ਨਸ਼ੇ ਖਾ ਗਏ ਪੰਜਾਬੀਆਂ ਦੇ ਜਿਗਰ, ਗਿਣਤੀ ਸਵਾ ਦੋ ਲੱਖ ਦੇਸ਼ 'ਚ ਸਭ ਤੋਂ ਵੱਧ : ਪੀ.ਜੀ.ਆਈ (ਭਾਗ ਦੂਜਾ)

Last Updated: Feb 14 2018 14:11

ਇਸ ਲੇਖ ਦੇ ਪਿਛਲੇ ਭਾਗ ਵਿੱਚ ਤੁਸੀਂ ਪੜ੍ਹ ਚੁੱਕੇ ਹੋ ਕਿ ਕੋਈ ਵੇਲਾ ਸੀ ਜਦੋਂ ਭਾਰਤੀ ਪੰਜਾਬ ਦੇ ਲੋਕਾਂ ਦੇ ਜਿਗਰੇ (ਬਹਾਦਰੀ) ਤੋਂ ਦੁਸ਼ਮਣ ਦੀਆਂ ਫ਼ੌਜਾਂ ਥਰਥਰ ਕੰਬਦੀਆਂ ਸਨ ਤੇ ਇੱਥੋਂ ਦੇ ਗੱਭਰੂਆਂ ਦੇ ਜਿਗਰੇ ਦੇ ਕਿੱਸੇ ਵਿਦੇਸ਼ੀ ਧਾੜਵੀਆਂ ਦੇ ਘਰਾਂ 'ਚ ਵੀ ਸੁਣੀਂਦੇ ਸੀ। ਪਰ ਪਿਛਲੇ ਕੁਝ ਸਮੇਂ ਤੋਂ ਇੱਥੋਂ ਦੇ ਨੌਜਵਾਨਾਂ ਨੂੰ ਨਸ਼ੇ ਦੀ ਅਲਾਮਤ ਨੇ ਆਣ ਘੇਰਿਆ ਹੈ।

ਨਸ਼ਿਆਂ ਦੀ ਮਾਰ ਹੇਠ ਆਏ ਪੰਜਾਬੀਆਂ ਵਿੱਚ ਹੁਣ ਉਹ ਗੱਲ ਨਹੀਂ ਦਿਸਦੀ ਜਿਵੇਂ ਪੁਰਾਤਨ ਕਾਲ ਵਿੱਚ ਕਾਇਮ ਹੁੰਦੀ ਸੀ। ਇੱਥੋਂ ਦੇ ਲੋਕ ਖੁਦ ਹੱਥੀਂ ਮਿਹਨਤ ਕਰਨੀ ਛੱਡ ਚੁੱਕੇ ਹਨ ਤੇ ਬਾਹਰੋਂ ਆਈ ਲੇਬਰ ਤੇ ਨਿਰਭਰ ਹੋ ਗਏ ਹਨ। ਨਸ਼ਾ ਪੰਜਾਬੀਆਂ ਦੀਆਂ ਨਸਾਂ ਵਿੱਚ ਇਸ ਕਦਰ ਘਰ ਕਰ ਗਿਆ ਹੈ ਕਿ ਇਸ ਸਮਾਜਿਕ ਭੈੜ ਨੇ ਇੱਥੋਂ ਦੀ ਨਵੀਂ ਪੀੜ੍ਹੀ ਨੂੰ ਸਰੀਰਿਕ, ਮਾਨਸਿਕ, ਆਰਥਿਕ ਅਤੇ ਸਮਾਜਿਕ ਤੌਰ 'ਤੇ ਬਰਬਾਦ ਕਰਕੇ ਰੱਖ ਦਿੱਤਾ ਹੈ।

ਅੱਜ ਇੱਥੋਂ ਦੇ ਨੌਜਵਾਨਾਂ ਦਾ ਜਿਗਰਾ (ਬਹਾਦਰੀ) ਤਾਂ ਸ਼ਾਇਦ ਬਰਕਰਾਰ ਹੈ ਪਰ ਨਸ਼ਿਆਂ ਨੇ ਇਨ੍ਹਾਂ ਦੇ ਜਿਗਰ (ਲੀਵਰ) ਖਰਾਬ ਕਰਕੇ ਰੱਖ ਦਿੱਤੇ ਹਨ, ਤੇ ਇਹ ਦਾਅਵਾ ਕੀਤਾ ਹੈ ਪੀ.ਜੀ.ਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਜਿੰਨੇ ਲੋਕ ਜਿਗਰ ਦੀ ਬਿਮਾਰੀ ਨਾਲ ਪੰਜਾਬ ਵਿੱਚ ਪੀੜਿਤ ਨੇ ਉੱਨੇ ਤਾਂ ਪੂਰੇ ਦੇਸ਼ ਵਿੱਚ ਵੀ ਨਹੀਂ ਹਨ। ਇਨ੍ਹਾਂ ਸਭ ਸਮੱਸਿਆਵਾਂ ਤੋਂ ਦੂਰ ਨਸ਼ੇ ਦੀ ਇਸ ਅਲਾਮਤ ਨਾਲ ਲੋਕਾਂ ਨੂੰ ਮਰਦਿਆਂ ਛੱਡ ਇੱਥੋਂ ਦੇ ਸਿਆਸਤਦਾਨ ਇਸ ਮੁੱਦੇ ਤੇ ਰਾਜਨੀਤੀ ਖੇਡ ਰਹੇ ਹਨ। ਹੁਣ ਅੱਗੇ।

ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਕਿ ਜਿਉਂ ਹੀ ਕਾਂਗਰਸ ਦੇ ਮੌਜੂਦਾ ਪ੍ਰਧਾਨ ਨੇ ਜਦੋਂ ਨਸ਼ਿਆਂ ਦੇ ਮੁੱਦੇ 'ਤੇ ਬਿਆਨ ਦਿੱਤਾ ਤਾਂ ਪੰਜਾਬ ਵਿੱਚ ਸਿਆਸੀ ਭਾਂਬੜ ਬਲ ਪਿਆ। ਹਰ ਪਾਸਿਓਂ ਇੱਕ ਦੂਜੇ ਦੇ ਖਿਲਾਫ ਬਿਆਨ ਆਉਣ ਲੱਗ ਪਏ। ਨਤੀਜਾ ਇਹ ਰਿਹਾ ਕਿ ਇਹ ਮੁੱਦਾ ਰਾਸ਼ਟਰੀ ਪੱਧਰ ਤੱਕ ਭੜਕ ਗਿਆ। ਮੀਡੀਆ ਨੇ ਵੀ ਇਸ ਨੂੰ ਪੂਰੇ ਮਸਾਲੇ ਲਾ-ਲਾ ਕੇ ਕਵਰੇਜ ਦਿੱਤੀ। ਇਹ ਭੰਡੀ ਪ੍ਰਚਾਰ ਫ਼ਿਲਮ ਨਿਰਮਾਤਾਵਾਂ ਨੇ ਵੀ ਦੇਖਿਆ, ਸੁਣਿਆ ਤੇ ਪੜ੍ਹਿਆ।

ਜਿਨ੍ਹਾਂ ਨੇ ਪੰਜਾਬ 'ਚ ਨਸ਼ਿਆਂ ਦੇ ਇਸ ਗਰਮਾ ਗਰਮ ਮੁੱਦੇ 'ਤੇ ਫ਼ਿਲਮ ਬਣਾਉਣ ਦਾ ਐਲਾਨ ਕਰ ਦਿੱਤਾ। ਜਿਸ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ। ਨਸ਼ਿਆਂ ਤੇ ਬਣਾਈ ਗਈ ਉਸ ਫ਼ਿਲਮ "ਉੜਤਾ ਪੰਜਾਬ" ਨੇ ਪੰਜਾਬ ਦੇ ਨਸ਼ਿਆਂ ਦੇ ਇਸ ਬਦਨਾਮ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾ ਦਿੱਤਾ। ਦੁਨੀਆ ਭਰ 'ਚ ਲੋਕਾਂ ਵੱਲੋਂ ਇਸ ਮਾਮਲੇ ਵਿੱਚ ਪੰਜਾਬ ਦੀ ਉਸ ਵੇਲੇ ਦੀ ਸਰਕਾਰ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੱਤਾ।

ਮਾਮਲਾ ਇੱਥੋਂ ਤੱਕ ਭੱਖ ਗਿਆ ਕਿ ਅਕਾਲੀ ਭਾਜਪਾ-ਸਰਕਾਰ ਨੂੰ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜੀ ਤਾਂ ਇਸ ਕੰਮ ਲਈ ਕਰਨੀ ਪੈ ਗਈ ਕਿ ਪੰਜਾਬੀ ਨਸ਼ੇੜੀ ਨਹੀਂ ਹਨ। ਇਹ ਰਕਮ ਸ਼ਾਇਦ ਉਸ ਰਕਮ ਨਾਲੋਂ ਵੀ ਕੀਤੇ ਵੱਧ ਸੀ ਜਿੰਨੀ ਰਕਮ ਨਾਲ ਫ਼ਿਲਮ ਉੜਤਾ ਪੰਜਾਬ ਦਾ ਨਿਰਮਾਣ ਹੋਇਆ ਸੀ। ਹੁਣ ਸਰਕਾਰ ਦੀ ਬਦਨਾਮੀ ਹੋ ਰਹੀ ਹੋਵੇ ਤੇ ਵਿਰੋਧੀ ਧਿਰ ਵਾਲੇ ਚੁੱਪ ਕਰਕੇ ਬੈਠ ਜਾਣ? ਇਹ ਤਾਂ ਸੰਭਵ ਹੀ ਨਹੀਂ ਹੈ।

ਲਿਹਾਜ਼ਾ ਸਮੇਂ ਦੀਆਂ ਸਰਕਾਰ ਵਿਰੋਧੀ ਪਾਰਟੀਆਂ ਨੇ ਇਸ ਵਗਦੀ ਗੰਗਾ ਵਿੱਚ ਖ਼ੂਬ ਹੱਥ ਹੀ ਨਹੀਂ ਧੋਤੇ ਬਲਕਿ ਖੁੱਲ੍ਹ ਕੇ ਇਸ਼ਨਾਨ ਵੀ ਕੀਤਾ। ਯਾਨੀ ਕਿ ਸਰਕਾਰ ਹੁਣ ਨਸ਼ਿਆਂ ਦੇ ਮੁੱਦੇ ਤੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਸੀ। ਫਿਰ ਵੇਲਾ ਆਇਆ ਪੰਜਾਬ ਵਿਧਾਨ ਸਭਾ ਚੋਣਾਂ ਦਾ। ਇਸ ਵਾਰ ਮੁਕਾਬਲਾ ਅਕਾਲੀ-ਭਾਜਪਾ ਗੱਠਜੋੜ ਤੇ ਕਾਂਗਰਸ ਦਾ ਆਪਸ ਵਿੱਚ ਨਾ ਹੋ ਕੇ ਆਮ ਆਦਮੀ ਪਾਰਟੀ ਨਾਲ ਵੀ ਸੀ। ਉਸ ਆਮ ਆਦਮੀ ਪਾਰਟੀ ਨਾਲ ਜੋ ਪੰਜਾਬ ਵਿੱਚ ਤੇਜੀ ਨਾਲ ਆਪਣੇ ਪੈਰ ਪਸਾਰ ਰਹੀ ਸੀ।...(ਚਲਦਾ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।