਹਾ ਹੈ ਤੇ ਅਮੀਰ ਹੋਰ ਅਮੀਰ।

ਇੱਕ ਸਰਵੇਖਣ ਅਨੁਸਾਰ ਭਾਰਤ ਦਾ 79 ਪ੍ਰਤੀਸ਼ਤ ਪੈਸਾ ਸਿਰਫ ਇਸ ਦੇਸ਼ ਦੇ ਇੱਕ ਪ੍ਰਤੀਸ਼ਤ ਲੋਕਾਂ ਕੋਲ ਹੈ। ਠੀਕ ਉਸੇ ਤਰ੍ਹਾਂ ਜਿਵੇਂ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਜਗੀਰਦਾਰਾਂ ਕੋਲ ਹੋਇਆ ਕਰਦਾ ਸੀ। ਸਾਥੀਓ ਭਾਰਤ ਦੇਸ਼ ਦੀ ਮੌਜੂਦਾ ਟੈਕਸ ਪ੍ਰਣਾਲੀ ਕਿਸ ਹਕੂਮਤ ਨਾਲ ਮਿਲਦੀ ਹੈ ਇਸ ਬਾਰੇ ਤਾਂ ਅਜੇ ਤੱਕ ਕੋਈ ਖੋਜ ਨਹੀਂ ਹੋਈ ਹੈ, ਹਾਂ !!! ਇੰਨਾ ਜ਼ਰੂਰ ਹੈ, ਕਿ ਇਸ ਟੈਕਸ ਪ੍ਰਣਾਲੀ ਨੇ ਅੰਗਰੇਜ਼ਾਂ ਦੀ ਲਗਾਨ ਪ੍ਰਣਾਲੀ ਅਤੇ ਮੁਗਲਾਂ ਦੇ ਜਜ਼ੀਏ ਦੀ ਯਾਦ ਜ਼ਰੂਰ ਦੁਆ ਦਿੱਤੀ ਹੈ। ਵੋਟਾਂ ਖਾਤਰ ਸੱਤਾਧਾਰੀ ਪਾਰਟੀਆਂ ਇੱਕ ਖਾਸ ਵਰਗ ਨੂੰ, ਆਮ ਟੈਕਸ ਦਾਤਾਵਾਂ ਕੋਲੋਂ, ਦੇਸ਼ ਅਤੇ ਸੂਬੇ ਦੇ ਵਿਕਾਸ ਲਈ ਵਸੂਲ ਕੀਤੀ ਗਈ ਰਕਮ ਵੱਖ-ਵੱਖ ਰੂਪਾਂ 'ਚ ਥਾਲੀਆਂ 'ਚ ਰੱਖ ਕੇ ਦੇ ਦਿੰਦੀਆਂ ਨੇ।

ਵਿਚਾਰਾ ਉਹ ਆਮ ਟੈਕਸ ਦਾਤਾ ਤਾਂ ਅੱਜ ਸਵਾਲ ਕਰਨ ਜੋਗਾ ਵੀ ਨਹੀਂ ਰਿਹਾ ਕਿ ਵੋਟਾਂ ਪਾਉਣ ਦਾ ਲਾਲਚ ਦੇ ਕੇ ਸਹੂਲਤਾਂ ਦੇ ਗੱਫੇ ਤਾਂ ਕੋਈ ਹੋਰ ਲੈ ਜਾਏ, ਸੱਤਾ ਦਾ ਸੁੱਖ ਕੋਈ ਹੋਰ ਭੋਗੇ ਤੇ ਉਸ ਦੀ ਕੀਮਤ ਉਹ ਕਿਉਂ ਚੁਕਾਵੇ? ਅੱਜ ਹਰ ਮਨ ਇੱਕੋ ਸਵਾਲ ਕਰ ਰਿਹਾ ਹੈ ਕਿ ਜੇਕਰ ਉਸ ਵੇਲੇ ਵੀ ਲੋਕ ਟੈਕਸ ਪ੍ਰਣਾਲੀ ਤੋਂ ਦੁਖੀ ਸੀ ਤੇ ਅੱਜ ਵੀ ਦੁਖੀ ਹਨ, ਸਰਕਾਰਾਂ ਆਪਣੇ ਫੈਸਲੇ ਉਸ ਵੇਲੇ ਵੀ ਲੋਕਾਂ ਤੇ ਜ਼ਬਰਦਸਤੀ ਥੋਪ ਦਿੰਦਿਆਂ ਸਨ ਤੇ ਅੱਜ ਵੀ ਥੋਪ ਰਹੀਆਂ ਹਨ। ਤਾਂ ਫਿਰ ਕੀ ਹੱਕ ਹੈ ਸਾਨੂੰ ਕਿ ਅਸੀਂ ਅੰਗਰੇਜ਼ਾਂ ਨੂੰ ਇਤਿਹਾਸ ਦੇ ਪੰਨਿਆ 'ਚ ਭੰਡੀਏ?...(ਚਲਦਾ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।