ਸ਼ਰਾਬ ਪੀਣ ਵਾਲਿਆਂ ਖ਼ਿਲਾਫ਼ ਹੋ ਰਹੀ ਕਾਰਵਾਈ ਪਰ ਪਿਲਾਉਣ ਵਾਲਿਆਂ ਖ਼ਿਲਾਫ਼ ਨਹੀਂ

Last Updated: Feb 14 2018 10:29

ਪਟਿਆਲਾ ਸ਼ਹਿਰ ਦੇ ਅਨਾਰਦਾਨਾ ਚੌਂਕ 'ਤੇ ਬਿਨਾਂ ਪਰਮਿਟ ਦੇ ਰੇਹੜੀ ਵਾਲਿਆਂ ਦੀ ਤਰਫ਼ ਤੋਂ ਸ਼ਰਾਬ ਪਿਲਾਉਣ ਦੀ ਖਬਰ ਤਾਂ ਪਹਿਲਾਂ ਹੀ ਸੁਰਖੀਆਂ ਬਣਾ ਚੁੱਕੀ ਹੈ ਪਰ ਹੁਣ ਸਬ ਡਿਵੀਜ਼ਨ ਸਮਾਣਾ 'ਚ ਵੀ ਲੋਕ ਇਨ੍ਹਾਂ ਰੇਹੜੀ ਵਾਲਿਆਂ ਦੀ ਮਨਮਰਜ਼ੀ ਤੋਂ ਪਰੇਸ਼ਾਨ ਹੋ ਗਏ ਹਨ। ਲੋਕਾਂ ਦੀ ਸ਼ਿਕਾਇਤਾਂ ਤੋਂ ਬਾਅਦ ਸ਼ਹਿਰ 'ਚ ਪੁਲਿਸ ਸ਼ਰਾਬੀਆਂ ਦੇ ਖ਼ਿਲਾਫ਼ ਤਾਂ ਐਕਸ਼ਨ ਲੈ ਰਹੀ ਹੈ ਪਰ ਜਿਹੜੇ ਰੇਹੜੀ ਵਾਲੇ ਬਿਨਾਂ ਕਿਸੇ ਪਰਮਿਸ਼ਨ ਖੁੱਲੀ ਸ਼ਰਾਬ ਪਿਲਾ ਰਹੇ ਹਨ, ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ, ਜਿਸ ਕਾਰਣ ਲੋਕ ਬਹੁਤ ਪਰੇਸ਼ਾਨ ਹਨ। ਸਮਾਣਾ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਕੀਟ ਦੇ ਵਿੱਚ ਜਿੰਨੇ ਵੀ ਮਾਸਾਹਾਰੀ ਚੀਜ਼ਾਂ ਖਵਾਉਣ ਵਾਲੀਆਂ ਰੇਹੜੀਆਂ ਹਨ, ਉਹ ਲੋਕਾਂ ਨੂੰ ਚਿਕਨ ਅਤੇ ਅੰਡਿਆਂ ਨਾਲ ਸ਼ਰਾਬ ਪਿਲਾ ਰਹੇ ਹਨ ਅਤੇ ਪੁਲਿਸ ਵੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ ਹੈ।

ਸ਼ਰਾਬੀ ਦਾਰੂ ਪੀ ਕੇ ਸੜਕਾਂ ਤੇ ਹੰਗਾਮੇ ਕਰਦੇ ਹਨ ਅਤੇ ਲੋਕਾਂ ਦੀ ਸ਼ਿਕਾਇਤ ਤੇ ਪੁਲਿਸ ਉਨ੍ਹਾਂ ਨੂੰ ਤਾਂ ਸਬਕ ਸਿਖਾਉਂਦੀ ਹੈ ਪਰ ਉਸੇ ਥਾਂ ਤੇ ਖੜੀ ਰੇਹੜੀਆਂ ਦੇ ਮਾਲਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੀ। ਲੋਕਾਂ ਨੇ ਪੁਲਿਸ ਤੇ ਇਲਜ਼ਾਮ ਲਗਾਇਆ ਹੈ ਕਿ ਉਹ ਵੀ ਇਨ੍ਹਾਂ ਰੇਹੜੀ ਵਾਲਿਆਂ ਨਾਲ ਮਿਲੇ ਹੋਏ ਹਨ। ਇਸ ਸਬੰਧ 'ਚ ਸਮਾਣਾ ਮਾਰਕੀਟ ਐਸੋਸੀਏਸ਼ਨ ਦੇ ਮੈਂਬਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਸ਼ਰਾਬ ਜ਼ਿਆਦਾਤਰ ਉਹੀ ਰੇਹੜੀ ਵਾਲੇ ਪਿਲਾ ਰਹੇ ਸਨ ਜੋ ਚਿਕਨ ਜਾਂ ਅੰਡੇ ਵੇਚਦੇ ਹਨ ਪਰ ਉਨ੍ਹਾਂ ਦੀ ਰੇਹੜੀਆਂ ਤੇ ਲੱਗੀ ਭੀੜ ਅਤੇ ਕਮਾਈ ਨੂੰ ਵੇਖ ਕੇ ਹੁਣ ਬਾਕੀ ਰੇਹੜੀ ਵਾਲਿਆਂ ਨੇ ਵੀ ਸ਼ਰਾਬ ਪਿਲਾਉਣੀ ਸ਼ੁਰੂ ਕਰ ਦਿੱਤੀ ਹੈ। ਮਾਰਕੀਟ ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮਾਣਾ ਵਾਸੀਆਂ ਨੂੰ ਸ਼ਰਾਬੀਆਂ ਅਤੇ ਬਿਨਾਂ ਪਰਮਿਟ ਸ਼ਰਾਬ ਪਿਲਾਉਣ ਵਾਲੀਆਂ ਇਨ੍ਹਾਂ ਰੇਹੜੀਆਂ, ਦੋਵਾਂ ਤੋਂ ਛੁਟਕਾਰਾ ਦਵਾਇਆ ਜਾਵੇ।