ਫੇਸਬੁੱਕ ਰਾਹੀਂ ਦੋਸਤੀ ਕਰਕੇ ਘਰੋਂ ਗਈ ਮਾਂ ਨੂੰ ਮਿਲਿਆ ਧੋਖਾ

Last Updated: Feb 14 2018 10:17

ਫੇਸਬੁੱਕ ਰਾਹੀਂ ਨੌਜਵਾਨ ਨਾਲ ਦੋਸਤੀ ਕਰਕੇ ਘਰੋਂ ਭੱਜੀ ਪਿੰਡ ਦਬੁਰਜੀ ਦੀ ਦੋ ਬੱਚਿਆਂ ਦੀ ਮਾਂ ਨੂੰ ਅਖੀਰ ਧੋਖਾ ਮਿਲਿਆ ਹੈ। ਹੁਣ ਉਸ ਨੇ ਵਿਆਹ ਤੋਂ ਮੁੱਕਰੇ ਨੌਜਵਾਨ ਖ਼ਿਲਾਫ਼ ਜ਼ਬਰੀ ਸਰੀਰਕ ਸਬੰਧ ਬਣਾਉਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਕੇਸ ਦਰਜ ਕਰਵਾਇਆ ਹੈ। ਪੁਲਿਸ ਨੇ ਇਹ ਮਾਮਲਾ ਪੀੜਤ ਔਰਤ ਦੇ ਬਿਆਨ 'ਤੇ ਅਵਤਾਰ ਸਿੰਘ ਪੁੱਤਰ ਮਾਨ ਸਿੰਘ ਵਾਸੀ ਲਾਹੌਰੀ ਗੇਟ ਕਪੂਰਥਲਾ ਖ਼ਿਲਾਫ਼ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ 'ਚ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ 2005 'ਚ ਬਲੜਾ ਵਾਸੀ ਸੁਖਵਿੰਦਰ ਨਾਲ ਹੋਇਆ ਸੀ ਤੇ ਉਸ ਦੇ ਦੋ ਬੱਚੇ ਹਨ। ਉਸ ਦਾ ਪਤੀ ਸੁਖਵਿੰਦਰ 2016 'ਚ ਸਪੇਨ ਚਲਾ ਗਿਆ।

ਮਗਰੋਂ ਫੇਸਬੁੱਕ ਰਾਹੀਂ ਇਸ ਮੁਲਜ਼ਮ ਜੋ ਦੁਬਈ ਰਹਿੰਦਾ ਸੀ, ਉਸ ਦੇ ਸੰਪਰਕ ਵਿੱਚ ਆਇਆ ਤੇ ਉਨ੍ਹਾਂ ਦੀ ਗੱਲ ਹੁੰਦੀ ਰਹੀ। ਸਤੰਬਰ 2017 'ਚ ਵਾਪਸ ਇੰਡੀਆ ਆਉਣ 'ਤੇ ਉਹ ਉਸ ਦੇ ਸਹੁਰੇ ਪਿੰਡ ਆ ਕੇ ਉਸ ਦਾ ਪਿੱਛਾ ਕਰਨ ਲੱਗ ਪਿਆ ਤੇ ਧਮਕਾਉਂਦੇ ਕਹਿਣ ਲੱਗਾ ਕਿ ਜੇ ਉਹ ਉਸ ਨੂੰ ਨਾ ਮਿਲੀ ਤਾਂ ਉਹ ਕੁਝ ਕਰ ਬੈਠੇਗਾ। 19 ਨਵੰਬਰ ਨੂੰ ਜਦੋਂ ਉਹ ਆਪਣੀ ਮਾਂ ਨੂੰ ਮਿਲਣ ਟਾਂਡਾ ਆਈ ਸੀ ਤਾਂ ਉਸ ਨੇ ਉਸ ਦਾ ਪਿੱਛਾ ਕਰਕੇ ਜ਼ਬਰੀ ਰੋਕ ਲਿਆ ਤੇ ਆਪਣੀਆਂ ਗੱਲਾਂ 'ਚ ਲੈ ਕੇ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਲਿਆ। ਪੀੜਤਾ ਨੇ ਦੋਸ਼ ਲਾਇਆ ਹੈ ਕਿ ਅਵਤਾਰ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਂਦਾ ਰਿਹਾ ਤੇ ਹੁਣ ਵਿਆਹ ਕਰਵਾਉਣ ਤੋਂ ਇਨਕਾਰੀ ਹੈ। ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।