ਮੱਲਾਂਵਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਰੇਤ ਦੇ ਖੱਡੇ ਤੋਂ ਦੋ ਦਰਜਨ ਵਾਹਨ ਬਰਾਮਦ..!

Last Updated: Feb 14 2018 14:45

ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਰੇਤ ਦੀ ਨਿਕਾਸੀ 'ਤੇ ਲਗਾਈ ਪਾਬੰਦੀ ਦੇ ਬਾਵਜੂਦ ਰੇਤ ਦੇ ਭੂ-ਮਾਫੀਆ ਕਿਸ ਤਰ੍ਹਾਂ ਨਾਲ ਚੋਰੀ ਰੇਤ ਦੀ ਨਿਕਾਸੀ ਕਰ ਰਹੇ ਹਨ, ਇਸ ਦੀ ਉਦਾਹਰਨ ਮੱਲਾਂਵਾਲਾ ਵਿਖੇ ਵੇਖਣ ਨੂੰ ਮਿਲਦੀ ਹੈ। ਬੀਤੇ ਦਿਨ ਨਜਾਇਜ਼ ਰੇਤ ਦੀ ਨਿਕਾਸੀ ਬੰਦ ਕਰਵਾਉਣ ਦੇ ਲਈ ਗੁਪਤ ਸੂਚਨਾ ਦੇ ਆਧਾਰ 'ਤੇ ਮੱਲਾਂਵਾਲਾ ਪੁਲਿਸ ਵੱਲੋਂ ਪਿੰਡ ਬੋੜਾਂ ਵਾਲੀ ਵਿਖੇ ਚੱਲਦੇ ਨਾਜਾਇਜ਼ ਰੇਤ ਦੇ ਖੱਡੇ 'ਤੇ ਛਾਪੇਮਾਰੀ ਕੀਤੀ ਗਈ। ਜਿੱਥੋਂ ਕਰੀਬ ਦੋ ਦਰਜਨ ਵਾਹਨ ਬਰਾਮਦ ਕੀਤੇ ਗਏ। ਇਸ ਸੰਬੰਧ 'ਚ ਥਾਣਾ ਮੱਲਾਂਵਾਲਾ ਪੁਲਿਸ ਨੇ ਰੇਤਾ ਦੀ ਨਜਾਇਜ਼ ਨਿਕਾਸੀ ਕਰਨ ਵਾਲੇ ਮੋਹਾਲੀ ਦੇ ਠੇਕੇਦਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੱਲਾਂਵਾਲਾ ਦੇ ਏ.ਐਸ.ਆਈ ਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਮੁਖ਼ਬਰ ਨੇ ਗੁਪਤ ਸੂਚਨਾ ਦਿੱਤੀ ਸੀ ਕਿ ਪਿੰਡ ਬੋੜਾਂ ਵਾਲੀ ਵਿਖੇ ਮੋਹਾਲੀ ਦਾ ਰਹਿਣ ਵਾਲਾ ਇੱਕ ਠੇਕੇਦਾਰ ਰੇਤਾ ਦੀ ਨਜਾਇਜ਼ ਨਿਕਾਸੀ ਕਰ ਰਿਹਾ ਹੈ ਅਤੇ ਹੁਣ ਵੀ ਉਹ ਟਰਾਲੇ, ਟਰਾਲੀਆਂ ਆਦਿ ਰੇਤ ਨਾਲ ਭਰਨ ਲਈ ਬੋੜਾਂ ਵਾਲੀ ਵਿਖੇ ਆਇਆ ਹੋਇਆ ਹੈ। ਲਾਲ ਸਿੰਘ ਨੇ ਦੱਸਿਆ ਕਿ ਮੁਖ਼ਬਰ ਤੋਂ ਸੂਚਨਾ ਮਿਲਦਿਆਂ ਹੀ ਜਦੋਂ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਪਿੰਡ ਬੋੜਾਂ ਵਾਲੀ ਵਿਖੇ ਛਾਪੇਮਾਰੀ ਕੀਤੀ ਤਾਂ ਉੱਥੋਂ 15 ਟਰਾਲੇ, 11 ਟਰੈਕਟਰ ਟਰਾਲੀਆਂ ਅਤੇ ਤਿੰਨ ਟਰੈਕਟਰ ਟਰਾਲੀਆਂ ਰੇਤਾ ਨਾਲ ਭਰੀਆਂ ਹੋਈਆਂ ਬਰਾਮਦ ਕੀਤੀਆਂ ਗਈਆਂ। ਪਰ ਉਕਤ ਵਾਹਨਾਂ ਦੇ ਚਾਲਕ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ।

ਏ.ਐਸ.ਆਈ ਲਾਲ ਸਿੰਘ ਨੇ ਦੱਸਿਆ ਕਿ ਰੇਤ ਦੀ ਨਜਾਇਜ਼ ਨਿਕਾਸੀ ਕਰਨ ਵਾਲੇ ਠੇਕੇਦਾਰ ਅਵਤਾਰ ਸਿੰਘ ਦੇ ਖ਼ਿਲਾਫ਼ 379 ਆਈ.ਪੀ.ਸੀ, 21 (3) ਮਾਈਨਿੰਗ ਐਂਡ ਮਿਨਰਲ ਐਕਟ 1957 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।