ਪਟਵਾਰੀਆਂ ਦਾ ਧਰਨਾ ਜਾਰੀ, ਪਿੰਡਾਂ ਦਾ ਰਿਕਾਰਡ ਕਰਵਾਇਆ ਜਮਾਂ

Last Updated: Feb 14 2018 14:49

ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਜਲਾਲਾਬਾਦ ਦੇ ਸਮੂਹ ਪਟਵਾਰੀਆਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਜਾਰੀ ਹੈ। ਇਸ ਧਰਨੇ ਦੀ ਅਗਵਾਈ ਪ੍ਰਧਾਨ ਭਗਤ ਸਿੰਘ ਨੇ ਕੀਤੀ ਅਤੇ ਇਹ ਧਰਨਾ ਸਸਪੈਂਡ ਕੀਤੇ ਗਏ ਪਟਵਾਰੀਆਂ ਦੀ ਬਹਾਲੀ ਲਈ ਲਗਾਇਆ ਗਿਆ ਹੈ। ਪਟਵਾਰੀਆਂ ਨੇ ਪਿੰਡਾਂ ਨਾਲ ਸਬੰਧਿਤ ਰਿਕਾਰਡ ਤਹਿਸੀਲ ਦਫ਼ਤਰ 'ਚ ਜਮਾਂ ਕਰਵਾਉਂਦੇ ਆਪਣਾ ਰੋਸ ਜ਼ਾਹਿਰ ਕੀਤਾ। ਅੱਜ ਦੇ ਰੋਸ ਧਰਨੇ ਵਿੱਚ ਸਮੂਹ ਪਟਵਾਰੀਆਂ ਨੇ ਇਕੱਠੇ ਹੋਕੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਪੂਰੇ ਕਰਨ ਦੀ ਮੰਗ ਕਰਦਿਆਂ ਆਪਣਾ ਰੋਸ ਪ੍ਰਗਟ ਕੀਤਾ। ਧਰਨੇ ਦੌਰਾਨ ਹਾਜਰ ਪਟਵਾਰੀਆਂ ਨੂੰ ਸੰਬੋਧਨ ਕਰਦੇ ਹੋਏ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਭਗਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਪਾਏ ਮਤੇ ਅਨੁਸਾਰ ਪਟਵਾਰੀਆਂ ਵੱਲੋਂ ਆਪਣੇ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਅੱਜ ਵਾਧੂ ਸਰਕਲ ਜੋ ਕਿ ਖਾਲੀ ਹਨ ਦਾ ਰਿਕਾਰਡ ਤਹਿਸੀਲ ਦਫ਼ਤਰ ਵਿੱਚ ਰੋਸ ਵਜੋਂ ਜਮਾਂ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਤਹਿਸੀਲ ਦਫ਼ਤਰ ਵਿੱਚ ਰਿਕਾਰਡ ਜਮਾਂ ਹੋਣ ਨਾਲ 39 ਪਿੰਡਾਂ ਦਾ ਕੰਮ ਅੱਜ ਤੋਂ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਅਤੇ ਇਨ੍ਹਾਂ ਪਿੰਡਾਂ ਦਾ ਜੋ ਕੰਮ ਪ੍ਰਭਾਵਿਤ ਹੋਵੇਗਾ ਉਸ ਦੇ ਲਈ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਪਟਵਾਰੀ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਪਟਵਾਰ ਯੂਨੀਅਨ ਦੀਆਂ ਮੰਗਾਂ ਜਿਵੇਂ ਕਿ ਪਿਛਲੇ ਲੰਮੇ ਸਮੇਂ ਤੋਂ ਵਰਕ ਸਟੇਸ਼ਨਾਂ ਦਾ ਸਾਈਜ਼ ਵੱਡਾ ਕਰਨ, ਜਨਰੇਟਰ, ਬਿਜਲੀ, ਪਾਣੀ, ਚੌਂਕੀਦਾਰ, ਸਫਾਈ ਸੇਵਕ, ਕੰਪਿਊਟਰ ਦੇ ਯੂ.ਪੀ.ਐਸ, ਫ਼ਰਨੀਚਰ, ਬਾਥਰੂਮ ਆਦਿ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ, ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਪਟਵਾਰੀਆਂ ਨੇ ਦੱਸਿਆ ਕਿ ਦੀ ਰੈਵੀਨਿਊ ਪਟਵਾਰ ਯੂਨੀਅਨ ਵੱਲੋਂ ਇਨ੍ਹਾਂ ਮੰਗਾਂ ਸਬੰਧੀ ਕਈ ਵਾਰ ਜ਼ਿਲ੍ਹਾ ਫ਼ਾਜ਼ਿਲਕਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਚੁੱਕੇ ਹਨ ਪਰ ਯੂਨੀਅਨ ਨੂੰ ਪ੍ਰਸ਼ਾਸਨ ਅਧਿਕਾਰੀਆਂ ਤੋਂ ਨਿਰਾਸ਼ਾ ਤੋਂ ਇਲਾਵਾ ਹੋਰ ਕੁਝ ਵੀ ਪ੍ਰਾਪਤ ਨਹੀਂ ਹੋਇਆ।

ਯੂਨੀਅਨ ਆਗੂਆਂ ਨੇ ਕਿਹਾ ਕਿ ਇਸ ਦੇ ਨਾਲ ਹੀ ਸਸਪੈਂਡ ਕੀਤੇ ਗਏ ਪਟਵਾਰੀਆਂ ਦੀ ਬਹਾਲੀ ਲਈ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਵੱਲੋਂ ਭਰੋਸਾ ਦਿੱਤਾ ਗਿਆ ਸੀ ਪਰ ਉਸ ਤੇ ਵੀ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਉਂਦੀ ਗਈ ਜਿਸ ਕਰਕੇ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਪਟਵਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਵੇਗਾ ਜਦੋਂ ਤੱਕ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦਾ।