ਭੇਦਭਰੇ ਹਾਲਾਤ 'ਚ ਗਾਇਬ ਹੋਏ ਨੌਜਵਾਨ ਦੀ ਸਰਹਿੰਦ ਨਹਿਰ 'ਚੋਂ ਲਾਸ਼ ਬਰਾਮਦ

Last Updated: Feb 14 2018 13:02

ਕਰੀਬ ਇੱਕ ਹਫਤਾ ਪਹਿਲਾਂ ਆਪਣੇ ਘਰ ਤੋਂ ਬਾਜ਼ਾਰ 'ਚ ਬਰਗਰ ਖਾਣ ਸਬੰਧੀ ਕਹਿ ਕੇ ਗਏ ਭੇਦਭਰੇ ਹਾਲਾਤ 'ਚ ਲਾਪਤਾ ਹੋਏ ਨੌਜਵਾਨ ਦੀ ਨਜ਼ਦੀਕੀ ਜੌੜੇਪੁਲ ਕੋਲ ਸਰਹਿੰਦ ਨਹਿਰ 'ਚੋਂ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਹਿਚਾਣ ਪੁਨੀਤਪਾਲ ਸਿੰਘ (18) ਵਾਸੀ ਜੇਠੀ ਨਗਰ, ਮਲੇਰਕੋਟਲਾ ਰੋਡ ਖੰਨਾ ਵਜੋਂ ਹੋਈ ਹੈ। ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਲਾਸ਼ ਨੂੰ ਬਰਾਮਦ ਕਰਕੇ ਪੋਸਟਮਾਰਟਮ ਕਰਵਾਉਣ ਦੇ ਲਈ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ।

ਮਿਲੀ ਜਾਣਕਾਰੀ ਦੇ ਮੁਤਾਬਕ ਸਥਾਨਕ ਜੇਠੀ ਨਗਰ ਇਲਾਕੇ 'ਚ ਰਹਿਣ ਵਾਲਾ 12ਵੀਂ ਜਮਾਤ 'ਚ ਪੜਨ ਵਾਲਾ ਪੁਨੀਤਪਾਲ ਸਿੰਘ ਬੀਤੇ ਦਿਨੀਂ 6 ਫਰਵਰੀ ਸ਼ਾਮ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਬਜ਼ਾਰ 'ਚ ਬਰਗਰ ਖਾਣ ਜਾ ਰਿਹਾ ਹੈ, ਜੋ ਕਿ ਨਜ਼ਦੀਕੀ ਈਸੜੂ ਪਿੰਡ ਸਥਿਤ ਗੋਪਾਲ ਪਬਲਿਕ ਸਕੂਲ 'ਚ ਪੜ੍ਹਾਈ ਕਰ ਰਿਹਾ ਸੀ। ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਪੁਨੀਤ ਆਪਣੇ ਘਰ ਵਾਪਸ ਨਹੀਂ ਪਹੁੰਚਿਆ ਤਾਂ ਪਰੇਸ਼ਾਨ ਹੋਏ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਤਲਾਸ਼ ਸ਼ੁਰੂ ਕੀਤੀ ਸੀ।

ਪਰ ਉਸ ਸਬੰਧੀ ਕੋਈ ਜਾਣਕਾਰੀ ਨਾ ਮਿਲਣ ਦੇ ਬਾਅਦ ਉਸਦੇ ਪਿਤਾ ਸੱਜਣ ਸਿੰਘ ਨੇ ਪੁਲਿਸ ਥਾਣਾ ਸਿਟੀ ਖੰਨਾ 'ਚ ਪੁਨੀਤ ਦੇ ਗਾਇਬ ਹੋਣ ਸਬੰਧੀ ਰਿਪੋਰਟ ਦਰਜ ਕਰਵਾਈ ਸੀ। ਸ਼ਿਕਾਇਤ ਮਿਲਣ ਦੇ ਬਾਅਦ ਸਿਟੀ ਪੁਲਿਸ ਨੇ ਰਿਪੋਰਟ ਦਰਜ ਕਰਕੇ ਗਾਇਬ ਹੋਏ ਨੌਜਵਾਨ ਦੀ ਤਲਾਸ਼ ਸ਼ੁਰੂ ਕੀਤੀ ਸੀ। ਭੇਦਭਰੇ ਹਾਲਾਤ 'ਚ ਲਾਪਤਾ ਹੋਣ ਦੇ ਬਾਅਦ ਪੁਨੀਤ ਦੇ ਮੋਬਾਈਲ ਫੋਨ ਤੋਂ ਉਸਦੀ ਆਖਰੀ ਲੋਕੇਸ਼ਨ ਦੋਰਾਹਾ ਨਹਿਰ ਕੋਲ ਪਾਈ ਗਈ ਸੀ। ਉਸ ਸਮੇਂ ਤੋਂ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਸੀ ਕਿ ਪੁਨੀਤ ਨੇ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਨਾ ਕਰ ਲਈ ਹੋਵੇ।

ਇਸ ਮਾਮਲੇ ਸਬੰਧੀ ਥਾਣਾ ਸਿਟੀ ਦੇ ਐਸ.ਐਚ.ਓ ਸਬ ਇੰਸਪੈਕਟਰ ਰਜਨੀਸ਼ ਸੂਦ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਨੀਤ ਦੇ ਗਾਇਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਹੀ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਸੀ। ਮੰਗਲਵਾਰ ਦੁਪਹਿਰ ਸੂਚਨਾ ਮਿਲੀ ਸੀ ਕਿ ਜੌੜੇਪੁਲ ਨਜ਼ਦੀਕ ਸਰਹਿੰਦ ਨਹਿਰ 'ਚੋਂ ਇੱਕ ਨੌਜਵਾਨ ਦੀ ਪੁਲਿਸ ਨੂੰ ਲਾਸ਼ ਬਰਾਮਦ ਹੋਈ ਹੈ।

ਬਾਅਦ 'ਚ ਮ੍ਰਿਤਕ ਦੀ ਪਹਿਚਾਣ ਪੁਨੀਤਪਾਲ ਸਿੰਘ ਦੇ ਤੌਰ ਤੇ ਹੋਈ ਹੈ। ਲਾਸ਼ ਨੂੰ ਕਬਜ਼ੇ 'ਚ ਲੈ ਪੋਸਟਮਾਰਟਮ ਕਰਵਾਉਣ ਦੇ ਲਈ ਖੰਨਾ ਸਿਵਲ ਹਸਪਤਾਲ ਲਿਆਉਂਦਾ ਗਿਆ। ਬਾਅਦ 'ਚ ਮ੍ਰਿਤਕ ਦੇ ਪਿਤਾ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਬਾਅਦ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਹਸਪਤਾਲ 'ਚੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।