ਪਿੰਡ ਕੱਟਿਆਂਵਾਲੀ ਵਿੱਚੋਂ ਹਜ਼ਾਰਾਂ ਲੀਟਰ ਲਾਹਣ ਬਰਾਮਦ

Last Updated: Feb 14 2018 11:33

ਨਾਜਾਇਜ਼ ਸ਼ਰਾਬ ਅਤੇ ਲਾਹਣ ਕੱਢਣ ਦੇ ਲਈ ਚਰਚਿਤ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੱਟਿਆਂਵਾਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਹਜ਼ਾਰਾਂ ਲੀਟਰ ਲਾਹਣ ਬਰਾਮਦ ਹੋਣ ਦਾ ਦਾਅਵਾ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਕੱਟਿਆਂਵਾਲੀ ਵਿੱਚ ਪੁਲਿਸ ਦੀ ਛਾਪੇਮਾਰੀ ਦੌਰਾਨ ਥਾਣਾ ਕਬਰਵਾਲਾ ਪੁਲਿਸ ਨੇ ਕਰੀਬ 18000 ਲੀਟਰ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਪੁਲਿਸ ਵੱਲੋਂ ਦੋ ਲੋਕਾਂ ਨੂੰ ਕਾਬੂ ਕਰਨ ਅਤੇ ਚਾਰ ਲੋਕਾਂ ਦੇ ਫਰਾਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪਿੰਡ ਦੇ ਵੱਖ-ਵੱਖ ਘਰਾਂ ਵਿੱਚ ਛਾਪੇਮਾਰੀ ਦੌਰਾਨ ਵੀਰ ਸਿੰਘ ਨੂੰ 2 ਹਜ਼ਾਰ ਲੀਟਰ ਲਾਹਣ ਸਮੇਤ ਚਾਲੂ ਭੱਠੀ ਅਤੇ ਕੁਲਦੀਪ ਸਿੰਘ ਨੂੰ 3 ਹਜ਼ਾਰ ਲੀਟਰ ਲਾਹਣ ਤੇ 50 ਬੋਤਲਾਂ ਨਾਲ ਕਾਬੂ ਕਰਨ ਦਾ ਦਾਅਵਾ ਹੋਇਆ ਹੈ। ਇਸ ਤੋਂ ਇਲਾਵਾ ਇੱਕ ਵਿਅਕਤੀ ਦੀਪ ਸਿੰਘ ਦੇ ਘਰੋਂ 5 ਹਜ਼ਾਰ ਲੀਟਰ ਲਾਹਣ ਸਮੇਤ ਚਾਲੂ ਭੱਠੀ, ਗੇਲਾ ਸਿੰਘ ਅਤੇ ਘੱਗਾ ਸਿੰਘ ਤੋਂ 3-3 ਹਜ਼ਾਰ ਲੀਟਰ ਅਤੇ ਚਰਨ ਸਿੰਘ ਤੋਂ 2 ਹਜ਼ਾਰ ਲੀਟਰ ਲਾਹਣ ਬਰਾਮਦ ਕਰਨ ਦਾ ਦਾਅਵਾ ਹੋਇਆ ਹੈ। ਇਹ ਚਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਦੱਸੇ ਜਾਂਦੇ ਹਨ। ਫਿਲਹਾਲ ਪੁਲਿਸ ਅਨੁਸਾਰ ਇਨ੍ਹਾਂ ਸਭ ਦੇ ਖ਼ਿਲਾਫ਼ ਮਾਮਲੇ ਦਰਜ ਕਰ ਅਗਲੇਰੀ ਕਾਰਵਾਈ ਜਾਰੀ ਹੈ ਅਤੇ ਫਰਾਰ ਮੁਲਜ਼ਮਾਂ ਨੂੰ ਲੱਭਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕਰੀਬ ਛੇ ਮਹੀਨੇ ਪਹਿਲਾਂ ਵੀ ਇਸ ਪਿੰਡ ਵਿੱਚੋਂ ਦੋ-ਤਿੰਨ ਵਾਰ ਹਜ਼ਾਰਾਂ ਲੀਟਰ ਲਾਹਣ ਬਰਾਮਦ ਹੋਈ ਸੀ।