ਪੰਚਾਇਤੀ ਇੱਟਾਂ ਚੋਰੀ ਕਰਨ ਦੇ ਦੋਸ਼ 'ਚ 3 ਖਿਲਾਫ ਪਰਚਾ ਦਰਜ

Last Updated: Feb 14 2018 14:28

ਪੰਚਾਇਤੀ ਇੱਟਾਂ ਚੋਰੀ ਕਰਨ ਦੇ ਦੋਸ਼ ਵਿੱਚ ਕਰੀਬ ਦੋ ਸਾਲ ਲੰਮੀ ਚੱਲੀ ਜਾਂਚ ਤੋਂ ਬਾਅਦ ਥਾਣਾ ਮੱਖੂ ਦੀ ਪੁਲਿਸ ਨੇ 3 ਵਿਅਕਤੀਆਂ ਦੇ ਖਿਲਾਫ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੱਖੂ ਦੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਖ਼ਤਿਆਰ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਵਾੜਾ ਕਾਲੀ ਰਾਉਂ ਨੇ ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਨੂੰ 7 ਜਨਵਰੀ 2016 ਇੱਕ ਦਰਖਾਸਤ ਪਿੰਡ ਦੀਆਂ ਪੰਚਾਇਤੀ ਇੱਟਾਂ ਚੋਰੀ ਹੋਣ ਬਾਰੇ ਦਰਜ ਕਰਵਾਈ ਸੀ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਖ਼ਤਿਆਰ ਸਿੰਘ ਨੇ ਦਿੱਤੀ ਦਰਖਾਸਤ ਵਿੱਚ ਦੱਸਿਆ ਸੀ ਕਿ ਪਿੰਡ ਕਾਲੀ ਰਾਉਂ ਦੇ ਰਹਿਣ ਵਾਲੇ ਤਿੰਨ ਵਿਅਕਤੀਆਂ ਨੇ ਪੱਕੇ ਰਸਤੇ ਵਿੱਚੋਂ ਪਿੰਡ ਪੰਚਾਇਤ ਦੀਆਂ ਕਰੀਬ 3600 ਇੱਟਾਂ ਚੋਰੀ ਕੀਤੀਆਂ ਹਨ।

ਮੁਖ਼ਤਿਆਰ ਸਿੰਘ ਦੇ ਮੁਤਾਬਿਕ ਚੋਰੀ ਹੋਈਆਂ ਇੱਟਾਂ ਦੀ ਕੀਮਤ ਕਰੀਬ 15 ਹਜ਼ਾਰ 400 ਰੁਪਏ ਬਣਦੀ ਹੈ। ਪੁਲਿਸ ਨੇ ਦੱਸਿਆ ਕਿ ਕਰੀਬ ਦੋ ਸਾਲ ਲੰਮੀ ਚੱਲੀ ਜਾਂਚ ਤੋਂ ਬਾਅਦ ਇੱਟਾਂ ਚੋਰੀ ਕਰਨ ਵਾਲੇ ਕਥਿਤ ਦੋਸ਼ੀ ਪੂਰਨ ਸਿੰਘ ਪੁੱਤਰ ਸ਼ੀਤਲ ਸਿੰਘ, ਜਗਦੀਸ਼ ਸਿੰਘ ਪੁੱਤਰ ਪੂਰਨ ਸਿੰਘ, ਚਿਮਨ ਸਿੰਘ ਪੁੱਤਰ ਲਛਮਣ ਸਿੰਘ ਵਾਸੀਅਨ ਵਾੜਾ ਕਾਲੀ ਕਾਉਂ ਦੇ ਖਿਲਾਫ ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।