ਅਕਾਲੀ ਦਲ ਦੇ ਸਾਬਕਾ ਐਮ.ਐਲ.ਏ. ਜਿੰਦੂ ਦੇ ਮੁੰਡਿਆਂ ਨੇ ਲਗਾਈ ਹਾਈਕੋਰਟ 'ਚ ਪੇਸ਼ਗੀ ਜ਼ਮਾਨਤ.!!!

Last Updated: Feb 14 2018 12:16

ਸੈਸ਼ਨ ਕੋਰਟ ਫ਼ਿਰੋਜ਼ਪੁਰ ਵਿੱਚੋਂ ਪੇਸ਼ਗੀ ਜ਼ਮਾਨਤਾਂ ਖਾਰਿਜ ਹੋਣ ਉਪਰੰਤ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਦੋਵੇਂ ਲੜਕਿਆਂ ਮੈਂਬਰ ਕੈਂਟ ਬੋਰਡ ਸੁਰਿੰਦਰ ਸਿੰਘ ਬੱਬੂ ਅਤੇ ਮੈਂਬਰ ਕੈਂਟ ਬੋਰਡ ਰੋਹਿਤ ਗਿੱਲ ਨੇ ਪੁਲਿਸ ਹਿਰਾਸਤ ਤੋਂ ਬਚਣ ਲਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਫ਼ੌਜਦਾਰੀ ਰਿੱਟ ਦਾਇਰ ਕੀਤੀ ਹੈ। ਇੱਥੇ ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਫ਼ਿਰੋਜ਼ਪੁਰ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਕੇਸ਼ ਕੁਮਾਰ ਮਿੱਤਲ ਦੀ ਅਦਾਲਤ ਨੇ 8 ਫਰਵਰੀ ਨੂੰ ਦਿੱਤੇ ਫ਼ੈਸਲੇ ਵਿੱਚ ਅਕਾਲੀ ਦਲ ਬਾਦਲ ਦੇ ਐੱਸ.ਸੀ. ਵਿੰਗ ਦੇ ਸੂਬਾ ਸਕੱਤਰ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਅਤੇ ਉਸ ਦੇ ਲੜਕਿਆਂ ਸੁਰਿੰਦਰ ਸਿੰਘ ਬੱਬੂ ਅਤੇ ਰੋਹਿਤ ਗਿੱਲ ਦੀਆਂ ਪੇਸ਼ਗੀ ਜ਼ਮਾਨਤਾਂ ਖਾਰਿਜ ਕਰ ਦਿੱਤੀਆਂ ਸੀ।

ਵੇਖਿਆ ਜਾਵੇ ਤਾਂ ਜ਼ਿਲ੍ਹੇ ਦੀ ਸਿਆਸਤ ਨੂੰ ਹਿੱਲਾ ਕੇ ਰੱਖ ਦੇਣ ਵਾਲੇ ਇਸ ਮਾਮਲੇ ਵਿੱਚ ਵਾਪਰੀ ਘਟਨਾ ਅਨੁਸਾਰ 31 ਜਨਵਰੀ ਨੂੰ ਪੁਲਿਸ ਪਾਰਟੀ ਨੇ ਜਦੋਂ ਸੁਨੀਲ ਕੁਮਾਰ ਕਬਾੜੀਆ ਨੂੰ ਗ੍ਰਿਫ਼ਤਾਰ ਕੀਤਾ ਤਾਂ ਸਾਬਕਾ ਵਿਧਾਇਕ ਅਤੇ ਉਸ ਦੇ ਮੁੰਡਿਆਂ ਆਦਿ ਸਮਰਥਕਾਂ ਵੱਲੋਂ ਧੱਕੇ ਨਾਲ ਸੁਨੀਲ ਕੁਮਾਰ ਸ਼ੀਲੇ ਨੂੰ ਛੁਡਾਉਂਦੇ ਹੋਏ ਪੁਲਿਸ ਮੁਲਾਜ਼ਮਾਂ ਦੀਆਂ ਵਰਦੀਆਂ ਪਾੜ ਦਿੱਤੀਆਂ ਗਈਆਂ ਅਤੇ ਗਲਤ ਵਿਵਹਾਰ ਕੀਤਾ ਗਿਆ। ਜਿਸ ਕਰਕੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਉਸ ਦੇ ਸਪੁੱਤਰ ਸੁਰਿੰਦਰ ਸਿੰਘ ਬੱਬੂ, ਰੋਹਿਤ ਗਿੱਲ, ਨਿੱਜੀ ਸਕੱਤਰ ਬਲਜਿੰਦਰ ਸਿੰਘ, ਸੁਨੀਲ ਕੁਮਾਰ ਸ਼ੀਲਾ ਕਬਾੜੀਆ, ਮੇਜਰ ਸਿੰਘ ਰੁਕਣਾ ਬੇਗੂ, ਰਾਜੇਸ਼ ਕੁਮਾਰ ਆਦਿ 15-16 ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਥਾਣਾ ਕੁੱਲਗੜੀ ਪੁਲਿਸ ਵੱਲੋਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਜਿਸ ਤੋਂ ਬਾਅਦ ਜਿੰਦੂ ਅਤੇ ਉਸ ਦੇ ਮੁੰਡਿਆਂ ਨੇ ਪੁਲਿਸ ਹਿਰਾਸਤ ਤੋਂ ਬਚਨ ਲਈ ਸ਼ੈਸ਼ਨ ਕੋਰਟ ਫਿਰੋਜ਼ਪੁਰ ਵਿਖੇ ਪੇਸ਼ਗੀ ਜ਼ਮਾਨਤ ਅਰਜੀ ਲਗਾਈ, ਜਿਸ ਨੂੰ ਜੱਜ ਸਾਹਿਬ ਨੇ ਖਾਰਜ ਕਰ ਦਿੱਤਾ, ਹੁਣ ਸਾਬਕਾ ਵਿਧਾਇਕ ਜਿੰਦੂ ਦੇ ਦੋਵੇਂ ਮੁੰਡਿਆਂ ਵੱਲੋਂ ਮਾਣਯੋਗ ਹਾਈਕੋਰਟ ਵਿੱਚ ਰਿੱਟ ਦਾਇਰ ਕੀਤੀ ਗਈ ਹੈ, ਜਿਸ ਦੀ ਹਾਲੇ ਸੁਣਵਾਈ ਨਹੀਂ ਹੋਈ।